ਭਾਰਤ:ਫ਼ਰਾਂਸ ਕੋਲੋਂ ਮਹਿੰਗਾ ਜਹਾਜ਼ ਕਿਉਂ?

ਫ਼ਰਾਂਸ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਆ ਕੇ ਰਾਫ਼ੇਲ ਜਹਾਜ਼ਾਂ ਬਾਰੇ ਵਿਰੋਧੀ ਧਿਰ ਦੀ ਜ਼ੁਬਾਨ ਬੰਦ ਕਰਵਾਉਣ ਵਿਚ ਕੇਂਦਰ ਸਰਕਾਰ ਦਾ ਸਾਥ ਦਿਤਾ ਹੈ। ਰਾਫ਼ੇਲ ਜਹਾਜ਼ਾਂ ਦੀ ਵਧੀ ਹੋਈ ਕੀਮਤ ਬਾਰੇ ਕਾਂਗਰਸ ਜਾਣਕਾਰੀ ਚਾਹੁੰਦੀ ਸੀ। ਜੋ ਸੌਦਾ ਹੁਣ ਭਾਜਪਾ ਸਰਕਾਰ ਵਲੋਂ ਹੋਇਆ ਹੈ, ਉਹ 58 ਹਜ਼ਾਰ ਕਰੋੜ ਦਾ ਹੋਇਆ ਹੈ। ਪਿਛਲੀ ਕਾਂਗਰਸ ਸਰਕਾਰ ਇਸ ਨੂੰ ਇਕ ਤਿਹਾਈ ਕੀਮਤ ਤੇ ਕਰਨਾ ਚਾਹੁੰਦੀ ਸੀ ਪਰ ਭਾਜਪਾ ਨੇ ਸੱਤਾ ਵਿਚ ਆਉਂਦੇ ਹੀ ਉਸ ਸੌਦੇ ਨੂੰ ਸੱਭ ਤੋਂ ਵੱਡੀ ਗ਼ਲਤੀ ਕਹਿ ਕੇ ਰੱਦ ਕਰ ਦਿਤਾ ਸੀ। ਪਰ ਹੁਣ ਉਸੇ ਜਹਾਜ਼ ਨੂੰ ਤਿੰਨ ਗੁਣਾਂ ਵੱਧ ਕੀਮਤ ਤੇ ਖ਼ਰੀਦਿਆ ਜਾ ਰਿਹਾ ਹੈ। ਕਾਂਗਰਸ ਇਸ ਕੀਮਤ ਦੇ ਵਧਾਏ ਜਾਣ ਬਾਰੇ ਜਾਣਕਾਰੀ ਮੰਗ ਰਹੀ ਸੀ। ਫ਼ਰਾਂਸ ਅਤੇ ਭਾਰਤ ਨੇ ਇਕ ਨਵੇਂ ਗੁਪਤ ਸਮਝੌਤੇ ਤੇ ਹਸਤਾਖਰ ਕਰ ਦਿਤੇ ਹਨ ਜਿਸ ਨਾਲ ਹੁਣ ਦੋਵੇਂ ਸਰਕਾਰਾਂ ਇਸ ਸੌਦੇ ਜਾਂ ਕਿਸੇ ਹੋਰ ਸੌਦੇ ਬਾਰੇ ਜਾਣਕਾਰੀ ਬਾਹਰ ਨਹੀਂ ਕੱਢ ਸਕਦੀਆਂ। ਇਸ ਦਾ ਕਾਰਨ ਇਹ ਦਸਿਆ ਗਿਆ ਹੈ ਕਿ ਕਿਸੇ ਨੂੰ ਭਾਰਤ ਦੀ ਜੰਗ ਲੜਨ ਦੀ ਤਾਕਤ ਬਾਰੇ ਸਹੀ ਅੰਦਾਜ਼ਾ ਨਾ ਲੱਗ ਸਕੇ।
ਫ਼ਰਾਂਸ ਅਪਣੇ ਰਾਫ਼ੇਲ ਜਹਾਜ਼ ਸਿਰਫ਼ ਭਾਰਤ ਨੂੰ ਹੀ ਨਹੀਂ ਬਲਕਿ ਹੋਰ ਕਈ ਦੇਸ਼ਾਂ ਨੂੰ ਵੀ ਵੇਚਦਾ ਹੈ ਅਤੇ ਜ਼ਾਹਰ ਹੈ ਕਿ ਉਹ ਅਜਿਹੀਆਂ ਸਾਰੀਆਂ ਸਰਕਾਰਾਂ ਜਾਂ ਸੌਦੇ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਅਪਣੇ ਜਹਾਜ਼ ਦੀ ਕਾਬਲੀਅਤ ਬਾਰੇ ਦਸਦੇ ਹੋਣਗੇ। ਦੂਜੀ ਗੱਲ ਕਿ ਇਹ ਜੋ ਜਹਾਜ਼ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦੀ ਹਥਿਆਰ ਹੁੰਦੇ ਹਨ, ਉਹ ਇਸਤੇਮਾਲ ਕਰਨ ਲਈ ਨਹੀਂ ਹੁੰਦੇ, ਸਗੋਂ ਅਪਣੇ ਦੁਸ਼ਮਣਾਂ ਨੂੰ ਅਪਣੀ ਤਾਕਤ ਦਾ ਪ੍ਰਦਰਸ਼ਨ ਕਰ ਕੇ ਡਰਾਉਣ ਵਾਸਤੇ ਹੁੰਦੇ ਹਨ। ਆਖ਼ਰਕਾਰ ਕਿਸੇ ਤਾਕਤਵਰ ਨਾਲ ਜੰਗ ਕੌਣ ਚਾਹੁੰਦਾ ਹੈ? ਛੁਪਾਉਣ ਦਾ ਕੰਮ ਤਾਂ ਕਮਜ਼ੋਰ ਕਰਦੇ ਹਨ ਜੋ ਅਪਣੀ ਕਮਜ਼ੋਰੀ ਨੂੰ ਦੁਸ਼ਮਣ ਤੋਂ ਲੁਕਾ ਕੇ ਰਖਣਾ ਚਾਹੁੰਦੇ ਹਨ। ਇਸ ਗੁਪਤ ਸਮਝੌਤੇ ਤੋਂ ਕੀ ਫ਼ਾਇਦਾ ਹੋਇਆ ਹੈ – ਸਿਵਾਏ ਕਾਂਗਰਸ ਦੇ ਪ੍ਰਗਟਾਵੇ ਦਾ ਰਾਹ ਬੰਦ ਕਰਨ ਦੇ, ਸਮਝ ਤੋਂ ਬਾਹਰ ਹੈ? -ਨਿਮਰਤ ਕੌਰ

Be the first to comment

Leave a Reply