ਭਾਰਤ ‘ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਅਮਰੀਕਾ ਨਾਲੋਂ 20 ਗੁਣਾ ਬਿਹਤਰ

ਭਾਰਤ ‘ਚ ਕੋਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ ਅਮਰੀਕਾ ਨਾਲੋਂ 20 ਗੁਣਾ ਵਧੀਆ ਹੈ। ਅਮਰੀਕਾ ‘ਚ ਜਦੋਂ ਕੋਰੋਨਾ ਲਾਗ ਦੇ ਕੁਲ ਕੇਸ 1 ਲੱਖ ਸਨ, ਉਦੋਂ ਸਿਰਫ਼ 2% ਲੋਕ ਬਿਮਾਰੀ ਤੋਂ ਠੀਕ ਹੋਏ ਸਨ, ਜਦਕਿ ਭਾਰਤ ‘ਚ ਲਗਭਗ 40% ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਵਿਸ਼ਵ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਲੋਕਾਂ ਦੀ ਠੀਕ ਹੋਣ ਦੀ ਦਰ ਕਾਫ਼ੀ ਵੱਧ ਹੈ।

ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਵੀ ਟਵੀਟ ਕਰਕੇ ਦੱਸਿਆ ਕਿ ਸਾਡੀ ਸਥਿਤੀ ਇਸ ਨਾਲੋਂ ਕਿਤੇ ਬਿਹਤਰ ਹੈ। ਉਨ੍ਹਾਂ ਲਿਖਿਆ ਕਿ ਦੇਸ਼ ‘ਚ ਪ੍ਰਤੀ 10 ਲੱਖ ਲੋਕਾਂ ‘ਚੋਂ ਸਿਰਫ਼ 2 ਲੋਕਾਂ ਦੀ ਮੌਤ ਹੋ ਰਹੀ ਹੈ, ਜਦਕਿ ਅਮਰੀਕਾ ‘ਚ ਇਹ ਗਿਣਤੀ 275 ਅਤੇ ਸਪੇਨ ‘ਚ 591 ਹੈ। ਭਾਰਤ ‘ਚ ਮੌਤ ਦੀ ਦਰ ਲਗਭਗ 3% ਹੈ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਦੁਨੀਆਂ ਭਰ ‘ਚ ਜੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਗੱਲ ਕਰੀਏ ਤਾਂ ਅਮਰੀਕਾ ‘ਚ 2%, ਰੂਸ ‘ਚ 11%, ਇਟਲੀ ‘ਚ 14%, ਤੁਰਕੀ ‘ਚ 18%, ਫਰਾਂਸ ‘ਚ 21%, ਸਪੇਨ ‘ਚ 22%, ਜਰਮਨੀ ‘ਚ 29% ਅਤੇ ਭਾਰਤ ‘ਚ ਕੋਰੋਨਾ ਦੇ 40% ਮਰੀਜ਼ ਹੁਣ ਤਕ ਠੀਕ ਹੋ ਚੁੱਕੇ ਹਨ।

ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਵਿੱਚ ਸਹੀ ਸਮੇਂ ਕੋਰੋਨਾ ਦੇ ਸਬੰਧ ‘ਚ ਜ਼ਰੂਰੀ ਕਦਮ ਚੁੱਕੇ ਗਏ ਹਨ। ਹਸਪਤਾਲਾਂ ‘ਚ ਸਹੂਲਤਾਂ ‘ਚ ਤੇਜ਼ੀ ਨਾਲ ਵਾਧਾ ਕੀਤਾ ਗਿਆ। ਇਸ ਕਾਰਨ ਕੋਰੋਨਾ ਲਾਗ ਦੇਰ ਨਾਲ ਫੈਲੀ ਅਤੇ ਸਿਹਤ ਸਹੂਲਤਾਂ ਪਹਿਲਾਂ ਹੀ ਉਪਲੱਬਧ ਹੋਣ ਕਾਰਨ ਸਹੀ ਇਲਾਜ ਮਿਲਿਆ। ਜਾਗਰੂਕਤਾ ਕਾਰਨ ਲੋਕ ਹਸਪਤਾਲਾਂ ‘ਚ ਛੇਤੀ ਪਹੁੰਚੇ ਅਤੇ ਆਪਣਾ ਇਲਾਜ ਕਰਵਾਇਆ। ਭਾਰਤ ‘ਚ ਨੌਜਵਾਨਾਂ ਦੀ ਗਿਣਤੀ ਵੱਧ ਅਤੇ ਉਨ੍ਹਾਂ ਦੀ ਇਮਿਊਨਿਟੀ ਸਿਸਟਮ ਮਜ਼ਬੂਤ ਹੋਣ ਕਾਰਨ ਵੀ ਬੀਮਾਰੀ ਨਾਲ ਮੁਕਾਬਲੇ ‘ਚ ਮਦਦ ਮਿਲੀ ਹੈ।

Be the first to comment

Leave a Reply