ਭਾਰਤ ਦੇ ਕੇਂਦਰੀ ਮੰਤਰੀਆਂ ਦੀ ਮੁਲਜ਼ਮਾਂ ਨਾਲ ਹਮਦਰਦੀ ਦਾ ਸਬੱਬ ਕੀ ਹੈ?

(ਭਾਰਤੀ ਰਾਜਨੀਤੀ:ਮੁਸਲਮਾਨਾਂ ਵਿੱਚ ਹਿੰਦੂਆਂ ਦਾ ਡਰ ਅਤੇ ਹਿੰਦੂਆਂ ਵਿੱਚ ਮੁਸਲਮਾਨਾਂ ਦਾ ਡਰ ਬਣਿਆ ਰਹੇ !
ਕਾਤਲਾਂ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਵੱਡੇ ਕੌਮੀ ਹੀਰੋ ਬਣਾਇਆ ਜਾ ਰਿਹੈ!)
*ਰਾਜੇਸ਼ ਜੋਸ਼ੀ -ਰੇਡੀਓ ਸੰਪਾਦਕ, ਬੀਬੀਸੀ

ਇਨ੍ਹਾਂ ਮੰਤਰੀਆਂ ਦੀ ਸਾਦਗੀ ਪੇ ਕੌਨ ਨਾ ਮਰ ਜਾਏ ਐ ਖ਼ੁਦਾ, ਲੜਤੇ ਹੈਂ ਪਰ ਹਾਥ ਮੇਂ ਤਲਵਾਰ ਭੀ ਨਹੀਂ! ਜਦੋਂ ਭੀੜ ਦੇ ਰੂਪ ਵਿੱਚ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਮੂੰਹ ਮਿੱਠਾ ਕਰਵਾਉਂਦੇ ਅਤੇ ਹਾਰ ਪਾਉਂਦੇ ਕਿਸੇ ਕੇਂਦਰੀ ਮੰਤਰੀ ਦੀ ਤਸਵੀਰ ਭਾਰਤੀ ਲੋਕਤੰਤਰ ਲਈ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਸੀ। ਪਰ ਕੇਂਦਰੀ ਮੰਤਰੀ ਜਯੰਤ ਸਿਨਹਾ ਇਸ ਨੂੰ ਦੇਸ ਦੀ ਨਿਆਂ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਦਾ ਸਬੂਤ ਦੱਸ ਰਹੇ ਹਨ।
ਕਤਲ ਦੇ ਇਲਜ਼ਾਮ ਵਿੱਚ ਫੜੇ ਗਏ ਲੋਕਾਂ ਦਾ ਜਨਤਕ ਸਵਾਗਤ ਕਰਨ ਵਾਲੇ ਜਯੰਤ ਸਿਨਹਾ ਨਰਿੰਦਰ ਮੋਦੀ ਕੈਬਨਿਟ ਦੇ ਇਕੱਲੇ ਮੰਤਰੀ ਨਹੀਂ ਹਨ।ਇਸ ਤੋਂ ਪਹਿਲਾਂ ਵੀ ਦੇਸ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਹੇਸ਼ ਸ਼ਰਮਾ ਨੇ ਲਿੰਚਿੰਗ ਦੇ ਇੱਕ ਮੁਲਜ਼ਮ ਦੀ ਮੌਤ ਸਮੇਂ ਉਸਦੀ ਲਾਸ਼ ਦੇ ਸਾਹਮਣੇ ਨਮਸਕਾਰ ਕੀਤਾ ਸੀ ਅਤੇ ਮੁਹੰਮਦ ਅਖ਼ਲਾਕ ਦੀ ਮੌਤ ਨੂੰ ਮਾਮੂਲੀ ਘਟਨਾ ਦੱਸਿਆ ਸੀ।
ਰਾਜਸਥਾਨ ਦੇ ਸੀਨੀਅਰ ਭਾਜਪਾ ਆਗੂ ਅਤੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਪਿਛਲੇ ਸਾਲ ਗਊ-ਰੱਖਿਅਕ ਭੀੜ ਹੱਥੋਂ ਖੁੱਲ੍ਹੀ ਸੜਕ ਉੱਪਰ ਮਾਰੇ ਗਏ ਪਹਿਲੂ ਖ਼ਾਨ ਦੇ ਕਤਲ ਮੌਕੇ ਦੋਹਾਂ ਪੱਖਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਉਨ੍ਹਾਂ ਨੇ ਇਸ ਨੂੰ ਸਾਧਾਰਣ ਜਿਹੀ ਘਟਨਾ ਕਹਿਣ ਦੀ ਕੋਸ਼ਿਸ਼ ਕੀਤੀ।
