ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਈ.ਡੀ. ਨੇ ਕੀਤਾ ਗ੍ਰਿਫ਼ਤਾਰ

ਫਾਰਮਾ ਕੰਪਨੀ ਰੈਨਬੈਕਸੀ ਅਤੇ ਫ਼ੋਰਟਿਜ਼ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਈ.ਡੀ. ਨੇ ਉਨ੍ਹਾਂ ਨੂੰ ਪੈਸੇ ਦੀ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐਫਐਲ) ‘ਚ ਪੈਸੇ ਦੀ ਕਥਿਤ ਦੁਰਵਰਤੋਂ ਦਾ ਦੋਸ਼ ਹੈ।

ਜ਼ਿਕਰਯੋਗ ਹੈ ਕਿ ਸ਼ਿਵਿੰਦਰ ਨੂੰ ਬੀਤੀ 10 ਅਕਤੂਬਰ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਗ੍ਰਿਫਤਾਰ ਕੀਤਾ ਸੀ। ਉਹ ਤਿਹਾੜ ਜੇਲ ‘ਚ ਬੰਦ ਸਨ। ਇਹ ਗ੍ਰਿਫਤਾਰੀ ਅਦਾਲਤ ਦੇ ਉਸ ਆਦੇਸ਼ ਤੋਂ ਬਾਅਦ ਕੀਤੀ ਗਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਜਾਂਚ ਮਹੱਤਵਪੂਰਨ ਗੇੜ ‘ਚ ਹੈ, ਇਸ ਲਈ ਮੁਲਜ਼ਮ ਦੀ ਹਿਰਾਸਤ ‘ਚ ਪੁੱਛਗਿੱਛ ਹੁਣ ਵੀ ਜਰੂਰੀ ਹੈ। ਸ਼ਿਵਿੰਦਰ ਨੇ ਦਿੱਲੀ ਦੀ ਇੱਕ ਅਦਾਲਤ ‘ਚ ਜਮਾਨਤ ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਜੱਜ ਵੱਲੋਂ ਰੱਦ ਕਰ ਦਿੱਤਾ ਗਿਆ। ਸ਼ਿਵਿੰਦਰ ਤੋਂ ਇਲਾਵਾ ਕਵੀ ਅਰੋੜਾ, ਸੁਨੀਲ ਗੋਧਵਾਨੀ ਅਤੇ ਅਨਿਲ ਸਕਸੈਨਾ ਨੂੰ ਵੀ ਗ੍ਰਿਫ਼ਤਰ ਕੀਤਾ ਗਿਆ ਸੀ।

ਸ਼ਿਵਿੰਦਰ ਰੈਲੀਏਗਰ ਫਿਨਵੈਸਟ ਦੇ ਸਾਬਕਾ ਪ੍ਰਮੋਟਰ ਹਨ। ਬਾਕੀ ਲੋਕ ਵੀ ਕੰਪਨੀ ਨਾਲ ਜੁੜੇ ਹੋਏ ਸਨ। ਸ਼ਿਕਾਇਤ ਮੁਤਾਬਕ ਸ਼ਿਵਿੰਦਰ ਸਿੰਘ ਅਤੇ ਹੋਰ ਲੋਕਾਂ ‘ਤੇ 740 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਇਸ ਮਾਮਲੇ ‘ਚ ਸ਼ਿਵਿੰਦਰ ਦੇ ਭਰਾ ਮਲਵਿੰਦਰ ਸਿੰਘ ਵੀ ਮੁਲਜ਼ਮ ਹਨ।

ਜ਼ਿਕਰਯੋਗ ਹੈ ਕਿ ਸਾਲ 2016 ‘ਚ ਦੋਵੇਂ ਭਰਾਵਾਂ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਫ਼ੋਰਬਜ਼ ਦੀ 100 ਅਮੀਰ ਭਾਰਤੀਆਂ ਦੀ ਸੂਚੀ ‘ਚ 92ਵਾਂ ਨੰਬਰ ਪ੍ਰਾਪਤ ਕੀਤਾ ਸੀ। ਉਸ ਸਮੇਂ ਦੋਹਾਂ ਦੀ ਜਾਇਦਾਦ 8864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਫ਼ੋਰਟਿਜ਼ ਦੇ ਬੋਰਡ ਦੀ ਮਨਜੂਰੀ ਤੋਂ ਬਗੈਰ 500 ਕਰੋੜ ਰੁਪਏ ਕਢਵਾ ਲਏ। ਫ਼ਰਵਰੀ 2018 ਤਕ ਮਲਵਿੰਦਰ ਫ਼ੋਰਟਿਜ਼ ਦੇ ਐਗਜ਼ੀਕਿਊਟਿਵ ਚੇਅਰਮੈਨ ਅਤੇ ਸ਼ਿਵਿੰਦਰ ਨਾਨ-ਐਗਜ਼ੀਕਿਊਟਿਵ ਵਾਈਸ ਚੇਅਰਮੈਨ ਸਨ। ਫੰਡ ਡਾਇਵਰਟ ਕਰਨ ਦੇ ਦੋਸ਼ਾਂ ਤੋਂ ਬਾਅਦ ਦੋਹਾਂ ਨੂੰ ਬੋਰਡ ਤੋਂ ਕੱਢ ਦਿੱਤਾ ਗਿਆ ਸੀ। ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਸਾਲ 1996 ‘ਚ ਫ਼ੋਰਟਿਜ਼ ਹੈਰਥਕੇਅਰ ਦੀ ਸ਼ੁਰੂਆਤ ਕੀਤੀ ਸੀ।

