
ਨਵੀਂ ਦਿੱਲੀ : 2019 ਦੀਆਂ ਲੋਕ ਸਭਾ ਚੋਣ ਦੀਆਂ ਤਿਆਰੀਆਂ ਸ਼ੁਰੁ ਹੋ ਗਈਆਂ ਹਨ। ਭਾਜਪਾ ਨੂੰ ਹਰਾਉਣ ਲਈ ਵਿਰੋਧੀ ਇਕਜੁੱਟ ਹੋਣ ਲੱਗੇ ਹਨ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲੀ ਹੈ ਕਿ ਉਤਰ ਪ੍ਰਦੇਸ਼ ਵਿਚ ਕਾਂਗਰਸ, ਸਪਾ, ਬਸਪਾ ਅਤੇ ਆਰਐਲਡੀ ਮਿਲ ਕੇ ਚੋਣਾਂ ਲੜਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਰੇ ਪਾਰਟੀਆਂ ਦੇ ਨਾਲ ਮਿਲ ਕੇ ਲੜਨ ਦੀ ਸਹਿਮਤੀ ਬਣ ਗਈ ਹੈ। ਹਾਲਾਂਕਿ ਸੀਟਾਂ ਦੇ ਬਟਵਾਰੇ ‘ਤੇ ਅਜੇ ਆਖ਼ਰੀ ਫੈਸਲਾ ਨਹੀਂ ਹੋਇਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਮਹਾਗਠਜੋੜ ਵਿਚ ਕਾਂਗਰਸ ਨੂੰ 8 ਸੀਟਾਂ ਮਿਲਣਗੀਆਂ।
ਸਮਾਜਵਾਦੀ ਪਾਰਟੀ ਨੂੰ 30 ਸੀਟਾਂ ਮਿਲ ਸਕਦੀਆਂ ਹਨ। ਆਰਐਲਡੀ ਦੀਆਂ ਸੀਟਾਂ ਸਪਾ ਦੇ ਕੋਟੇ ਵਿਚ ਹੀ ਹੋਣਗੀਆਂ। ਉਥੇ ਸਭ ਤੋਂ ਜ਼ਿਆਦਾ ਸੀਟਾਂ ਮਾਇਆਵਤੀ ਦੀ ਪਾਰਟੀ ਬਸਪਾ ਨੂੰ ਮਿਲ ਸਕਦੀਆਂ ਹਨ। ਬਸਪਾ ਨੂੰ 40 ਸੀਟਾਂ ਮਿਲਣ ਦਾ ਅਨੁਮਾਨ ਹੈ। ਹਾਲਾਂਕਿ ਸੀਟਾਂ ਦਾ ਇਹ ਫਾਰਮੂਲਾ ਅਜੇ ਆਖ਼ਰੀ ਨਹੀਂ ਹੈ। ਸਿਆਸੀ ਗਲਿਆਰਿਆਂ ਵਿਚ ਹਮੇਸ਼ਾਂ ਤੋਂ ਹੀ ਇਹ ਗੱਲ ਆਖੀ ਜਾਂਦੀ ਰਹੀ ਹੈ ਕਿ ਦਿੱਲੀ ਦਾ ਰਸਤਾ ਉਤਰ ਪ੍ਰਦੇਸ਼ ਤੋਂ ਹੋ ਕੇ ਹੀ ਜਾਂਦਾ ਹੈ। ਸੀਟਾਂ ਦੇ ਲਿਹਾਜ ਨਾਲ ਉਤਰ ਪ੍ਰਦੇਸ਼ ਸਭ ਤੋਂ ਵੱਡਾ ਸੂਬਾ ਹੈ ਅਤੇ ਇੱਥੇ ਲੋਕ ਸਭਾ ਦੀਆਂ 80 ਸੀਟਾਂ ਹਨ। 2014 ਦੀਆਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਿਚ ਐਨਡੀਏ ਨੂੰ 73 ਸੀਟਾਂ ਮਿਲੀਆਂ ਸਨ, ਜਿਸ ਵਿਚ ਇਕੱਲੇ ਭਾਜਪਾ ਨੂੰ ਹੀ 71 ਸੀਟਾਂ ਮਿਲੀਆਂ ਸਨ।