ਜਦੋਂ ਕਤਲ ਦੇ ਮੁਲਜ਼ਮਾਂ ਦੇ ਨਾਲ ਸਰਕਾਰ ਦੇ ਨੁਮਾਇੰਦੇ ਖੜ੍ਹੇ ਦਿਸਣ ਤਾਂ ਸ਼ਰ੍ਹੇਆਮ ਕਤਲ ਕੀਤੇ ਗਏ ਲੋਕਾਂ ਨੂੰ ਇਨਸਾਫ਼ ਦੀ ਕਿੰਨੀ ਕੁ ਉਮੀਦ ਬਚਦੀ ਹੈ?
ਹੁਣ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਉਦੋਂ ਰੋਣ ਲੱਗ ਪਏ ਜਦੋਂ ਉਹ ਦੰਗਾ ਭੜਕਾਉਣ ਦੇ ਇਲਜ਼ਾਮ ਵਿੱਚ ਬਿਹਾਰ ਦੀ ਨਵਾਦਾ ਜੇਲ੍ਹ ਵਿੱਚ ਬੰਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਾਰਕੁਨਾਂ ਦੀ ਮਿਜ਼ਾਜਪੁਰਸ਼ੀ ਕਰਨ ਗਏ ਸਨ।
ਬਾਅਦ ਵਿੱਚ ਉਨ੍ਹਾਂ ਆਪਣੇ ਹੰਝੂ ਪੂੰਝਦਿਆਂ ਉਨ੍ਹਾਂ ਨੇ ਨੀਤੀਸ਼ ਕੁਮਾਰ ਦੀ ਸਰਕਾਰ ਉੱਪਰ ਹਿੰਦੂਆਂ ਨੂੰ ਦੱਬਣ ਦਾ ਇਲਜ਼ਾਮ ਲਾਇਆ।
ਇਨ੍ਹਾਂ ਮੰਤਰੀਆਂ ਦੀ ‘ਸਾਦਗੀ ਪੇ ਕੌਨ ਨਾ ਮਰ ਜਾਏ ਐ ਖ਼ੁਦਾ, ਲੜਤੇ ਹੈਂ ਪਰ ਹਾਥ ਮੇਂ ਤਲਵਾਰ ਭੀ ਨਹੀਂ!
ਜਦੋਂ ਕੇਂਦਰ ਸਰਕਾਰ ਅਤੇ ਸੂਬਿਆਂ ਦੇ ਮੰਤਰੀ ਹੀ ਲਿੰਚਿੰਗ ਅਤੇ ਭੀੜ ਹੱਥੋਂ ਹੋਏ ਕਤਲਾਂ ਉੱਤੇ ਪੋਚੇ ਮਾਰਦੇ ਦਿਸਣ ਤਾਂ ਕਲਪਨਾ ਕਰੋ ਕਿ ਲਾਠੀ-ਸੋਟੀ ਦੇ ਜ਼ੋਰ ਨਾਲ ਬਣਾਈਆਂ ਗਈਆਂ ਗਊ ਰੱਖਿਆ ਕਮੇਟੀਆਂ ਵਾਲਿਆਂ ਦੀ ਛਾਤੀ ਕਿੰਨੀ ਚੌੜੀ ਹੋ ਜਾਂਦੀ ਹੋਵੇਗੀ।
ਪਿਛਲੇ ਸਾਲ 29 ਜੂਨ ਨੂੰ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਕਥਿਤ ਗਊ-ਰਾਖਿਆਂ ਦੀ ਇੱਕ ਭੀੜ ਨੇ 55 ਸਾਲਾਂ ਦੇ ਇੱਕ ਅਲੀਮੁਦੀਨ ਅੰਸਾਰੀ ਦਾ ਪਿੱਛਾ ਕੀਤਾ ਅਤੇ ਬਜ਼ਾਰਟਾਂਕ ਇਲਾਕੇ ਵਿੱਚ ਪਹਿਲਾਂ ਉਨ੍ਹਾਂ ਦੀ ਵੈਨ ਨੂੰ ਅੱਗ ਲਾਈ ਅਤੇ ਫੇਰ ਦਿਨ ਦਿਹਾੜੇ ਸਾਰਿਆਂ ਦੇ ਸਾਹਮਣੇ ਉਨ੍ਹਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।ਕਾਤਲ ਭੀੜ ਨੂੰ ਸ਼ੱਕ ਸੀ ਕਿ ਅਲੀਮੁਦੀਨ ਅੰਸਾਰੀ ਆਪਣੀ ਗੱਡੀ ਵਿੱਚ ਗਾਂ ਦਾ ਮਾਸ ਸਪਲਾਈ ਕਰ ਰਹੇ ਸਨ। ਅਜਿਹਾ ਹੀ ਸ਼ੱਕ ਦਿੱਲੀ ਕੋਲ ਦਾਦਰੀ ਦੇ ਮੁਹੰਮਦ ਅਖ਼ਲਾਕ ਉੱਪਰ ਹਮਲਾ ਕਰਨ ਵਾਲੀ ਹਿੰਸਕ ਭੀੜ ਨੂੰ ਹੋਇਆ ਸੀ।

ਇਸ ਵਾਰ ਭੀੜ ਨੇ ਉਨ੍ਹਾਂ ਲੋਕਾਂ ਦਾ ਕਤਲ ਨਹੀਂ ਕੀਤਾ ਸੀ ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੈਮੀਨਾਰ ਵਿੱਚ ਕਿਹਾ ਸੀ ਕਿ ‘ਇਹ ਲੋਕ ਤਾਂ ਗਊ ਰੱਖਿਅਕਾਂ ਦੇ ਨਾਮ ਉੱਤੇ ਦੁਕਾਨਾਂ ਖੋਲ੍ਹ ਕੇ ਬੈਠੇ ਹਨ।*

ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਲੋਕ ਇਸ ਹਿੰਸਕ ਭੀੜ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗ ਰਹੇ ਸਨ। ਅਲੀਮੁਦੀਨ ਅੰਸਾਰੀ ਦੇ ਕਤਲ ਦੇ ਇਲਜ਼ਾਮ ਵਿੱਚ ਫਾਸਟ ਟ੍ਰੈਕ ਅਦਾਲਤ ਨੇ ਜਿਨ੍ਹਾਂ 11 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਉਨ੍ਹਾਂ ਵਿੱਚ ਭਾਜਪਾ ਦੇ ਸਥਾਨਕ ਆਗੂ ਨਿਤਿਆਨੰਦ ਮਹਤੋ, ਗਊ-ਰੱਖਿਅਕ ਸਮਿਤੀ ਅਤੇ ਬਜਰੰਗ ਦਲ ਦੇ ਕਾਰਕੁਨ ਸ਼ਾਮਿਲ ਸਨ।
ਜਯੰਤ ਸਿਨਹਾ ਪੜ੍ਹੇ ਲਿਖੇ ਅਰਥ ਸ਼ਾਸਤਰੀ ਹਨ ਜਿਨ੍ਹਾਂ ਕੌਮਾਂਤਰੀ ਪ੍ਰਸਿੱਧੀ ਹਾਸਲ ਹਾਰਵਰਡ ਸਕੂਲ ਆਫ਼ ਬਿਜ਼ਨਸ ਤੋਂ ਪੜ੍ਹਾਈ ਕੀਤੀ ਹੈ।
ਕਤਲ ਦੇ ਇਲਜ਼ਾਮ ਵਿੱਚ ਸਜ਼ਾ ਯਾਫਤਾ ਇਨ੍ਹਾਂ ਲੋਕਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਆਪਣੇ ਘਰ ਸੱਦ ਕੇ ਇਸ ਤਰ੍ਹਾਂ ਸਨਮਾਨਿਤ ਕੀਤਾ ਜਿਵੇਂ ਉਹ ਕਤਲ ਦੇ ਮੁਲਜ਼ਮ ਨਹੀਂ ਸਗੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਕੋਈ ਵੱਡੇ ਕੌਮੀ ਹੀਰੋ ਹੋਣ।

