ਭਾਰਤ ਨੇ ਇੰਗਲੈਂਡ ਨੂੰ ਪਹਿਲੇ ਵਨ ਡੇ ‘ਚ 8 ਵਿਕਟਾਂ ਨਾਲ ਹਰਾਇਆ

ਨਾਟਿੰਘਮ— ਖੱਬੇ ਹੱਥ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੇ ਕਰੀਅਰ ਦੀ ਸਰਵਸ਼੍ਰੇਸਠ ਗੇਂਦਬਾਜ਼ੀ ਤੋਂ ਬਾਅਦ ਰੋਹਿਤ ਸ਼ਰਮਾ ਦੇ 18ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਪਹਿਲੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀਆਂ 269 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ ਨੇ 114 ਗੇਂਦਾਂ ਵਿਚ 4 ਛੱਕਿਆਂ ਅਤੇ 15 ਚੌਕਿਆਂ ਦੀ ਮਦਦ ਨਾਲ ਅਜੇਤੂ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ (82 ਗੇਂਦਾਂ ‘ਚ 75 ਦੌੜਾਂ, 7 ਚੌਕੇ) ਦੇ ਨਾਲ ਉਸ ਦੀ ਰੋਹਿਤ ਨਾਲ ਦੂਸਰੇ ਵਿਕਟ ਦੀ 167 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ 9.5 ਓਵਰ ਬਾਕੀ ਰਹਿੰਦੇ 2 ਵਿਕਟਾਂ ‘ਤੇ 269 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।

ਰੋਹਿਤ ਨੇ ਸ਼ਿਖਰ ਧਵਨ (40) ਦੇ ਨਾਲ ਪਹਿਲੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਪਹਿਲਾਂ ਕੁਲਦੀਪ ਨੇ 25 ਦੌੜਾਂ ‘ਤੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਮੇਜ਼ਬਾਨ ਟੀਮ ਚੰਗੀ ਸ਼ੁਰੂਆਤ ਦੇ ਬਾਵਜੂਦ 49.5 ਓਵਰਾਂ ‘ਤੇ 268 ਦੌੜਾਂ ‘ਤੇ ਢੇਰ ਹੋ ਗਈ।
ਉਮੇਸ਼ ਯਾਦਵ ਨੇ 70 ਦੌੜਾਂ ਦੇ ਕੇ 2, ਜਦਕਿ ਯੁਜਵੇਂਦਰ ਚਾਹਲ ਨੇ 51 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ। ਇੰਗਲੈਂਡ ਲਈ ਜੋਸ ਬਟਲਰ (53) ਅਤੇ ਬੇਨ ਸਟੋਕਸ (50) ਨੇ ਅਰਧ-ਸੈਂਕੜਾ ਜੜਨ ਤੋਂ ਇਲਾਵਾ 5ਵੀਂ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।
ਸੀਰੀਜ਼ ਦਾ ਦੂਸਰਾ ਮੈਚ 14 ਜੁਲਾਈ ਨੂੰ ਲੰਡਨ ਦੇ ਲਾਰਡਸ ਵਿਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਜੇਸਨ ਰਾਏ (38) ਅਤੇ ਜਾਨੀ ਬੇਅਰਸਟੋ (38) ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 10.2 ਓਵਰਾਂ ਵਿਚ 73 ਦੌੜਾਂ ਜੋੜ ਕੇ ਇੰਗਲੈਂਡ ਨੂੰ ਚੰਗੀ ਸ਼ੁਰੂਆਤ ਦਿਵਾਈ। ਇੰਗਲੈਂਡ ਦੀ ਟੀਮ ਆਖਰੀ 22 ਓਵਰਾਂ ਵਿਚ 115 ਦੌੜਾਂ ਹੀ ਬਣਾ ਸਕੀ, ਜਦਕਿ ਇਸ ਦੌਰਾਨ ਸਿਰਫ 6 ਚੌਕੇ ਅਤੇ 2 ਛੱਕੇ ਲੱਗੇ।

ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਇੰਗਲੈਂਡ ਵਿਰੁੱਧ ਆਪਣੇ 10 ਓਵਰਾਂ ਵਿਚ 6 ਵਿਕਟਾਂ ਲਈਆਂ। ਇਸ ਤਰ੍ਹਾਂ ਕਰ ਕੇ ਉਹ ਇੰਗਲੈਂਡ ਦੀ ਧਰਤੀ ‘ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਦੁਨੀਆ ਦਾ ਪਹਿਲਾ ਸਪਿਨਰ ਬਣ ਗਿਆ ਹੈ। ਉਸ ਤੋਂ ਪਹਿਲਾਂ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੇ ਏਜਬੇਸਟਨ ਦੇ ਮੈਦਾਨ ‘ਤੇ ਕੀਨੀਆ ਵਿਰੁੱਧ 5 ਵਿਕਟਾਂ ਲਈਆਂ ਸਨ। ਕੁਲਦੀਪ ਨੇ ਇਸ ਦੇ ਨਾਲ ਹੀ ਭਾਰਤ ਵੱਲੋਂ ਬਤੌਰ ਸਪਿਨਰ ਸਰਵਸ਼੍ਰੇਸਠ ਪ੍ਰਦਰਸ਼ਨ ਕਰਨ ਦੇ ਹਰਭਜਨ ਦੇ ਰਿਕਾਰਡ (31/5) ਨੂੰ ਵੀ ਪਿੱਛੇ ਛੱਡ ਦਿੱਤਾ। ਜ਼ਿਕਰਯੋਗ ਹੈ ਕਿ ਪੂਰੇ ਮੈਚ ਵਿਚ ਕੁਲਦੀਪ ਨੂੰ ਇਕ ਵੀ ਬਾਊਂਡਰੀ ਨਹੀਂ ਲੱਗੀ।

Be the first to comment

Leave a Reply