ਮਰੀਜ਼ ਨਾਲ ਧੋਖਾ ਕਰਨ ਵਾਲੇ ਕੈਨੇਡੀਅਨ ਡਾਕਟਰ ਦਾ ਸਰਟੀਫਿਕੇਟ ਹੋਇਆ ਸਸਪੈਂਡ

ਓਨਟਾਰੀਓ— ਕੈਨੇਡਾ ਦੇ ਇਕ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਇਕ ਬਜ਼ੁਰਗ ਮਰੀਜ਼ ਕੋਲੋਂ 10 ਹਜ਼ਾਰ ਡਾਲਰ ਦਾ ਕਰਜ਼ਾ ਲਿਆ ਸੀ, ਜੋ ਵਾਪਸ ਨਹੀਂ ਕੀਤਾ। ਜਾਣਕਾਰੀ ਮੁਤਾਬਕ ਡਾਕਟਰ ਨੇ ਕਿਹਾ ਸੀ ਕਿ ਉਸ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ ਅਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਓਨਟਾਰੀਓ ‘ਚ ‘ਦਿ ਕਾਲਜ ਆਫ ਫਿਜ਼ੀਸ਼ੀਅੰਸ ਐਂਡ ਸਰਜਨਜ਼’ ਦੇ ਇਸ ਡਾਕਟਰ ਨੂੰ 3 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਡਾਕਟਰ ਪੀਟਰ ਡਾਇਰਮੁਡ ਡੈਵੀਸਨ ਨੇ 90 ਸਾਲਾ ਮਰੀਜ਼ ਕੋਲੋਂ ਜੁਲਾਈ, 2016 ‘ਚ 10,000 ਡਾਲਰ ਲਏ ਸਨ। ਡਾਕਟਰ ਡੈਵੀਸਨ ਬਜ਼ੁਰਗ ਵਿਅਕਤੀ ਨੂੰ 1990 ਤੋਂ ਜਾਣਦਾ ਸੀ ਅਤੇ ਉਸ ਦਾ ਇਲਾਜ ਵੀ ਕਰਦਾ ਸੀ। ਡੈਵੀਸਨ ਨੇ ਕਿਹਾ ਕਿ ਉਸ ਦੀ ਆਰਥਿਕ ਸਥਿਤੀ ਖਰਾਬ ਹੋਣ ਕਾਰਨ ਉਹ ਆਪਣੇ ਦਫਤਰ ਦਾ ਕਿਰਾਇਆ ਨਹੀਂ ਦੇ ਸਕਦਾ ਅਤੇ ਬਜ਼ੁਰਗ ਉਸ ਦੀ ਮਦਦ ਕਰੇ ਅਤੇ ਬਜ਼ੁਰਗ ਨੇ ਅਜਿਹਾ ਹੀ ਕੀਤਾ। ਡੈਵੀਸਨ ਨੇ ਕਦੇ ਪੈਸੇ ਵਾਪਸ ਦੇਣ ਦਾ ਨਾਂ ਵੀ ਨਹੀਂ ਲਿਆ। ਪਰਿਵਾਰ ਵਾਲਿਆਂ ਦੇ ਕਹਿਣ ‘ਤੇ ਇਸ ਮਾਮਲੇ ਦੀ ਜਾਂਚ ਹੋਈ ਅਤੇ 1 ਮਈ, 2018 ਤੋਂ ਇਸ ਡਾਕਟਰ ਦਾ ਸਰਟੀਫਿਕੇਟ 3 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕਿਹਾ ਗਿਆ ਕਿ ਡੈਵੀਸਨ ਨੂੰ ਇਕ ਮਹੀਨੇ ਦੇ ਅੰਦਰ 5,500 ਡਾਲਰ ਵਾਪਸ ਦੇਣੇ ਪੈਣਗੇ ਅਤੇ ਇਸ ਦੇ ਬਾਅਦ ਬਾਕੀ ਦੀ ਰਕਮ ਵੀ ਵਾਪਸ ਦੇਣੀ ਪਵੇਗੀ।

Be the first to comment

Leave a Reply