ਜਦੋਂ ਕਤਲ ਦੇ ਮੁਲਜ਼ਮਾਂ ਦੇ ਨਾਲ ਸਰਕਾਰ ਦੇ ਨੁਮਾਇੰਦੇ ਖੜ੍ਹੇ ਦਿਸਣ ਤਾਂ ਦਾਦਰੀ ਵਿੱਚ ਭੀੜ ਹੱਥੋਂ ਮਾਰੇ ਗਏ ਮੁਹੰਮਦ ਅਖ਼ਲਾਕ ਜਾਂ ਰਾਮਗੜ੍ਹ ਵਿੱਚ ਸ਼ਰ੍ਹੇਆਮ ਕਤਲ ਕੀਤੇ ਗਏ ਅਲੀਮੁਦੀਨ ਅੰਸਾਰੀ ਨੂੰ ਇਨਸਾਫ਼ ਦੀ ਕਿੰਨੀ ਕੁ ਉਮੀਦ ਬਚਦੀ ਹੈ?

‘ਹਾਰਵਰਡ ਤੋਂ ਪਰਤੇ ਆਗੂ ਹਿੰਦੂਤਵ ਸਿਆਸਤ ਤੋਂ ਜਾਣੂ ਹਨ!’

ਮਹੇਸ਼ ਸ਼ਰਮਾ ਅਤੇ ਜਯੰਤ ਸਿਨਹਾ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੰਵਿਧਾਨ ਬਾਰੇ ਨਿਸ਼ਠਾ ਦੀ ਸਹੁੰ ਖਾਣ ਤੋਂ ਬਾਅਦ ਕੇਂਦਰ ਸਰਕਾਰ ਵਿੱਚ ਜ਼ਿੰਮੇਵਾਰ ਅਹੁਦੇ ਉੱਤੇ ਰਹਿੰਦਿਆਂ ਕੋਈ ਵਿਅਕਤੀ ਜੁਰਮ ਦੀ ਹਮਾਇਤ ਨਹੀਂ ਕਰ ਸਕਦਾ।ਇਸ ਲਈ ਕਤਲ ਦੇ ਮੁਲਜ਼ਮਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਹਨ ਅਤੇ ਨਾਲ ਦੀ ਨਾਲ ਵਿਵਾਦਾਂ ਤੋਂ ਬਚਣ ਲਈ ਦਸਤਬਰਦਾਰੀ ਵੀ ਜਾਰੀ ਕਰ ਦਿੰਦੇ ਹਨ ਕਿ ‘ਇਸ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ ਅਤੇ ਕਿਸੇ ਵੀ ਜਿਉਂਦੇ ਜਾਂ ਮਰੇ ਵਿਅਕਤੀ ਨਾਲ ਸਮਰੂਪਤਾ ਸਿਰਫ਼ ਇੱਕ ਸੰਜੋਗ ਹੀ ਹੋਵੇਗਾ’।