ਦੱਸ ਦਈਏ ਕਿ 43 ਸਾਲਾ ਸ਼ਿਵਿੰਦਰ ਆਪਣੇ ਵੱਡੇ ਭਰਾ ਮਾਲਵਿੰਦਰ ਤੋਂ ਤਿੰਨ ਸਾਲ ਛੋਟੇ ਹਨ। ਦੋਵੇਂ ਭਰਾਵਾਂ ਕੋਲ ਫ਼ੋਰਟਿਜ਼ ਹੈਲਥ ਕੇਅਰ ਦੇ ਕਰੀਬ 70 ਫ਼ੀ ਸਦੀ ਹਿੱਸੇਦਾਰੀ ਸੀ। ਉਨ੍ਹਾਂ ਦੇ ਦੇਸ਼ ਚ 2 ਦਰਜਨ ਤੋਂ ਵੀ ਜ਼ਿਆਦਾ ਹਸਪਤਾਲ ਹਨ। ਡਿਯੂਕ ਯੂਨੀਵਰਸਿਟੀ ਤੋਂ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼ਿਵਿੰਦਰ ਨੇ 18 ਸਾਲ ਪਹਿਲਾਂ ਕਾਰੋਬਾਰ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਸ਼ਿਵਿੰਦਰ ਨੇ ਗਣਿਤ ਵਿਚ ਡਿਗਰੀ ਵੀ ਹਾਸਲ ਕੀਤੀ ਹੈ।

ਅੰਕੜਿਆਂ ਚ ਉਨ੍ਹਾਂ ਨੂੰ ਬਹੁਤ ਤੇਜ਼ ਮੰਨਿਆ ਜਾਂਦਾ ਹੈ। ਉਹ ਦੂਨ ਸਕੂਲ ਤੇ ਸੇਂਟ ਸਟੀਫਨ ਕਾਲਜ ਤੋਂ ਪੜ੍ਹਾਈ ਕਰ ਚੁੱਕੇ ਹਨ। ਸ਼ਿਵਿੰਦਰ ਸਿੰਘ ਦੇ ਦਾਦਾ ਮੋਹਨ ਸਿੰਘ ਨੇ 1950 ਵਿਚ ਰਨਬੈਕਸੀ ਦੀ ਕਮਾਨ ਸਾਂਭੀ ਸੀ, ਜਿਸ ਦੀ ਵਿਰਾਸਤ ਉਨ੍ਹਾਂ ਦੇ ਬੇਟੇ ਪਰਵਿੰਦਰ ਸਿੰਘ ਨੂੰ ਮਿਲੀ। ਪਰਵਿੰਦਰ ਦੇ ਬੇਟੇ ਮਾਲਵਿੰਦਰ ਤੇ ਸ਼ਿਵਿੰਦਰ ਨੂੰ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਵੇਚ ਕੇ ਕੁਝ ਸਾਲ ਪਹਿਲਾਂ ਹਸਪਤਾਲ, ਟੈਸਟ ਲੈਬੋਰੇਟਰੀ, ਫਾਈਨਾਂਸ ਤੇ ਹੋਰ ਖੇਤਰਾਂ ਚ ਨਿਵੇਸ਼ ਕੀਤਾ। ਦੋਹਾਂ ਭਰਾਵਾਂ ਨੇ ਰੈਨਬੈਕਸੀ ਨੂੰ 10 ਹਜ਼ਾਰ ਕਰੋੜ ‘ਚ ਜਪਾਨੀ ਕੰਪਨੀ ਨੂੰ ਵੇਚਿਆ ਸੀ। ਅੱਜ ਗਰੁੱਪ ‘ਤੇ 13 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁਕਿਆ ਹੈ।

Be the first to comment

Leave a Reply