ਉਨ੍ਹਾਂ ਭਾਰਤ ਨੂੰ ਮਿਲੇ ਪਹਿਲੇ ਰਾਫੇਲ ਦਾ ਵਿਧੀ ਵਿਧਾਨ ਨਾਲ ਸ਼ਸਤਰ ਪੂਜਾ ਕਰ ਕੇ ਭਾਰਤੀ ਹਵਾਈ ਫ਼ੌਜ ਦੀ ਰਣਨੀਤਕ ਤਾਕਤ ‘ਚ ਹੋ ਰਹੇ ਵਾਧੇ ਦਾ ਸ਼ੰਖਨਾਦ ਕੀਤਾ। ਰਾਫੇਲ-ਆਰਬੀ 001 ‘ਚ ਅੱਧੇ ਘੰਟੇ ਦੀ ਉਡਾਣ ਭਰ ਕੇ ਰੱਖਿਆ ਮੰਤਰੀ ਨੇ ਭਾਰਤ ਦੀ ਵਧਦੀ ਫ਼ੌਜੀ ਸ਼ਕਤੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਰਾਫੇਲ ਦਾ ਅਰਥ ਹਿੰਦੀ ਵਿਚ ਹਨੇਰੀ ਹੈ ਅਤੇ ਉਮੀਦ ਹੈ ਕਿ ਇਹ ਜਹਾਜ਼ ਦੁਸ਼ਮਣਾਂ ਵਿਰੁੱਧ ਆਪਣੇ ਨਾਂ ਨੂੰ ਸਹੀ ਸਿੱਧ ਕਰੇਗਾ। ਰਾਫੇਲ ਮਿਲਣ ਦੇ ਨਾਲ ਹੀ ਭਾਰਤ-ਫਰਾਂਸ ਦੇ ਰਣਨੀਤਕ ਰਿਸ਼ਤਿਆਂ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਗਈ ਹੈ।

ਫਰਾਂਸ ਦੇ ਮੈਰੀਨੇਕ ਏਅਰਬੇਸ ‘ਤੇ ਰਾਫੇਲ ਬਣਾਉਣ ਵਾਲੀ ਕੰਪਨੀ ਦਾਸੋ ਤੇ ਫਰਾਂਸੀਸੀ ਰੱਖਿਆ ਮੰਤਰੀ ਦੀ ਮੌਜੂਦਗੀ ਵਿਚ ਮੰਗਲਵਾਰ ਨੂੰ ਹੋਏ ਸਮਾਗਮ ‘ਚ ਰਾਜਨਾਥ ਸਿੰਘ ਨੂੰ ਰਾਫੇਲ ਸੌਂਪਣ ਦੀ ਰਸਮ ਪੂਰੀ ਕੀਤੀ ਗਈ। ਭਾਰਤ ਨੂੰ ਰਾਫੇਲ ਮਿਲਣ ਨਾਲ ਦੱਖਣ ਏਸ਼ੀਆ ‘ਚ ਭਾਰਤ ਦਾ ਦਬਦਬਾ ਵਧੇਗਾ। ਪਾਕਿਸਤਾਨ ਵਰਗੇ ਗੁਆਂਢੀ ਦੇ ਨਾਪਾਕ ਇਰਾਦੇ ਪਸਤ ਹੋਣਗੇ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤੀ ਹਵਾਈ ਫ਼ੌਜ ਲਈ ਇਤਿਹਾਸਕ ਦਿਨ ਹੈ। ਭਾਰਤ ‘ਚ ਅੱਜ ਦੁਸਹਿਰਾ (ਵਿਜੇਦਸ਼ਮੀ) ਯਾਨੀ ਬਦੀ ‘ਤੇ ਨੇਕੀ ਦੀ ਜਿੱਤ ਦਾ ਦਿਨ ਹੈ। ਦੂਜੇ ਪਾਸੇ ਅੱਜ 87ਵਾਂ ਹਵਾਈ ਫ਼ੌਜ ਦਿਵਸ ਵੀ ਹੈ। ਰੱਖਿਆ ਮੰਤਰੀ ਨੇ ਕਿਹਾ, ‘ਸਾਡਾ ਫੋਕਸ ਹਵਾਈ ਫ਼ੌਜ ਦੀ ਸਮਰੱਥਾ ਵਧਾਉਣ ‘ਤੇ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰਾਫੇਲ ਜਹਾਜ਼ਾਂ ਦੀ ਸਪਲਾਈ ਨਿਸ਼ਚਤ ਕੀਤੀ ਗਈ ਸਮਾਂ ਹੱਦ ਵਿਚ ਮਿਲ ਜਾਵੇਗੀ।