ਕੁੱਝ ਦਿਨ ਪਹਿਲਾਂ ਹੀ ਗੋਰਖ਼ਪੁਰ-ਫੂਲਪੁਰ ਅਤੇ ਕੈਰਾਨਾ ਵਿਚ ਹੋਈਆਂ ਲੋਕ ਸਭਾ ਉਪ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦੀ ਏਕਤਾ ਨੇ ਭਾਜਪਾ ਨੂੰ ਹਰਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਇਸ ਵਿਚ ਗੋਰਖ਼ਪੁਰ ਸੀਟ ‘ਤੇ ਭਾਜਪਾ ਦੀ ਹਾਰ ਸਪਾ-ਬਸਪਾ ਗਠਜੋੜ ਦੀ ਸਪ ਤੋਂ ਵੱਡੀ ਜਿੱਤ ਸੀ। ਵਿਰੋਧੀ ਏਕਤਾ ਦੀ ਕੋਸ਼ਿਸ਼ ਵਿਚ ਜੁਟੇ ਐਨਸੀਪੀ ਨੇਤਾ ਸ਼ਰਦ ਪਵਾਰ ਅਤੇ ਬਸਪਾ ਮੁਖੀ ਮਾਇਆਵਤੀ ਦੇ ਵਿਚਕਾਰ ਪਿਛਲੇ ਹੀ ਹਫ਼ਤੇ ਇਕ ਮੁਲਾਕਾਤ ਹੋਈ ਸੀ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਦੋਵੇਂ ਨੇਤਾਵਾਂ ਦੇ ਵਿਚਕਾਰ ਬਸਪਾ ਦੀਆਂ ਸੀਟਾਂ ਨੂੰ ਲੈ ਕੇ ਚਰਚਾ ਹੋਈ ਹੈ। ਖ਼ਾਸ ਤੌਰ ‘ਤੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ।
ਖ਼ਬਰ ਇਹ ਵੀ ਹੈ ਕਿ ਮੱਧ ਪ੍ਰਦੇਸ਼ ਵਿਚ ਬਸਪਾ ਨੇ ਕਾਂਗਰਸ ਤੋਂ 50 ਸੀਟਾਂ ਦੀ ਮੰਗ ਕੀਤੀ ਹੈ ਪਰ ਕਾਂਗਰਸ ਨੇ ਉਸ ਨੂੰ 22 ਸੀਟਾਂ ਦਾ ਆਫ਼ਰ ਦਿਤਾ ਸੀ ਅਤੇ ਉਹ 30 ਤੋਂ ਜ਼ਿਆਦਾ ਸੀਟਾਂ ‘ਤੇ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਹੈ। ਇਸ ਦੇ ਬਾਅਦ ਤੋਂ ਗੱਲ ਅਟਕ ਗਈ ਹੈ। ਉਥੇ ਗੱਲ ਕਰੀਏ ਉਤਰ ਪ੍ਰਦੇਸ਼ ਦੀ ਤਾਂ ਕਾਂਗਰਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਫਾਰਮੂਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ‘ਤੇ ਪਾਰਟੀ ਵਿਚ ਚਰਚਾ ਕਰਨਾ ਅਜੇ ਬਾਕੀ ਹੈ। ਉਥੇ ਪਾਰਟੀ ਨੇ ਝਾਰਖੰਡ, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਕੇਰਲ ਵਿਚ ਪਹਿਲਾਂ ਹੀ ਗਠਜੋੜ ਕਰ ਲਿਆ ਹੈ।
Leave a Reply
You must be logged in to post a comment.