ਬੀਜੇਪੀ ਨੇ ਫਿਰ ਕੱਢੇ ਹਿੰਦੂਵਾਦ ਤੇ ਰਾਸ਼ਟਰਵਾਦ ਵਾਲੇ ਹਥਿਆਰ!

ਦਿੱਲੀ:-ਬੀਜੇਪੀ ਨੇ ਵਿਕਾਸ ਤੇ ਹੋਰ ਲੋਕ ਮੁੱਦਿਆਂ ਦੀ ਬਜਾਏ ਹਿੰਦੂਵਾਦ ਤੇ ਰਾਸ਼ਟਰਵਾਦ ਜ਼ਰੀਏ ਮੁੜ ਸੱਤਾ ‘ਤੇ ਕਾਬਜ਼ ਹੋਣ ਦਾ ਪੈਂਤੜਾ ਖੇਡਿਆ ਹੈ।ਜਾਰੀ ਚੋਣ ਮੈਨੀਫੈਸਟੋ ਵਿੱਚ ਰਾਮ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ, ਰਾਸ਼ਟਰਵਾਦ ਦੀ ਭਾਵਨਾ ਤਹਿਤ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ, ਜੰਮੂ ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ, ਸੰਵਿਧਾਨ ਦੀ ਧਾਰਾ 35ਏ ਨੂੰ ਮਨਸੂਖ ਕਰਨ ਤੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐਨਆਰਸੀ) ਨੂੰ ਪੜਾਅਵਾਰ ਪੂਰੇ ਮੁਲਕ ਵਿੱਚ ਲਾਗੂ ਕਰਨ ਦੇ ਵਾਅਦੇ ਕੀਤੇ ਹਨ।ਹਥਿਆਰਬੰਦ ਫੌਜਾਂ ਲਈ ਰੱਖਿਆ ਸਾਜ਼ੋ-ਸਾਮਾਨ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਤੇ ਅਤਿਵਾਦ ਖ਼ਿਲਾਫ਼ ਲੜਾਈ ਨੂੰ ਜਾਰੀ ਰੱਖਣ ਤੇ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਲਈ ਖੁੱਲ੍ਹਾ ਹੱਥ ਦੇਣ ਦਾ ਅਹਿਦ ਕੀਤਾ ਗਿਆ ਹੈ। ਇਹ ਸਭ ਉਹ ਮੁੱਦੇ ਹਨ ਜਿਨ੍ਹਾਂ ਰਾਹੀਂ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਰਾਸ਼ਟਵਾਦ ਦੀ ਭਾਵਨਾ ਨੂੰ ਉਭਾਰਿਆ ਹੈ। ਹੁਣ ਇਨ੍ਹਾਂ ਮੁੱਦਿਆਂ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਭਰੋਸਾ ਦਿੰਦਿਆਂ ਬੀਜੇਪੀ ਨੇ ਇੱਕ ਹੋਰ ਮੌਕਾ ਮੰਗਿਆ ਹੈ।ਦਿਲਚਸਪ ਗੱਲ਼ ਹੈ ਕਿ ਬੀਜੇਪੀ ਨੇ ਇਸ ਵਾਰ ਭ੍ਰਿਸ਼ਟਾਚਾਰ, ਮਹਿੰਗਾਈ ਤੇ ਰੁਜ਼ਗਾਰ ਦੇ ਮੁੱਦਿਆਂ ‘ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ। ਇਹ ਉਹੀ ਮੁੱਦੇ ਹਨ ਜਿਨ੍ਹਾਂ ਦੇ ਸਹਾਰੇ ਬੀਜੇਪੀ ਨੇ 2014 ਵਿੱਚ ਸੱਤਾ ਹਾਸਲ ਕੀਤੀ ਸੀ। ਬੇਸ਼ੱਕ ਇਸ ਵੇਲੇ ਵੀ ਦੇਸ਼ ਦੇ ਇਹ ਮੁੱਦੇ ਹਨ ਪਰ ਬੀਜੇਪੀ ਨੇ ਇਨ੍ਹਾਂ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ। ਇਨ੍ਹਾਂ ਮੱਦਿਆਂ ‘ਤੇ ਬੀਜੇਪੀ ਨੂੰ ਸੋਸ਼ਲ ਮੀਡੀਆ ‘ਤੇ ਘੇਰਿਆ ਜਾ ਰਿਹਾ ਹੈ।

Be the first to comment

Leave a Reply