ਰਾਫੇਲ ਹਾਸਲ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਭਾਰਤੀ ਪਰੰਪਰਾ ਤੇ ਵਿਧੀ ਵਿਧਾਨ ਨਾਲ ਸ਼ਸਤਰ ਪੂਜਾ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਨੇ ਜਹਾਜ਼ ਦੇ ਅਗਲੇ ਹਿੱਸੇ ‘ਤੇ ਸੰਧੂਰ ਦਾ ਤਿਲਕ ਲਾਇਆ ਤੇ ਓਮ ਲਿਖਿਆ। ਫੁਲ ਤੇ ਨਾਰੀਅਲ ਵੀ ਰੱਖੇ। ਪੂਜਾ ਵਿਧੀ ਅਨੁਸਾਰ ਜਹਾਜ਼ ਦੇ ਡੈਨੇ ‘ਤੇ ਰਾਜਨਾਥ ਸਿੰਘ ਨੇ ਰੱਖਿਆ ਸੂਤਰ ਬੰਨਿ੍ਹਆ। ਰਾਫੇਲ ਦੀ ਸ਼ਸਤਰ ਪੂਜਾ ਦੌਰਾਨ ਬੁਰੀ ਨਜ਼ਰ ਤੋਂ ਬਚਾਉਣ ਲਈ ਦੋਵਾਂ ਪਹੀਆਂ ਹੇਠਾਂ ਨਿੰਬੂ ਵੀ ਰੱਖੇ ਗਏ। ਪੂਜਾ ਤੋਂ ਬਾਅਦ ਰਾਜਨਾਥ ਸਿੰਘ ਨੇ ਰਾਫੇਲ ‘ਚ ਉਡਾਣ ਵੀ ਭਰੀ।

ਆਰਬੀ 001 ਦੇ ਭਾਰਤ ਆਉਣ ਦੀ ਪੁੱਠੀ ਗਿਣਤੀ ਸ਼ੁਰੂ

ਰਾਫੇਲ ਦੇ ਪਹਿਲੇ ਜਹਾਜ਼ ਆਰਬੀ 001 ਨੂੰ ਹਾਸਲ ਕਰਨ ਦੇ ਨਾਲ ਹੀ ਇਸ ਬੇਹੱਦ ਮਾਰੂ ਲੜਾਕੂ ਜੈੱਟ ਜਹਾਜ਼ ਦੇ ਭਾਰਤ ਆਉਣ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਭਾਰਤੀ ਹਵਾਈ ਫ਼ੌਜ ਦੇ ਪਾਇਲਟ ਰਾਫੇਲ ਉਡਾਉਣ ਤੇ ਇਸ ਦੇ ਤਕਨੀਕੀ ਪ੍ਰਬੰਧਨ ਦੀ ਸਿਖਲਾਈ ਹਾਸਲ ਕਰਨ ਲਈ ਪਹਿਲਾਂ ਹੀ ਫਰਾਂਸ ਪੁੱਜ ਗਏ ਹਨ।

ਰਾਫੇਲ ਤੋਂ 1500 ਘੰਟੇ ਦੀ ਉਡਾਣ ਪੂਰੀ ਕਰਨ ਪਿੱਛੋਂ ਇਸ ਜਹਾਜ਼ ਨੂੰ ਮਈ 2020 ‘ਚ ਭਾਰਤ ਲਿਆਂਦਾ ਜਾਵੇਗਾ। ਚਾਰ ਰਾਫੇਲ ਜਹਾਜ਼ਾਂ ਦਾ ਪਹਿਲੀ ਖੇਪ ਭਾਰਤੀ ਹਵਾਈ ਫ਼ੌਜ ਨੂੰ ਅਗਲੇ ਸਾਲ ਮਈ ਮਹੀਨੇ ‘ਚ ਮਿਲੇਗੀ। ਇਕ ਦਿਲਚਸਪ ਤੱਥ ਇਹ ਹੈ ਕਿ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਰਾਫੇਲ ਲੜਾਕੂ ਜਹਾਜ਼ ਦੇ ਪਿਛਲੇ ਹਿੱਸੇ ਯਾਨੀ ਟੇਲ ‘ਤੇ ਆਰਬੀ 001 ਲਿਖਿਆ ਹੈ। ਇਹ ਨਵੇਂ ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ ਦੇ ਨਾਂ ‘ਤੇ ਹੈ।

