ਭਾਰਤੀ ਗਣਤੰਤਰ ਦੀ ਦਸ਼ਾ ਤੇ ਦਿਸ਼ਾ

ਕੌਮੀ ਰਾਜਧਾਨੀ ਦੇ ਬਾਹਰਵਾਰ ਬੱਸ ਵਿੱਚ ਜਾ ਰਹੇ ਸਕੂਲੀ ਬੱਚਿਆਂ ਦੀ ਮਾਰਕੁੱਟ ਕੀਤੀ ਜਾਂਦੀ ਹੈ। ਸੜਕਾਂ ਉੱਤੇ ਹਿੰਸਾ ਚੱਲ ਰਹੀ ਹੈ। ਕਾਰਾਂ ਨੂੰ ਅੱਗ ਲਾਈ ਜਾ ਰਹੀ ਹੈ। ਵੱਡੇ ਵਾਹਨਾਂ ਦੇ ਸ਼ੀਸ਼ੇ ਭੰਨੇ ਜਾ ਰਹੇ ਹਨ। ਇਹ ਸਭ ਕੁਝ ਉਸ ਫਿਲਮ ਦੇ ਪ੍ਰਦਰਸ਼ਨ ਖ਼ਿਲਾਫ਼ ਕੀਤਾ ਜਾ ਰਿਹਾ ਹੈ ਜਿਸ ਨੂੰ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀਬੀਐੱਫਸੀ) ਪ੍ਰਦਰਸ਼ਨ ਲਈ ਪਾਸ ਕਰ ਚੁੱਕਾ ਹੈ ਅਤੇ ਜਿਸ ਦੀ ਦੇਸ਼ ਭਰ ਵਿੱਚ ਸਕਰੀਨਿੰਗ ਨੂੰ ਸੁਪਰੀਮ ਕੋਰਟ ਮਨਜ਼ੂਰੀ ਦੇ ਚੁੱਕਾ ਹੈ। ਇਹ ਕੁਝ ਉਸ ਮੁਲਕ ਵਿੱਚ ਵਾਪਰ ਰਿਹਾ ਹੈ ਜਿਸ ਨੇ ਆਪਣੇ ਸੰਵਿਧਾਨ ਦੇ ਲਾਗੂ ਹੋਣ ਦੀ ਵਰ੍ਹੇਗੰਢ ਅੱਜ ਕੌਮੀ ਰਾਜਧਾਨੀ ਵਿੱਚ ਇੱਕ ਸ਼ਾਨਦਾਰ ਪਰੇਡ ਰਾਹੀਂ ਮਨਾਉਣੀ ਹੈ। ਇਸ ਪਰੇਡ ਵਿੱਚ ਗਣਤੰਤਰ ਦੇ ਵੱਖ ਵੱਖ ਰੰਗਾਂ, ਇਸ ਦੀ ਸੱਭਿਆਚਾਰਕ ਤੇ ਧਾਰਮਿਕ ਬਹੁਲਤਾ, ਇਸ ਦੀ ਵਿਰਾਸਤੀ ਅਮੀਰੀ, ਇਸ ਦੀ ਆਰਥਿਕ ਤੇ ਵਿਗਿਆਨਕ ਪ੍ਰਗਤੀ ਅਤੇ ਇਸ ਦੀ ਸੈਨਿਕ ਸ਼ਕਤੀ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ। ਚੰਗਾ ਹੋਵੇ ਜੇਕਰ ਸਾਡੀ ਅਸਹਿਣਸ਼ੀਲਤਾ, ਸਾਡੀ ਹੁੱਲੜਬਾਜ਼ੀ ਤੇ ਸਾਡੀ ਫ਼ਸਾਦੀ ਬਿਰਤੀ ਦੀਆਂ ਕੁਝ ਝਾਕੀਆਂ ਵੀ ਇਸ ਪਰੇਡ ਦਾ ਮੁਆਇਨਾ ਕਰਨ ਆਏ 10 ਆਸੀਆਨ ਮੁਲਕਾਂ ਦੇ ਮੁਖੀਆਂ ਸਾਹਮਣੇ ਪੇਸ਼ ਕੀਤੀਆਂ ਜਾਣ। ਸਾਡੇ ਗਣਤੰਤਰ ਦਾ ਇਹ ਲੱਛਣ ਇਸ ਵੇਲੇ ਪੰਜ ਵੱਡੇ ਰਾਜਾਂ ਵਿੱਚ ਸਭ ਤੋਂ ਉੱਘੜਵੇਂ ਰੂਪ ਵਿੱਚ ਸਭ ਦੇ ਸਾਹਮਣੇ ਹੈ। ਇਸ ਨੂੰ ਵੀ ਕੌਮੀ ਪਰੇਡ ਦਾ ‘ਸ਼ਿੰਗਾਰ’ ਬਣਾਉਣ ਤੋਂ ਝਿਜਕ ਕਿਉਂ?