ਜਯੰਤ ਸਿਨਹਾ ਨੇ ਵੀ ਸ਼ਨਿੱਚਰਵਾਰ ਨੂੰ ਟਵੀਟ ਕਰ ਦਿੱਤਾ- ਮੈਂ ਹਰ ਤਰ੍ਹਾਂ ਦੀ ਹਿੰਸਾ ਦੀ ਸਾਫ਼ ਤੌਰ ਉੱਤੇ ਨਿੰਦਾ ਕਰਦਾ ਹਾਂ ਅਤੇ ਕਾਨੂੰਨ ਹੱਥ ਵਿੱਚ ਲੈਣ ਦੀ ਹਰ ਕਿਸਮ ਦੀ ਕਾਰਵਾਈ ਨੂੰ ਖਾਰਜ ਕਰਦਾ ਹਾਂ।
ਇਸ ਦੇ ਉਲਟ ਸੱਚ ਤਾਂ ਇਹ ਸੀ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਹਾਰ ਪਾਏ ਜਿਨ੍ਹਾਂ ਉੱਪਰ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਦਮੀ ਨੂੰ ਮਾਰਨ ਦਾ ਇਲਜ਼ਾਮ ਹੈ ਅਤੇ ਹਾਈ ਕੋਰਟ ਨੇ ਹਾਲੇ ਤੱਕ ਉਨ੍ਹਾਂ ਨੂੰ ਕਤਲ ਦੇ ਕੇਸ ਤੋਂ ਬਰੀ ਨਹੀਂ ਕੀਤਾ, ਸਿਰਫ਼ ਜ਼ਮਾਨਤ ਦਿੱਤੀ ਹੈ।
ਸਿਆਸਤ ਕਰਨ ਵਾਲਿਆਂ ਨੂੰ ਸਟੀਕ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਤੋਂ ਜਨਤਾ ਨੂੰ ਕੀ ਸੰਦੇਸ਼ ਜਾਂਦਾ ਹੈ ਅਤੇ ਇਸ ਦਾ ਕਿੰਨਾ ਲਾਭ ਹੋਵੇਗਾ।
ਇਸ ਦੇਸ ਵਿੱਚ ਸੰਵਿਧਾਨ ਅਤੇ ਕਾਨੂੰਨ ਕਰਕੇ ਕਈ ਵਾਰ ਉਹ ਆਪਣੇ ਹੱਥ ਬੱਝੇ ਮਹਿਸੂਸ ਕਰਦੇ ਹਨ, ਫੇਰ ਵੀ ਅਜਿਹੀਆਂ ਦਸਤਬਰਦਾਰੀਆਂ ਦੇ ਕੇ ਆਪਣੀ ਗੱਲ ਕਹਿ ਦਿੰਦੇ ਹਨ ਜਿਸ ਨਾਲ ਕਾਨੂੰਨ ਦੀ ਉਲੰਘਣਾ ਹੁੰਦਾ ਵੀ ਨਾ ਦਿਖੇ ਅਤੇ ਤੀਰ ਨਿਸ਼ਾਨੇ ‘ਤੇ ਵੀ ਜਾ ਲੱਗੇ।

ਜਯੰਤ ਸਿਨਹਾ ਨੇ ਕਿਸੇ ਬਜਰੰਗ ਦਲ ਦੀ ਸ਼ਾਖ਼ਾ ਤੋਂ ਸਿਆਸਤ ਨਹੀਂ ਸਿੱਖੀ। ਉਹ ਬੇਹੱਦ ਪੜ੍ਹੇ ਲਿਖੇ ਅਰਥ ਸ਼ਾਸਤਰੀ ਹਨ ਜਿਨ੍ਹਾਂ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਹਾਰਵਰਡ ਸਕੂਲ ਆਫ਼ ਬਿਜ਼ਨਸ ਤੋਂ ਪੜ੍ਹਾਈ ਕੀਤੀ ਹੈ।

ਸਿਆਸਤ ਕਰਨ ਵਾਲਿਆਂ ਨੂੰ ਸਟੀਕ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਕੰਮ ਤੋਂ ਜਨਤਾ ਨੂੰ ਕੀ ਸੰਦੇਸ਼ ਜਾਂਦਾ ਹੈ ਅਤੇ ਇਸ ਦਾ ਕਿੰਨਾ ਲਾਭ ਹੋਵੇਗਾ।
ਫੇਰ ਵੀ ਉਨ੍ਹਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀ ਸਿਆਸਤ ਉਹ ਕਰ ਰਹੇ ਹਨ, ਉਸ ਵਿੱਚ ਉਨ੍ਹਾਂ ਨੂੰ ਬਜਰੰਗ ਦਲ ਅਤੇ ਗੌਰਕਸ਼ਾ ਸਮਿਤੀਆਂ ਦੇ ਲੱਠਮਾਰਾਂ ਦੀ ਲੋੜ ਪਵੇਗੀ। ਇਸ ਲਈ ਉਹ ਲਿੰਚਿੰਗ ਦੇ ਮੁਲਜ਼ਮਾਂ ਦੇ ਬਰੀ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪ ਹੀ ਬਰੀ ਕਰ ਰਹੇ ਹਨ।

‘ਪ੍ਰਧਾਨ ਮੰਤਰੀ ਦੀ ਝਿੜਕ ਅਤੇ ਮੰਤਰੀਆਂ ਦੀ ਪੁਚਕਾਰ’
ਇਸ ਦਾ ਸਿੱਧਾ ਕਾਰਨ ਹੈ ਕਿ ਇਸ ਦੇਸ ਦੀ ਰਗ-ਰਗ ਵਿੱਚ ਹਿੰਦੂਤਵੀ ਸਿਆਸਤ ਦੀ ਦੌਰਾ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਡਾਂਗ-ਸੋਟੇ ਵਾਲੇ ਗਊ-ਰਾਖਿਆਂ ਦਾ ਦਬਦਬਾ ਸੜਕਾਂ ਉੱਪਰ ਬਣਿਆ ਰਹੇ।

ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਹਰ ਕੰਮ ਅਤੇ ਕਾਰਵਾਈ ਨੂੰ ਜਾਇਜ਼ ਠਹਿਰਾਇਆ ਜਾਵੇ, ਜਾਂ ਫੇਰ ਫੜੇ ਜਾਣ ‘ਤੇ ਉਨ੍ਹਾਂ ਨੂੰ ਬੇਕਸੂਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਗੱਲ ਦਾ ਧਿਆਨ ਵੀ ਰੱਖਿਆ ਜਾਵੇ ਕਿ ਗਊ-ਰਾਖੀ ਦੇ ਯਤਨਾਂ ਵਿੱਚ ਹੋਏ ਅਜਿਹੇ ਜੁਰਮਾਂ ਕਰਕੇ ਉਨ੍ਹਾਂ ਦਾ ਮਨੋਬਲ ਨਾ ਘਟੇ।
ਜੇ ਗਊ-ਰਾਖਿਆਂ ਦਾ ਮਨੋਬਲ ਘਟਿਆ ਜਾਂ ਉਨ੍ਹਾਂ ਦੇ ਕਾਨੂੰਨੀ, ਗੈਰ-ਕਾਨੂੰਨੀ ਕੰਮਾਂ ਨੂੰ ਸਰਕਾਰ ਦਾ ਸਿੱਧੀ ਜਾਂ ਅਸਿੱਧੀ ਹਮਾਇਤ ਨਾ ਮਿਲੀ ਤਾਂ ਫੇਰ ਉਹ ਇਸ ਸਰਕਾਰ ਨੂੰ ਬਣਾਈ ਰੱਖਣ ਲਈ ਆਪਣੀ ਜਾਨ ਦਾ ਖ਼ਤਰਾ ਮੁੱਲ ਕਿਉਂ ਲੈਣਗੇ?

ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਗਊ-ਰਾਖਿਆਂ ਦੀਆਂ ਕਾਰਵਾਈਆਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖ਼ਤ ਪ੍ਰਸ਼ਾਸਨ ਵਾਲੀ ਦਿੱਖ ਨੂੰ ਧੱਬਾ ਨਾ ਲੱਗੇ।
ਇਸ ਲਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਦਾ ਹੈ ਕਿ ਕਥਿਤ ਗਊ-ਰਾਖਿਆਂ ਕਰਕੇ ਉਨ੍ਹਾਂ ਦੀ ਬਦਨਾਮੀ ਜ਼ਿਆਦਾ ਹੋ ਰਹੀ ਹੈ ਤਾਂ ਉਹ ਕਿਸੇ ਸੈਮੀਨਾਰ ਵਿੱਚ ਗਊ-ਰਾਖਿਆਂ ਨੂੰ ਦੋ-ਚਾਰ ਗੱਲਾਂ ਸੁਣਾ ਕੇ ਰਿਕਾਰਡ ਠੀਕ ਕਰ ਲੈਂਦੇ ਹਨ।

ਡਾਂਗ-ਸੋਟੇ ਦੇ ਦਮ ਉੱਤੇ ਗਊ-ਰੱਖਿਆ ਸਮਿਤੀਆਂ ਚਲਾਉਣ ਵਾਲੇ ਜਾਣਦੇ ਹਨ ਕਿ ਅਜਿਹੀਆਂ ਕਾਰਵਾਈਆਂ ਦੀ ਆਲੋਚਨਾ ਕਰਨਾ ਪ੍ਰਧਾਨ ਮੰਤਰੀ ਦੀ ਸੰਵਿਧਾਨਕ ਮਜਬੂਰੀ ਹੈ ਇਸ ਲਈ ਉਹ ਜਯੰਤ ਸਿਨਹਾ ਅਤੇ ਗੁਲਾਬ ਚੰਦ ਕਟਾਰੀਆ ਵੱਲੋਂ ਆਉਣ ਵਾਲੇ ਅਜਿਹੇ ਸੰਦੇਸ਼ਾਂ ਕਰਕੇ ਮਾਣ ਨਾਲ ਫੁੱਲ ਜਾਂਦੇ ਹਨ ਅਤੇ ਮੋਦੀ ਦੀ ਘੁਰਕੀ ਨੂੰ ਮਿੱਠੀ ਝਿੜਕ ਸਮਝ ਕੇ ਮੁਸਕਰਾ ਦਿੰਦੇ ਹਨ।
‘ਕੀ ਪ੍ਰਧਾਨ ਮੰਤਰੀ ਦੀ ਝਿੜਕ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਪੁਚਕਾਰ ਇੱਕ ਹੀ ਰਣਨੀਤੀ ਦਾ ਹਿੱਸਾ ਹਨ?’

