ਬਿਲ ਗੇਟਸ ਨੂੰ ਪਿੱਛੇ ਛੱਡ ਜੈਫ਼ ਬੇਜੋਸ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

ਨਿਊਯਾਰਕ-ਫੋਰਬਸ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਮੁਕੇਸ਼ ਅੰਬਾਨੀ 40.1 ਬਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਨਾਲ ਲਗਾਤਾਰ 11ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹਨ ਜਦੋਂ ਕਿ ਐਮਾਜ਼ੋਨ ਦੇ ਬਾਨੀ ਜੈਫ਼ ਬੇਜੋਸ ਬਿਲ ਗੇਟਸ ਨੂੰ ਪਿੱਛੇ ਛਡਦੇ ਹੋਏ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਦੀ ‘2018 ਵਿਸ਼ਵ ਦੇ ਅਰਬਪਤੀਆਂ ਦੀ ਸੂਚੀ’ ਅਨੁਸਾਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਸੰਪਤੀ ‘ਚ 72.84 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਇਹ 40.1 ਅਰਬ ਡਾਲਰ (260622 ਕਰੋੜ ਰੁਪਏ) ‘ਤੇ ਪਹੁੰਚ ਗਈ ਹੈ। ਜਿਨ੍ਹਾਂ ਨੂੰ ਸੂਚੀ ‘ਚ ਵਿਸ਼ਵ ਪੱਧਰ ‘ਤੇ 19ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਫੋਰਬਸ ਅਨੁਸਾਰ ਐਮਾਜ਼ੋਨ ਦੇ ਸੀ.ਈ.ਓ. ਜੈਫ਼ ਬੇਜੋਸ 112 ਅਰਬ ਅਮਰੀਕੀ ਡਾਲਰ ਦੀ ਸੰਪਤੀ ਨਾਲ ਸੂਚੀ ਵਿਚ ਸਭ ਤੋਂ ਉੱਪਰ ਹਨ। ਸੂਚੀ ਵਿਚ ਉਹ ਇਕੋ ਇਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਸੰਪਤੀ 12 ਅੰਕਾਂ ‘ਚ ਹੈ।
ਜ਼ਿਕਰਯੋਗ ਹੈ ਕਿ ਸਾਲ 1987 ਜਦੋਂ ਤੋਂ ਫੋਰਬਸ ਨੇ ਅਮੀਰਾਂ ਦੀ ਸੂਚੀ ਜਾਰੀ ਕਰਨ ਦੀ ਸ਼ੁਰੂਆਤ ਕੀਤੀ ਹੈ ਇਹ ਸੰਪਤੀ ‘ਚ ਇਕ ਸਾਲ ਦੌਰਾਨ ਉਦੋਂ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਐਮਾਜ਼ੋਨ ਦੇ ਸੰਸਥਾਪਕ ਨੇ ਬਿੱਲ ਗੇਟਸ ਨੂੰ ਪਿੱਛੇ ਛੱਡਿਆ ਹੈ ਜੋ ਕਿ ਹੁਣ 90 ਬਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਫੋਰਬਸ ਅਨੁਸਾਰ ਭਾਰਤ ਵਿਚ 119 ਅਰਬਪਤੀ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18 ਵੱਧ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਅਮੀਰਾਂ ਦੀ ਸੂਚੀ ਵਿਚ 2043 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਨ੍ਹਾਂ ਅਮੀਰਾਂ ਦੀ ਕੁੱਲ ਸੰਪਤੀ ਪਿਛਲੇ ਸਾਲ ਦੇ ਮੁਕਾਬਲੇ 18 ਫ਼ੀਸਦੀ ਵਾਧੇ ਨਾਲ 9.1 ਟ੍ਰਿਲੀਅਨ ਹੋ ਗਈ ਹੈ। ਅਜ਼ੀਮ ਪ੍ਰੇਮਜੀ ਦੂਜੇ ਸਭ ਤੋਂ ਅਮੀਰ ਭਾਰਤੀ ਹਨ ਜਿਨ੍ਹਾਂ ਨੂੰ ਵਿਸ਼ਵ ਦੇ ਅਮੀਰਾਂ ਦੇ ਸੂਚੀ ਵਿਚ 18.8 ਬਿਲੀਅਨ ਡਾਲਰ ਦੀ ਸੰਪਤੀ ਨਾਲ 58ਵੇਂ ਸਥਾਨ ‘ਤੇ ਰੱਖਿਆ ਗਿਆ ਹੈ। 18.5 ਬਿਲੀਅਨ ਡਾਲਰ ਦੀ ਸੰਪਤੀ ਨਾਲ ਲਕਸ਼ਮੀ ਮਿੱਤਲ ਤੀਜੇ ਸਭ ਤੋਂ ਅਮੀਰ ਭਾਰਤੀ ਹਨ ਜਦੋਂ ਕਿ ਸ਼ਿਵ ਨੱਡਰ 14.6 ਬਿਲੀਅਨ ਅਮਰੀਕੀ ਡਾਲਰ ਨਾਲ ਚੌਥੇ ਅਤੇ ਦਿਲੀਪ ਸ਼ਾਘਵੀ 12.8 ਬਿਲੀਅਨ ਡਾਲਰ ਦੀ ਸੰਪਤੀ ਨਾਲ ਪੰਜਵੇਂ ਸਥਾਨ ‘ਤੇ ਹਨ ਜੋ ਕਿ ਵਿਸ਼ਵ ਦੇ ਅਮੀਰਾਂ ਦੀ ਸੂਚੀ ਵਿਚ ਕ੍ਰਮਵਾਰ 62ਵੇਂ, 98ਵੇਂ ਅਤੇ 115ਵੇਂ ਸਥਾਨ ‘ਤੇ ਹਨ।
ਇੱਥੇ ਦੱਸਣਯੋਗ ਹੈ ਕਿ ਡੋਨਾਲਡ ਟਰੰਪ ਜੋ ਕਿ ਅਮਰੀਕੀ ਇਤਿਹਾਸ ਵਿਚ ਪਹਿਲੇ ਅਰਬਪਤੀ ਰਾਸ਼ਟਰਪਤੀ ਹਨ ਨੂੰ ਫੋਰਬਸ ਨੇ ਅਮੀਰਾਂ ਦੀ ਸੂਚੀ ਵਿਚ3.1 ਬਿਲੀਅਨ ਡਾਲਰ ਨਾਲ 766ਵੇਂ ਸਥਾਨ ‘ਤੇ ਰੱਖਿਆ ਹੈ ਜੋ ਕਿ ਪਿਛਲੇ ਸਾਲ ਦੇ 544ਵੇਂ ਸਥਾਨ ਤੋਂ ਕਾਫ਼ੀ ਹੇਠਾਂ ਆ ਗਏ ਹਨ। ਉਨ੍ਹਾਂ ਦੀ ਸੰਪਤੀ ਵਿਚ ਸਾਲ 2017 ‘ਚ 400 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ।

Be the first to comment

Leave a Reply