ਬਾਦਲ ਦੇ ਪਿੱਛੇ ਚੱਲਣ ਲਈ ਸਿੱਧੂ ਰਾਜ਼ੀ, ਜੇਕਰ ਉਹ ਕਰਨ ਇਹ ਕੰਮ..!

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਉਨ੍ਹਾਂ ‘ਤੇ ਲਾਏ ਦੋਸ਼ਾਂ ਦੇ ਜਵਾਬ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡੀ ਪੇਸ਼ਕਸ਼ ਕੀਤੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਜਿਹਾ ਕਰਦੇ ਹਨ ਤਾਂ ਉਹ ਉਨ੍ਹਾਂ ਦੇ ਮਗਰ ਚੱਲਣ ਲਈ ਵੀ ਤਿਆਰ ਹਨ। ਹਰਸਿਮਰਤ ਬਾਦਲ ਨੇ ਸਿੱਧੂ ਦੇ ਪਾਕਿਸਤਾਨ ਦੀ ਪਹਿਲਕਦਮੀ ਵਾਲੇ ਦਾਅਵੇ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਨੂੰ ਕੋਈ ਸੰਕੇਤ ਨਹੀਂ ਭੇਜਿਆ।
ਸਿੱਧੂ ਨੇ ‘ਏਬੀਪੀ ਸਾਂਝਾ’ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੁਖਬੀਰ ਬਾਦਲ ਅੱਗੇ ਲੱਗਣ ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ (ਇਮਰਾਨ ਖ਼ਾਨ) ਨੂੰ ਫ਼ੋਨ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜੇਕਰ ਮੋਦੀ ਕੋਲ ਜਾ ਕੇ ਇਮਰਾਨ ਨੂੰ ਫ਼ੋਨ ਕਰਵਾਉਂਦੇ ਹਨ ਤਾਂ ਉਹ ਬਾਦਲਾਂ ਦਾ ਸਾਥ ਦੇਣ ਲਈ ਤਿਆਰ ਹਨ। ਸਿੱਧੂ ਨੇ ਕਿਹਾ ਕਿ ਬਾਦਲ ਹੋਛੀ ਰਾਜਨੀਤੀ ਬੰਦ ਕਰਨ ਤੇ ਲਾਂਘੇ ਦੇ ਮੁੱਦੇ ‘ਤੇ ਸਕਾਰਾਤਮਕ ਗੱਲ ਕਰਨ।

ਨਵਜੋਤ ਸਿੱਧੂ ਨੇ ਅਪੀਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਰਾ ਜ਼ੋਰ ਭਾਰਤ ਸਰਕਾਰ ਕੋਲੋਂ ਕਰਤਾਰਪੁਰ ਲਾਂਘੇ ਲਈ ਚਿੱਠੀ ਲਿਖਵਾਉਣ ‘ਤੇ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਤੇ ਇਸ ਨਾਲ ਕਰੋੜਾਂ ਸਿੱਖਾਂ ਦੀ ਆਸਥਾ ਜੁੜੀ ਹੈ ਪਰ ‘ਤੇ ਹੋਛੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ‘ਤੇ ਮੈਨੂੰ ਅਫ਼ਸੋਸ ਹੈ।
ਸਿੱਧੂ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਆਖ਼ਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਵਿੱਚ ਕੀ ਮੁਸ਼ਕਲ ਜਾਪਦੀ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ਵਿੱਚ ਸਾਡੇ ਖਿਡਾਰੀ ਉਨ੍ਹਾਂ ਵੱਲ ਪਿੱਠ ਕਰਕੇ ਖੜ੍ਹੇ ਹੋ ਜਾਣਗੇ? ਜੇਕਰ ਦੋਵਾਂ ਮੁਲਕਾਂ ਦਰਮਿਆਨ ਕ੍ਰਿਕਟ ਵੀ ਹੋ ਰਿਹਾ ਹੈ ਤਾਂ ਇਹ ਕੰਮ ਵੀ ਕਰਨਾ ਚਾਹੀਦਾ ਹੈ।

Be the first to comment

Leave a Reply