ਲੰਡਨ ’ਚ ਕਥਾਵਾਚਕ ’ਤੇ ਹਮਲੇ ਸਬੰਧੀ ਪੰਥਕ ਜਥੇਬੰਦੀਆਂ ਨੇ SGPC ’ਤੇ ਕੱਸੇ ਨਿਸ਼ਾਨੇ

ਚੰਡੀਗੜ੍ਹ: ਪੰਥਕ ਜਥੇਬੰਦੀਆਂ ਨੇ ਕਥਾਵਾਚਕ ਭਾਈ ਅਮਰੀਕ ਸਿੰਘ ’ਤੇ ਇੰਗਲੈਂਡ ਦੇ ਲੰਡਨ ਵਿੱਚ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਪੰਥਕ ਤਾਲਮੇਲ ਸੰਗਠਨ ਦੇ ਮੁਖੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਤਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜੇ ਧਾਰਮਿਕ ਵਿਚਾਰਾਂ ਸਬੰਧੀ ਕਿਸੇ ਨੂੰ ਕੋਈ ਮਤਭੇਦ ਹੈ ਤਾਂ ਉਸ ਨੂੰ ਮਿਲ-ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਪਰ ਇੰਜ ਦਸਤਾਰ ਦੀ ਬੇਅਦਬੀ ਤੇ ਮਾਰਕੁੱਟ ਕਰਨੀ ਨਿੰਦਣਯੋਗ ਹੈ।

ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜੋ ਸਿੱਖ ਦੀ ਦਸਤਾਰ ਉਤਾਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਆਉਣ ਵਾਲੇ ਸਮੇਂ ’ਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਾਰਿਆਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ।

ਅਕਾਲ ਪੁਰਖ ਦੀ ਫ਼ੌਜ ਦੇ ਪ੍ਰਧਾਨ ਦਾ SGPC ਤੇ ਵਾਰ

ਅਕਾਲ ਪੁਰਖ ਦੀ ਫ਼ੌਜ ਦੇ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਵਿਚਾਰਾਂ ਵਿੱਚ ਮਤਭੇਦ ਹੋਣਾ ਵੱਡੀ ਗੱਲ ਨਹੀਂ ਪਰ ਵਿਚਾਰਕ ਮਤਭੇਦ ਲਈ ਕਿਸੇ ਸਿੱਖ ਦੀ ਦਸਤਾਰ ਲਾਹੁਣੀ ਬੇਹੱਦ ਗ਼ਲਤ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਰਾਜਨੀਤੀ ਹਾਵੀ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਸਿੱਖ ਵਿਰੋਧੀ ਚਿਹਰਿਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ।

ਇਸ ਮੁੱਦੇ ਨੂੰ ਉਨ੍ਹਾਂ 12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਮੁੱਦੇ ਨਾਲ ਜੋੜਦਿਆਂ ਕਿਹਾ ਕਿ ਇੱਕ ਕਿਤਾਬ ਦੇ ਸਿਲੇਬਸ ’ਚੋਂ ਸਿੱਖ ਇਤਿਹਾਸ ਘੱਟ ਕਰਨ ਨੂੰ ਐਸਜੀਪੀਸੀ ਤੇ ਸ੍ਰੀ ਅਕਾਲ ਤਖ਼ਤ ਪੰਥ ਨੂੰ ਖ਼ਤਰਾ ਦੱਸ ਰਹੇ ਹਨ ਪਰ ਹੁਣ ਕਥਾਵਾਚਕ ਭਾਈ ਅਮਰੀਕ ਸਿੰਘ ਦੀ ਦਸਤਾਰ ਦੀ ਦਸਤਾਰ ਸਬੰਧੀ ਹੋਈ ਘਟਨਾ ’ਤੇ ਉਨ੍ਹਾਂ ਨੂੰ ਪੰਥ ਖ਼ਤਰੇ ਵਿੱਚ ਨਹੀਂ ਜਾਪਦਾ, ਇਸ ਤੋਂ  ਸਾਫ਼-ਸਾਫ਼ ਸਿੱਧ ਹੁੰਦਾ ਹੈ ਕਿ ਘਟਨਾ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੈ।

Be the first to comment

Leave a Reply