ਹੁੱਲੜਬਾਜ਼ੀ ਤੇ ਫ਼ਸਾਦਜ਼ਨੀ ਦੇ ਜਿਨ੍ਹਾਂ ਦ੍ਰਿਸ਼ਾਂ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ, ਉਹ ਸਾਡੇ ਜਮਹੂਰੀ ਪ੍ਰਬੰਧ ਵਿੱਚ ਅਪਵਾਦ ਨਹੀਂ ਰਹੇ। ਅਜਿਹੀ ਦ੍ਰਿਸ਼ਾਵਲੀ ਦੇ ਬਾਵਜੂਦ ਸਾਨੂੰ ਇਹ ਤਸੱਲੀ ਹੋਣੀ ਚਾਹੀਦੀ ਹੈ ਕਿ ਜਮਹੂਰੀਅਤ ਹੁਣ ਸਾਡੇ ਖ਼ੂਨ ਵਿੱਚ ਇਸ ਹੱਦ ਤਕ ਵੱਸ ਚੁੱਕੀ ਹੈ ਕਿ ਖ਼ਾਮੋਸ਼ ਬਹੁਗਿਣਤੀ, ਸਿਆਸੀ ਤੇ ਸਮਾਜਿਕ ਦੁਫੇੜ ਲਈ ਹੁੱਲੜਬਾਜ਼ ਅਨਸਰਾਂ ਨੂੰ ਵਰਤਣ ਵਾਲੀਆਂ ਸਿਆਸੀ ਜਮਾਤਾਂ ਨੂੰ ਬਖ਼ਸ਼ਦੀ ਨਹੀਂ। ਉਹ ਜਮਹੂਰੀਅਤ ਨਾਲ ਹੋਈਆਂ ਵਧੀਕੀਆਂ ਦਾ ਵੋਟਾਂ ਵਾਲੇ ਦਿਨ ਬਦਲਾ ਜ਼ਰੂਰ ਲੈਂਦੀ ਹੈ।
ਕੇਂਦਰ ਸਰਕਾਰ ਨੇ ਦੋ ਦਿਨਾਂ ਤੋਂ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਹੋਈ ਹਿੰਸਾ, ਅੱਗਜ਼ਨੀ ਤੇ ਗੁੰਡਾਗਰਦੀ ਰੋਕਣ ਦੀ ਜ਼ਿੰਮੇਵਾਰੀ ਤੋਂ ਆਪਣਾ ਪੱਲਾ ਸਿਰਫ਼ ਇੱਕ ਫ਼ਿਕਰਾ ਵਰਤ ਕੇ ਝਾੜ ਲਿਆ ਕਿ ‘ਅਮਨ ਕਾਨੂੰਨ ਦੀ ਵਿਵਸਥਾ ਰਾਜ ਸਰਕਾਰਾਂ ਦਾ ਕੰਮ ਹੈ’। ਉਸ ਤੋਂ ਸਿਰਫ਼ ਏਨਾ ਹੀ ਪੁੱਛਣਾ ਬਣਦਾ ਹੈ ਕਿ ਉਸ ਨੇ ਕਿਸੇ ਵੀ ਰਾਜ ਸਰਕਾਰ ਨੂੰ ਕੀ ਕੋਈ ਤਾੜਨਾ ਕੀਤੀ ਹੈ, ਜਾਂ ਨਰਮ ਸ਼ਬਦਾਂ ਵਿੱਚ ‘ਮਸ਼ਵਰਾ’ ਜਾਰੀ ਕੀਤਾ ਹੈ? ਜੇਕਰ ਇਹ ਰਾਜ, ਭਾਜਪਾ ਦੀਆਂ ਸਰਕਾਰਾਂ ਵਾਲੇ ਨਾ ਹੁੰਦੇ ਤਾਂ ਕੀ ਕੇਂਦਰ ਦਾ ਰੁਖ਼ ਅਜਿਹਾ ਹੀ ਹੋਣਾ ਸੀ? ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਸਭ ਨੁਕਸਾਂ ਦੇ ਬਾਵਜੂਦ ਭਾਰਤੀ ਗਣਤੰਤਰ ਅੰਦਰ ਬੜੀ ਜਾਨਦਾਰ ਰੂਹ ਧੜਕਦੀ ਹੈ। ਵੋਟਾਂ ਵਾਲਾ ਦਿਨ ਭਾਵੇਂ ਸਵਾ ਸਾਲ ਦੂਰ ਹੈ, ਪਰ ਇਹ ਰੂਹ ਗਣਤੰਤਰ ਦਿਵਸ ਤੋਂ ਪੂਰਬਲੇ ਦੋ ਦਿਨਾਂ ਦੌਰਾਨ ਹੋਈ ਬੁਰਛਾਗਰਦੀ ਨੂੰ ਉਸ ਦਿਨ ਭੁੱਲੇਗੀ ਨਹੀਂ।
-ਟ੍ਰਿਬਿਊਨ ਇੰਡੀਆ

Be the first to comment

Leave a Reply