ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ…

ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਇਸ ਲਈ ਸਿੱਖ ਇਤਿਹਾਸ ਦਾ ਕੋਈ ਅਜਿਹਾ ਪੰਨਾ ਨਹੀਂ ਜਿਹੜਾ ਸ਼ਹੀਦਾਂ ਦੇ ਖੂਨ ਨਾਲ ਨਾ ਸਿਰਜਿਆ ਗਿਆ ਹੋਵੇ। ਇਤਿਹਾਸ ਕੌਮਾਂ ਦੀ ਅਗਵਾਈ ਕਰਦਾ ਹੈ ਅਤੇ ਸ਼ਹੀਦ ਕੌਮ ਦੇ ਪ੍ਰੇਰਨਾ ਸਰੋਤ ਬਣਦੇ ਹਨ। ਹਰ ਚੜ੍ਹਦਾ ਸੂਰਜ ਸਿੱਖ ਕੌਮ ਲਈ ਕਿਸੇ ਨਾ ਕਿਸੇ ਮਹਾਨ ਸ਼ਹੀਦ ਦੀ ਸ਼ਹਾਦਤ ਦੁਆਰਾ ਕੌਮ ਨੂੰ ਵਿਖਾਏ ਮਾਰਗ ਦਾ ਸੁਨੇਹਾ ਲੈ ਕੇ ਆਉਂਦਾ ਹੈ। ਅੱਜ ਦੇ ਸੂਹੇ ਸੂਰਜ ਦੀ ਲਾਲੀ ‘ਚ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹਾਦਤ ਦੀ ਲਾਲੀ ਦਾ ਰੰਗ ਹੈ ਅਤੇ ਇਸ ਲਾਲੀ ਤੋਂ ਕੌਮ ਨੂੰ ਜਿਹੜਾ ਸੁਨੇਹਾ ਮਿਲਦਾ ਹੈ, ਕੌਮ ਉਸ ਨੂੰ ਕਿੰਨਾ ਕੁ ਪ੍ਰਵਾਨ ਕਰਦੀ ਹੈ, ਇਹ ਅੱਜ ਕੌਮ ਦੀ ਵਰਤਮਾਨ ਦਿਸ਼ਾ ਅਤੇ ਦਸ਼ਾ ਦੋਵਾਂ ਤੋਂ ਭਲੀਭਾਂਤ ਪਤਾ ਲੱਗਦਾ ਹੈ। ਭਾਈ ਮਨੀ ਸਿੰਘ ਜੀ ਦੀ ਸਖ਼ਸੀਅਤ ਤੇ ਸ਼ਹੀਦੀ ਨੇ ਕੌਮ ਦੇ ਧਾਰਮਿਕ ਆਗੂਆਂ ਲਈ ਕੁਝ ਦਿਸ਼ਾ-ਨਿਰਦੇਸ਼ ਛੱਡੇ ਹਨ, ਜਿਨ੍ਹਾਂ ਦੀ ਅੱਜ ਦੇ ਸਮੇਂ ‘ਚ ਕੌਮ ਨੂੰ ਡਾਢੀ ਲੋੜ ਹੈ। ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਤੀਜੇ ਗ੍ਰੰਥੀ ਸਨ ਅਤੇ ਉਨ੍ਹਾਂ ਕੌਮ ‘ਚ ਏਕਤਾ ਲਈ ਜੋ ਰੋਲ ਨਿਭਾਇਆ, ਉਹ ਸਾਡੇ ਜਥੇਦਾਰ ਸਾਹਿਬਾਨ ਤੇ ਹੋਰ ਧਾਰਮਿਕ ਆਗੂਆਂ ਲਈ ਚਾਨਣ ਮੁਨਾਰਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਾਈ ਸਾਹਿਬ ਦੇ ਇਸ ਉਪਰਾਲੇ ਨੂੰ ਹਰ ਸਮੇਂ ਯਾਦ ਰੱਖਦੇ ਹੋਏ, ਇਸ ਨੂੰ ਆਪਣਾ ਫਰਜ਼ ਮੰਨਣਾ ਚਾਹੀਦਾ ਹੈ। ਉਸ ਸਮੇਂ ਜਿਸ ਤਰ੍ਹਾਂ ਕੌਮ ‘ਬੰਦਈ ਖਾਲਸਾ’ ਤੇ ‘ਤੱਤ ਖਾਲਸਾ’ ‘ਚ ਵੰਡੀ ਗਈ ਸੀ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਲਈ ਦੋਵੇਂ ਧਿਰਾਂ ਜਿਸ ਤਰ੍ਹਾਂ ਲੜ-ਮਰਨ ਲਈ ਤੱਤਪਰ ਸਨ, ਉਸ ਸਮੇਂ ਜਿਸ ਤਰ੍ਹਾਂ ਭਾਈ ਮਨੀ ਸਿੰਘ ਨੇ ਕੌਮ ‘ਚ ਏਕੇ ਲਈ ਆਪਣਾ ਰੋਲ ਨਿਭਾਇਆ ਅਤੇ ਕੌਮ ਦੇ ਗੁਰੂ ਪ੍ਰਤੀ ਵਿਸ਼ਵਾਸ ਨੂੰ ਦ੍ਰਿੜ ਕਰਵਾਇਆ, ਉਸ ਨੇ ਕੌਮ ਦੇ ਭਵਿੱਖ ਘੜ੍ਹਨ ‘ਚ ਇਤਿਹਾਸਕ ਮੋੜ ਲਿਆਂਦਾ। ਅੱਜ ਜਦੋਂ ਕੌਮ ‘ਚ ਫੁੱਟ, ਕੌਮ ਦੇ ਨਿਘਾਰ ਲਈ ਜੁੰਮੇਵਾਰ ਆਖੀ ਜਾ ਸਕਦੀ ਹੈ, ਉਸ ਸਮੇਂ ਕੌਮ ‘ਚ ਏਕਤਾ ਲਈ ਕੇਂਦਰੀ ਧੁਰਾ ਬਣਨ ਵਾਲੀ ਭਾਈ ਮਨੀ ਸਿੰਘ ਵਰਗੀ ਮਹਾਨ ਸਖ਼ਸੀਅਤ ਦੀ ਕੌਮ ਨੂੰ ਵੱਡੀ ਘਾਟ ਹੈ।
ਕੌਮ ਦੇ ਧਾਰਮਿਕ ਆਗੂ ਵੀ ਧੜਿਆਂ ਦੀਆਂ ਧਿਰਾਂ ਬਣ ਚੁੱਕੇ ਹਨ। ਜਿਸ ਕਾਰਣ ਕੋਈ ਕਿਸੇ ਦੀ ਮੰਨਣ ਜਾਂ ਸੁਣਨ ਲਈ ਤਿਆਰ ਹੀ ਨਹੀਂ। ਹਰ ਧਾਰਮਿਕ ਮੁੱਦੇ ਤੇ ਕੌਮ ‘ਚ ਵਿਵਾਦ ਖੜ੍ਹਾ ਹੋ ਜਾਂਦਾ ਹੈ। ਪ੍ਰੰਤੂ ਉਸ ਵਿਵਾਦ ਦਾ ਨਿਪਟਾਰਾ ਕਰਨ ਵਾਲਾ ਕੋਈ ਨਹੀਂ ਹੈ। ਗ੍ਰੰਥੀ ਸਿੰਘ ਜਿਹੜੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਵਰਗੀਆਂ ਮਹਾਨ ਸਖ਼ਸੀਅਤਾਂ ਦੇ ਵਾਰਿਸ ਹਨ, ਉਨ੍ਹਾਂ ਦਾ ਜੀਵਨ ਆਚਰਣ, ਉੱਚਾ-ਸੁੱਚਾ ਨਹੀਂ ਰਹਿ ਗਿਆ। ਸਿਰਫ਼ ”ਰੋਟੀਆ ਕਾਰਣ ਪੂਰੇ ਤਾਲਿ” ਵਾਲੀ ਗੱਲ ਹੋਣ ਕਾਰਣ, ਕਥਾ, ਕੀਰਤਨ ਦਾ ਪ੍ਰਭਾਵ, ਕੰਨ ਰਸ ਤੱਕ ਸੀਮਤ ਹੋ ਗਿਆ ਹੈ। ਆਤਮਾ ਨੂੰ ਜਗਾਉਣ ਤੇ ਜ਼ਮੀਰ ਟੁੰਬਣ ਵਾਲੀ ਆਵਾਜ਼ ਕਿਧਰੇ ਵੀ ਸੁਣਾਈ ਨਹੀਂ ਦਿੰਦੀ। ਭਾਈ ਮਨੀ ਸਿੰਘ ਨੇ ਕੌਮ ‘ਚ ਏਕਤਾ ਲਈ ਨਿਭਾਏ ਰੋਲ ਦੇ ਨਾਲ-ਨਾਲ ਆਪਣੀ ਸ਼ਹਾਦਤ ਨਾਲ, ”ਮੈਂ ਮਰਾਂ ਪੰਥ ਜੀਵੇ” ਦੀ ਭਾਵਨਾ ਨੂੰ ਆਪਣੇ ਬੰਦ-ਬੰਦ ਕਟਵਾ ਕੇ ਦ੍ਰਿੜ੍ਹਤਾ ਦੀ ਬੁਲੰਦੀਆਂ ਤੇ ਪਹੁੰਚਾਇਆ। ਭਾਈ ਸਾਹਿਬ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਦੀਵਾਲੀ ਤੇ ਸਰਬੱਤ ਖਾਲਸਾ ਸੱਦਿਆ, ਬਦਲੇ ‘ਚ ਉਸ ਸਮੇਂ ਦੇ ਜ਼ਾਲਮ ਹਾਕਮ ਜ਼ਕਰੀਆ ਖਾਨ ਨੇ 10 ਹਜ਼ਾਰ ਟਕੇ ਦੀ ਸ਼ਰਤ ਰੱਖੀ, ਪ੍ਰੰਤੂ ਜਦੋਂ ਭਾਈ ਸਾਹਿਬ ਨੂੰ ਜ਼ਕਰੀਆ ਖਾਨ ਦੇ ਸ਼ੈਤਾਨ ਮਨ ਅੰਦਰ, ਸਰਬੱਤ ਖਾਲਸੇ ਕਾਰਣ ਇਕੱਠੇ ਹੋਏ ਸਮੂਹ ਖਾਲਸੇ ਨੂੰ ਤੋਪਾਂ ਨਾਲ ਉਡਾ ਦੇਣ ਦੀ ਕੋਝੀ ਸ਼ਾਜਿਸ ਪੈਦਾ ਹੋਣ ਦੀ ਭਿਣਕ ਲੱਗੀ ਤਾਂ ਉਨ੍ਹਾਂ 10 ਹਜ਼ਾਰ ਟਕੇ ਇਕੱਠੇ ਹੋਣ ਦੀ ਭੋਰਾ-ਭਰ ਚਿੰਤਾ ਨਾ ਕਰਦਿਆਂ, ਸਿੱਖਾਂ ਨੂੰ ਜ਼ਕਰੀਆ ਖਾਨ ਦੇ ਮਨਸੂਬਿਆਂ ਤੋਂ ਜਾਣੂ ਕਰਵਾਉਣ ਲਈ ਤੁਰੰਤ ਸੁਨੇਹੇ ਭੇਜੇ ਅਤੇ ਬਾਅਦ ‘ਚ ਮੌਕੇ ਦੇ ਜ਼ਾਲਮ ਹਾਕਮ ਨੂੰ ਵਾਅਦਾ ਖਿਲਾਫੀ ਲਈ ਫਿਟਕਾਰਿਆ। ਬਦਲੇ ‘ਚ ਜ਼ਕਰੀਆ ਖਾਨ ਨੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। ਪ੍ਰੰਤੂ 90 ਸਾਲ ਦੇ ਬਜ਼ੁਰਗ ਭਾਈ ਮਨੀ ਸਿੰਘ ਜਿਨ੍ਹਾਂ ਦੇ 11 ਭਰਾ ਤੇ 7 ਪੁੱਤਰ ਪਹਿਲਾ ਹੀ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ, ਉਨ੍ਹਾਂ ਜਦੋਂ ਜਲਾਦ ਨੂੰ ਖ਼ੁਦ ਬੰਦ-ਬੰਦ ਕੱਟਣ ਲਈ ਆਪਣੇ ਟੋਕੇ ਦਾ ਪਹਿਲਾ ਟੱਕ ਗੁੱਟ ਦੀ ਥਾਂ ਚੀਚੀ ਦੇ ਪੋਟੇ ਤੋਂ ਸ਼ੁਰੂ ਕਰਨ ਲਈ ਆਖਿਆ ਤਾਂ ਭਾਈ ਸਾਹਿਬ ਦੀ ਦ੍ਰਿੜ੍ਹਤਾ ਅੱਗੇ ਅਸਮਾਨ ਵੀ ਝੁੱਕ ਗਿਆ ਹੋਵੇਗਾ।