ਪ੍ਰਧਾਨ ਮੰਤਰੀ ਦੀ ਝਿੜਕ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਪੁਚਕਾਰ ਇੱਕ ਹੀ ਰਣਨੀਤੀ ਦਾ ਹਿੱਸਾ ਹਨ।ਜਦੋਂ ਬਹੁਤ ਆਲੋਚਨਾ ਹੋਣ ਲੱਗੇ ਤਾਂ ਪ੍ਰਧਾਨ ਮੰਤਰੀ ਝਿੜਕ ਦੇਣ ਪਰ ਗਊ-ਰਾਖਿਆਂ ਦੇ ਹਰੇਕ ਕਾਲੇ-ਚਿੱਟੇ ਕੰਮ ਨੂੰ ਲਗਾਤਾਰ ਜਾਇਜ਼ ਠਹਿਰਾਇਆ ਜਾਵੇ, ਮੰਤਰੀ ਉਨ੍ਹਾਂ ਦੀ ਪਿੱਠ ਥਾਪੜੀ ਜਾਣ, ਗਊ-ਰਾਖੇ ਸੜਕਾਂ ਉੱਪਰ ਦਿਨ-ਰਾਤ ਆਉਣ-ਜਾਣ ਵਾਲੇ ਟਰੱਕਾਂ ਦੀ ਤਲਾਸ਼ੀ ਲੈਂਦੇ ਰਹਿਣ ਅਤੇ ਜੇ ਕੋਈ ਉਨ੍ਹਾਂ ਵਿੱਚ ਗਾਂ-ਮੱਝ ਲਿਜਾ ਰਿਹਾ ਹੋਵੇ ਤੇ ਕੋਈ ਇਕੱਲਾ ਅਤੇ ਕਮਜ਼ੋਰ ਮੁਸਲਮਾਨ ਮਿਲ ਜਾਵੇ ਤਾਂ ਉਸ ਨੂੰ ਉਸੇ ਸਮੇਂ ਸੜਕ ਉੱਪਰ ਹੀ ਕੁੱਟ-ਕੁੱਟ ਕੇ ਮਾਰਨ ਲਈ ਤਿਆਰ ਰਹਿਣ।ਇਸੇ ਤਰ੍ਹਾਂ ਮੁਸਲਮਾਨਾਂ ਦੇ ਦਿਲ ਵਿੱਚ ਹਿੰਦੂਆਂ ਦੀ ਤਾਕਤ ਦਾ ਡਰ ਕਾਇਮ ਰੱਖਿਆ ਜਾ ਸਕੇਗਾ।
ਮੁਸਲਮਾਨਾਂ ਵਿੱਚ ਡਰ ਕਾਇਮ ਕਰਨਾ ਉਸ ਸਿਆਸਤ ਦੀ ਮਜਬੂਰੀ ਅਤੇ ਉਦੇਸ਼ ਹੈ ਜਿਸ ਕੋਲ ਹਿੰਦੂਆਂ ਨੂੰ ਇੱਕਜੁੱਟ ਕਰਕੇ ਸਿਆਸੀ ਤਾਕਤ ਵਿੱਚ ਬਦਲਣ ਦਾ ਕੋਈ ਫਾਰਮੂਲਾ ਹੈ ਹੀ ਨਹੀਂ।