ਪਹਿਲੇ ਚਾਰ ਜਹਾਜ਼ ਅੰਬਾਲਾ ਏਅਰਬੇਸ ‘ਤੇ ਤਾਇਨਾਤ ਹੋਣਗੇ

ਭਾਰਤ ਨੂੰ ਮਿਲਣ ਵਾਲੇ 36 ਜਹਾਜ਼ਾਂ ਦੇ ਸੌਦੇ ਵਿਚੋਂ ਪਹਿਲੇ ਚਾਰ ਅੰਬਾਲਾ ਏਅਰਬੇਸ ‘ਤੇ ਤਾਇਨਾਤ ਕੀਤੇ ਜਾਣਗੇ। ਪਹਿਲਾਂ 16 ਰਾਫੇਲ ਨੂੰ ਹਵਾਈ ਫ਼ੌਜ ਦੀ 17ਵੀਂ ਸਕੁਆਰਡਨ ਗੋਲਡਨ ਏਰੋਜ਼ ‘ਚ ਸ਼ਾਮਲ ਕੀਤਾ ਜਾਵੇਗਾ। ਸਾਲ 1999 ਦੀ ਕਾਰਗਿਲ ਜੰਗ ਦੌਰਾਨ ਹੀਰੇ ਬਣ ਕੇ ਉਭਰੀ ਇਸ ਸਕੁਆਰਡਨ ਨੂੰ ਹਾਲ ਹੀ ਵਿਚ ਸੇਵਾ ਮੁਕਤ ਹੋਏ ਏਅਰ ਚੀਫ ਮਾਰਸ਼ਲ ਬੀਐੱਸ ਧਨੋਆ ਨੇ ਕਮਾਂਡ ਕੀਤਾ ਸੀ। ਅਪ੍ਰੈਲ 2022 ‘ਚ ਆਉਣ ਵਾਲੇ ਅਗਲੇ 16 ਜਹਾਜ਼ਾਂ ਨੂੰ ਪੱਛਮੀ ਬੰਗਾਲ ਦੇ ਹਾਸ਼ਿਮਾਰਾ ਏਅਰਬੇਸ ‘ਚ ਤਾਇਨਾਤ ਕੀਤਾ ਜਾਵੇਗਾ।

ਹਵਾਈ ਖੇਤਰ ‘ਚ ਗੇਮਚੇਂਜਰ ਸਾਬਤ ਹੋਵੇਗਾ

ਰਾਫੇਲ ਲੜਾਕੂ ਜਹਾਜ਼ ਭਾਰਤੀ ਹਵਾਈ ਫ਼ੌਜ ਦੀ ਮਾਰੂ ਸਮਰੱਥਾ ਕਈ ਗੁਣਾ ਵਧਾ ਦੇਵੇਗਾ। ਇਹ ਹਵਾਈ ਖੇਤਰ ਵਿਚ ਗੇਮਚੇਂਜਰ ਸਾਬਤ ਹੋਵੇਗਾ। ਰਾਫੇਲ ਪਾਕਿਸਤਾਨ ਤੇ ਚੀਨ ਤੋਂ ਹੋਣ ਵਾਲੇ ਹਵਾਈ ਹਮਲਿਆਂ ਦੇ ਖ਼ਤਰੇ ਨੂੰ ਰੋਕਣ ਤੇ ਉਸ ਦਾ ਟਾਕਰਾ ਕਰਨ ‘ਚ ਕਾਫ਼ੀ ਮਦਦਗਾਰ ਸਾਬਤ ਹੋਵੇਗਾ। ਸਾਫਟਵੇਅਰ ਪ੍ਰਮਾਣਿਕਤਾ ਕਾਰਨ ਵੀ ਸਾਰੇ 36 ਜੈੱਟ ਅਕਤੂਬਰ 2022 ਤਕ ਹੀ ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿਚ ਸ਼ਾਮਲ ਹੋ ਸਕਣਗੇ।