ਬੱਸ ਹਾਦਸੇ ‘ਚ ਮਾਰੇ ਗਏ ਖਿਡਾਰੀਆਂ ਨੂੰ ਨਿਊ ਵੈੱਸਟਮਿਨਸਟਰ ‘ਚ ਦਿੱਤੀ ਗਈ ਸ਼ਰਧਾਂਜਲੀ

ਨਿਊ ਵੈੱਸਟਮਿਨਸਟਰ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈੱਸਟਮਿਨਸਟਰ ਵਿਖੇ ਵੀਰਵਾਰ ਰਾਤ ਨੂੰ ਹੰਬੋਲਟ ਬਰੋਨਕੋਸ ਹਾਕੀ ਟੀਮ ਨਾਲ ਵਾਪਰੇ ਹਾਦਸੇ ਦੇ ਸੋਗ ‘ਚ ਇਕ ਸਭਾ ਰੱਖੀ ਗਈ ਅਤੇ ਖਿਡਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਹਾਦਸੇ ਨੇ 16 ਟੀਮ ਮੈਂਬਰਾਂ ਦੀ ਜਾਨ ਲੈ ਲਈ। ਸੈਂਕੜੇ ਲੋਕ ਸਪੋਰਟਸ ਦੀਆਂ ਵਰਦੀਆਂ ‘ਚ ਪੁੱਜੇ ਅਤੇ ਇਸ ‘ਚ ਰਾਇਲ ਸਿਟੀ ਯੂਥ ਸੋਕਰ ਅਤੇ ਹਾਏਕ ਯੂਥ ਫੁੱਟਬਾਲ ਕਲੱਬ ਅਤੇ ਨਿਊ ਵੈੱਸਟਮਿਨਸਟਰ ਸੇਲਮੋਨਬੈਲੀਜ਼ ਕਲੱਬ ਦੇ ਮੈਂਬਰ ਪੁੱਜੇ। ਬਹੁਤ ਸਾਰੇ ਬੱਚੇ ਆਪਣੇ ਮਾਂ-ਬਾਪ ਨਾਲ ਇਸ ਸਭਾ ‘ਚ ਸ਼ਾਮਲ ਹੋਏ। ਕੁਈਨਜ਼ ਪਾਰਕ ਅਰੇਨਾ ਵਿਖੇ ਲੋਕਾਂ ਨੇ ਪੀੜਤ ਪਰਿਵਾਰਾਂ ਦਾ ਸਾਥ ਦੇਣ ਲਈ ਗੱਲਬਾਤ ਕੀਤੀ।

ਬੁਲਾਰਿਆਂ ਨੇ ਮ੍ਰਿਤਕਾਂ ਦੇ ਨਾਂ ਬੋਲੇ ਅਤੇ ਕੁੱਝ ਸਮੇਂ ਲਈ ਮੋਨ ਰੱਖਵਾਇਆ। ਨਿਊ ਵੈੱਸਟਮਿਨਸਟਰ ਸੇਲਮੋਨਬੈਲੀਜ਼ ਫੁੱਟਬਾਲ ਕਲੱਬ ਦੇ ਮੈਂਬਰ ਐਂਡਰੀਓ ਟਾਕਾਕਸ ਨੇ ਕਿਹਾ ਕਿ ਉਹ ਪਰਿਵਾਰ ਨਾਲ ਉਨ੍ਹਾਂ ਨੂੰ ਹੌਂਸਲਾ ਦੇਣ ਲਈ ਖੜ੍ਹੇ ਹਨ ਅਤੇ ਉਹ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਕਾਫੀ ਖਿਡਾਰੀ ਵੀ ਪੁੱਜੇ ਹਨ, ਹਾਲਾਂਕਿ ਉਹ ਹਾਕੀ ਖਿਡਾਰੀ ਨਹੀਂ ਪਰ ਮ੍ਰਿਤਕਾਂ ਪ੍ਰਤੀ ਉਨ੍ਹਾਂ ਦੀ ਪੂਰੀ ਹਮਦਰਦੀ ਹੈ। ਬੱਚਿਆਂ ਨੇ ਵੱਖ-ਵੱਖ ਡਰਾਇੰਗਜ਼ ਬਣਾ ਕੇ ਮ੍ਰਿਤਕਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕੀਤੀ। ਜਿਹੜੇ ਖਿਡਾਰੀ ਅਜੇ ਵੀ ਹਸਪਤਾਲ ‘ਚ ਹਨ, ਉਨ੍ਹਾਂ ਵਲੋਂ ਵੀ ਸੰਦੇਸ਼ ਭੇਜੇ ਗਏ ਕਿ ਉਹ ਹਮੇਸ਼ਾ ਇਕੱਠੇ ਰਹਿਣਗੇ ਅਤੇ ਮ੍ਰਿਤਕ ਸਾਥੀਆਂ ਦੇ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਰਹਿਣਗੇ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸ਼ੁੱਕਰਵਾਰ ਨੂੰ ਸੂਬੇ ਸਸਕੈਚਵਾਨ ‘ਚ ਹੰਬੋਲਟ ਬਰੋਨਕੋਸ ਜੂਨੀਅਰ ਹਾਕੀ ਟੀਮ ਖੇਡਣ ਲਈ ਦੂਜੇ ਸ਼ਹਿਰ ਜਾ ਰਹੀ ਸੀ। ਇਸ ‘ਚ 16 ਤੋਂ 21 ਸਾਲ ਦੇ ਖਿਡਾਰੀ ਸ਼ਾਮਲ ਹੁੰਦੇ ਹਨ। ਰਸਤੇ ‘ਚ ਖਿਡਾਰੀਆਂ ਦੀ ਬੱਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ ਅਤੇ ਇਸ ਕਾਰਨ ਬੱਸ ‘ਚ ਸਵਾਰ 16 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਹਾਕੀ ਖਿਡਾਰੀ, ਕੋਚ, ਕਪਤਾਨ ਅਤੇ ਟੀਮ ਦੀ ਥੈਰੇਪਿਸਟ ਹਨ। ਬਾਕੀ 13 ਖਿਡਾਰੀ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।

Be the first to comment

Leave a Reply