ਅੱਜ ਦੇ ਦਿਹਾੜੇ ਜਦੋਂ ਅਸੀਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤਾਂ ਸਾਨੂੰ ਆਪਣੇ ਸ਼ਹੀਦਾਂ ਦੀ ਸ਼ਹੀਦੀ ਤੇ ਬੇਹੱਦ ਮਾਣ ਮਹਿਸੂਸ ਹੁੰਦਾ ਹੈ ਅਤੇ ਅਜਿਹੇ ਸ਼ਹੀਦਾਂ ਦੇ ਵਾਰਿਸ ਹੋਣ ਤੇ ਫ਼ਖਰ ਜ਼ਰੂਰ ਮਹਿਸੂਸ ਕਰਦੇ ਹਾਂ, ਪ੍ਰੰਤੂ ਜਿਸ ਕਾਰਣ ਇਹ ਸ਼ਹੀਦੀਆਂ ਹੋਈਆਂ, ਜਿਹੜੇ ਸਿਧਾਂਤਾਂ ਦੀ ਰਾਖੀ ਲਈ ਸ਼ਹੀਦਾਂ ਨੇ ਆਪਾ ਵਾਰਿਆ, ਅੱਜ ਅਸੀਂ ਉਨ੍ਹਾਂ ਸਿਧਾਂਤਾਂ ਤੋਂ ਥਿੜਕ ਕਿਉਂ ਗਏ ਹਾਂ? ਇਸ ਸੁਆਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਹੁੰਦੇ। ਇਹੋ ਕਾਰਣ ਹੈ ਕਿ ਅੱਜ ਸਿੱਖ ਕੌਮ ਲਈ ਇਹ ਆਖਿਆ ਜਾਣ ਲੱਗ ਪਿਆ ਹੈ ਕਿ ਸਿੱਖ ਗੁਰੂ ਨੂੰ ਤਾਂ ਮੰਨਦਾ ਹੈ, ਪ੍ਰੰਤੂ ਗੁਰੂ ਦੀ ਨਹੀਂ ਮੰਨਦਾ। ਸਿੱਖੀ ਦੇ ਜਿਸ ਬੂਟੇ ਨੂੰ ਗੁਰੂ ਸਾਹਿਬਾਨ ਸਮੇਤ ਅਣਗਿਣਤ ਸ਼ਹੀਦਾਂ ਨੇ ਆਪਣੇ ਖੂਨ ਨਾਲ ਪਾਲਿਆ, ਅੱਜ ਅਸੀਂ ਉਸ ਬੂਟੇ ਦੀਆਂ ਜੜ੍ਹਾਂ ਆਪਣੇ ਹੱਥੀ ਹੀ ਵੱਢਣ ਲੱਗ ਪਏ ਹਾਂ। ਭਾਈ ਮਨੀ ਸਿੰਘ ਦੀ ਸ਼ਹੀਦੀ ਸਾਡੇ ਧਾਰਮਿਕ ਆਗੂਆਂ ਨੂੰ ਸਮੇਂ ਦੀ ਲੋੜ ਅਨੁਸਾਰ ਕੀਤੀ ਜਾਣ ਵਾਲੀ ਸੁਚੱਜੀ ਸਿਆਸੀ ਅਗਵਾਈ ਦਾ ਪਾਠ ਪੜ੍ਹਾਉਂਦੀ ਹੈ। ਹਰ ਸਿੱਖ ਨੂੰ ਆਪਣੇ ਗੁਰੂ ਪ੍ਰਤੀ ਭਰੋਸਾ ਤੇ ਸ਼ਰਧਾ ਰੱਖਣ ਦਾ ਸਬਕ ਦਿੰਦੀ ਹੈ ਅਤੇ ਸਮੁੱਚੀ ਲੋਕਾਈ ਅੱਗੇ ਦ੍ਰਿੜ੍ਹਤਾ ਦੀ ਬੇ-ਮਿਸ਼ਾਲ ਉਦਾਹਰਣ ਪੇਸ਼ ਕਰਦੀ ਹੈ। ਅਜਿਹੀ ਸ਼ਹਾਦਤ ਨੂੰ ਯਾਦ ਕਰਦਿਆਂ, ਵੀ ਜੇ ਅਸੀਂ ਜਾਗਣਾ ਨਹੀਂ ਤਾਂ ਇਸ ਤੋਂ ਵੱਡੀ ਅਕ੍ਰਿਤਘਣਤਾ ਸ਼ਾਇਦ ਹੋਰ ਕੋਈ ਨਹੀਂ ਹੋ ਸਕਦੀ।

Be the first to comment

Leave a Reply