ਜਦੋਂ ਤੱਕ ਉਹ ਮੁਸਲਮਾਨਾਂ ਦੇ ਇੱਕ ਵੱਡੇ ਹਿੱਸੇ ਨੂੰ ਹਿੰਦੂਆਂ ਅਤੇ ਭਾਰਤ ਦੇ ਦੁਸ਼ਮਣ ਵਜੋਂ ਨਿਸ਼ਾਨਦੇਹ ਕਰਨ ਵਿੱਚ ਸਫ਼ਲ ਨਹੀਂ ਹੁੰਦੇ ਉਸ ਸਮੇਂ ਤੱਕ ਉਹ ਜਾਤੀਆਂ ਵਿੱਚ ਵੰਡੇ ਹਿੰਦੂ ਸਮਾਜ ਨੂੰ ਕਿਸਦੇ ਖ਼ਿਲਾਫ਼ ਇੱਕਜੁਟ ਕਰਨਗੇ?
ਉਨ੍ਹਾਂ ਨੇ ਇਹ ਸਾਬਤ ਕਰਨਾ ਹੈ ਕਿ ਮੁਸਲਮਾਨ ਅਸਲ ਵਿੱਚ ਇਸ ਦੇਸ ਅਤੇ ਹਿੰਦੂਆਂ ਖਿਲਾਫ਼ ਸਾਜਿਸ਼ ਕਰਦੇ ਰਹਿੰਦੇ ਹਨ ਅਤੇ ਵਾਰ-ਵਾਰ ਹਿੰਦੂ ਉਨ੍ਹਾਂ ਦੀ ਸਾਜਿਸ਼ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ।

ਸਾਰੇ ਕਿਸਮ ਦੇ ਕੱਟੜਪੰਥੀਆਂ, ਹਿੰਸਕਾਂ, ਰੂੜੀਵਾਦੀਆਂ, ਔਰਤ-ਵਿਰੋਧੀਆਂ ਅਤੇ ਤਰੱਕੀ ਪਸੰਦ ਇਸਲਾਮੀ ਸੰਗਠਨਾਂ ਅਤੇ ਵਿਅਕਤੀਆਂ ਨੂੰ ਇਕੱਠਿਆਂ ਰਾਸ਼ਟਰ ਭਗਤੀ ਦੇ ਪੱਤਲ ਉੱਪਰ ਪਰੋਸ ਕੇ ਪੇਸ਼ ਕੀਤਾ ਜਾਂਦਾ ਹੈ।

ਇਸ ਲਿਸਟ ਵਿੱਚ ਸੁਵਿਧਾ ਮੁਤਾਬਕ ਕਦੇ ਕਸ਼ਮੀਰ ਦੇ ਪੱਥਰਬਾਜ਼ਾਂ ਦਾ ਨਾਮ ਜੁੜ ਜਾਂਦਾ ਹੈ ਤਾਂ ਕਦੇ ਪਾਕਿਸਤਾਨ ਦੇ ਹਾਫਿਜ਼ ਸਈਦ, ਲਸ਼ਕਰੇ ਤਇਬਾ, ਹਿਜ਼ਬੁਲ ਮੁਜਾਹਿਦੀਨ, ਆਈਐਸਆਈ, ਸੀਰੀਆ ਦੇ ਇਸਲਾਮਿਕ ਸਟੇਟ, ਭਾਰਤ ਵਿੱਚ ਗਾਂ-ਮੱਝ ਦਾ ਵਪਾਰ ਕਰਨ ਵਾਲੇ ਮੁਸਲਮਾਨ, ਹਿੰਦੂ ਲੜਕੀਆਂ ਨਾਲ ਵਿਆਹ ਕਰਕੇ ਧਰਮ ਬਦਲਣ ਵਿੱਚ ਲੱਗੇ ਮੁਸਲਮਾਨ, ਹਿੰਦੂਆਂ ਤੋਂ ਜ਼ਿਆਦਾ ਬੱਚੇ ਪੈਦਾ ਕਰਕੇ ਆਪਣੀ ਆਬਾਦੀ ਵਧਾਉਣ ਵਾਲੇ ਮੁਸਲਮਾਨ ਵੀ।
ਮੁਸਲਮਾਨਾਂ ਵਿੱਚ ਹਿੰਦੂਆਂ ਦਾ ਡਰ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਹਿੰਦੂਆਂ ਵਿੱਚ ਵੀ ਮੁਸਲਮਾਨਾਂ ਦਾ ਡਰ ਬਣਿਆ ਰਹੇ।-ਧੰਨਵਾਦ ਸਹਿਤ ਬੀ.ਬੀ.ਸੀ ।

Be the first to comment

Leave a Reply