ਬੇਅਦਬੀ ਮਾਮਲੇ ‘ਚ ਡੇਰਾ ਪ੍ਰੇਮੀਆਂ ਨੇ ਕਬੂਲ ਕੀਤਾ ਜੁਰਮ

ਜਲੰਧਰ—ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ ਲਈ ਬਣਾਈ ਵਿਸ਼ੇਸ਼ ਪੁਲਸ ਟੀਮ ਦੇ ਮੁਖੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਵਿਖੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ‘ਚ ਗ੍ਰਿਫਤਾਰ ਡੇਰਾ ਸਿਰਸਾ ਦੇ ਭੰਗੀ ਦਾਸ, ਮਹਿੰਦਰ ਪਾਲ ਬਿੱਟੂ ਨੇ ਮੋਗਾ ਅਦਾਲਤ ‘ਚ ਖੁਦ ਇਕਬਾਲ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਯੋਜਨਾ ਉਸ ਵਲੋਂ ਘੜੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵਲੋਂ ਗ੍ਰਿਫਤਾਰ ਕੀਤੇ ਜਾਣ ਬਾਅਦ ਜਦ ਬਿੱਟੂ ਨੂੰ ਫਰੀਦਕੋਟ ਜੇਲ ‘ਚ ਭੇਜਿਆ ਗਿਆ ਤਾਂ ਬਿੱਟੂ ਨੇ ਦੋ ਦਿਨ ਬਾਅਦ ਜੇਲ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਕਿ ਮੈਂ ਕੀਤੇ ਗੁਨਾਹ ਕਾਰਨ ਬੇਹੱਦ ਪ੍ਰੇਸ਼ਾਨ ਹਾਂ। ਇਸ ਹਾਲਤ ‘ਚ ਕੋਈ ਹੋਰ ਮੇਰੇ ਖਿਲਾਫ ਕਾਰਵਾਈ ਕਰ ਸਕਦਾ ਹੈ।
ਜਾਂ ਮੈਂ ਕੋਈ ਕਦਮ ਉਠਾ ਸਕਦਾ ਹਾਂ। ਇਸ ਕਰਕੇ ਮੈਂ ਆਪਣਾ ਬਿਆਨ ਅਦਾਲਤ ‘ਚ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੇ ਦੱਸਿਆ ਕਿ ਜੇਲ ਸੁਪਰਡੈਂਟ ਨੇ ਬਿੱਟੂ ਵਲੋਂ ਦਿੱਤੀ ਚਿੱਠੀ ਮੋਗਾ ਦੀ ਅਦਾਲਤ ਨੂੰ ਭੇਜ ਦਿੱਤੀ ਅਤੇ ਫਿਰ ਅਦਾਲਤ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਅਦਾਲਤ ‘ਚ ਪੇਸ਼ ਕੀਤੇ ਜਾਣ ਦੇ ਹੁਕਮ ਦਿੱਤਾ। ਡੀ. ਆਈ.ਜੀ. ਖੱਟੜ ਦਾ ਕਹਿਣਾ ਹੈ ਕਿ ਬਿੱਟੂ ਵਲੋਂ ਕੀਤੇ ਇਕਬਾਲ ਦੇ ਕਲਮਬੱਧ ਬਿਆਨ ਸੀਲਬੰਦ ਕਰਕੇ ਅਦਾਲਤ ਨੇ ਰੱਖ ਲਏ ਹਨ ਤੇ ਕੇਸ ਦੀ ਸੁਣਵਾਈ ਦੌਰਾਨ ਇਹ ਖੋਲ੍ਹੇ ਜਾਣਗੇ। ਇਸ ਘਟਨਾ ਤੋਂ ਬਾਅਦ ਬਿੱਟੂ ਸਮੇਤ ਤਿੰਨ ਦੋਸ਼ੀਆਂ ਨੂੰ ਸੀ.ਬੀ.ਆਈ. ਨੇ ਰਿਮਾਂਡ ਉੱਪਰ ਲੈ ਕੇ ਪੁੱਛਗਿਛ ਕੀਤੀ ਤੇ ਇਸ ਵੇਲੇ ਉਹ ਪਟਿਆਲਾ ਜੇਲ ‘ਚ ਬੰਦ ਹਨ। ਸ੍ਰੀ ਖੱਟੜਾ ਨੇ ਦੱਸਿਆ ਕਿ ਉਹ ਕਰੀਬ ਤਿੰਨ ਸਾਲ ਤੋਂ ਇਸ ਮਾਮਲੇ ਦੀ ਜਾਂਚ ‘ਚ ਲੱਗੇ ਹੋਏ ਸਨ, ਪਰ ਵਧੇਰੇ ਖੁੱਲ੍ਹ ਕੇ ਜਾਂਚ ਦੀ ਤੇਜ਼ੀ ਪਿਛਲੇ ਸਾਲ ਅਗਸਤ ਮਹੀਨੇ ਤੋਂ ਬਾਅਦ ਹੀ ਸ਼ੁਰੂ ਹੋਈ ਤੇ ਫਿਰ ਪਹਿਲੀ ਵਾਰ ਵੱਖ-ਵੱਖ ਥਾਵਾਂ ਤੋਂ ਮਿਲੇ ਸੰਕੇਤਾਂ ਦੇ ਆਧਾਰ ‘ਤੇ ਜਾਂਚ ਦੀ ਸੂਈ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲ ਘੁੰਮਣੀ ਸ਼ੁਰੂ ਹੋਈ ਤੇ ਆਖਿਰ ਬੇਅਦਬੀ ਮਾਮਲਿਆਂ ‘ਚ ਡੇਰਾ ਪ੍ਰੇਮੀਆਂ ਦਾ ਹੱਥ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ।

Be the first to comment

Leave a Reply