ਬਹਿਬਲ ਕਲਾਂ ਗੋਲੀ ਕਾਂਡ: ਜੱਜ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋਇਆ ਸੁਮੇਧ ਸੈਣੀ

ਚੰਡੀਗੜ੍ਹ: ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਗਏ ਜੱਜ ਰਣਜੀਤ ਸਿੰਘ ਕਮਿਸ਼ਨ ਕੋਲ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਦੇ ਪੇਸ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਗੌਰਤਲਬ ਹੈ ਕਿ ਜੱਜ ਰਣਜੀਤ ਸਿੰਘ ਕਮਿਸ਼ਨ ਵਲੋਂ 14 ਅਕਤੂਬਰ, 2015 ਨੂੰ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਉੱਤੇ ਉਸ ਸਮੇਂ ਦੇ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਦੀ ਅਗਵਾਈ ਵਾਲੀ ਪੁਲਿਸ ਟੋਲੀ ਨੇ ਗੋਲੀ ਚਲਾ ਦਿੱਤੀ ਸੀ। ਪੁਲਿਸ ਦੀ ਗੋਲੀ ਨਾਲ ਦੋ ਸਿੱਖ ਸ਼ਹੀਦ ਹੋ ਗਏ ਸੀ ਤੇ ਕਈ ਸਿੱਖ ਫੱਟੜ ਹੋਏ ਸਨ।ਖ਼ਬਰਾਂ ਮੁਤਾਬਿਕ ਜੱਜ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸੁਮੇਧ ਸੈਣੀ ਦਾ ਨਾਂ ਵੀ ਸਾਹਮਣੇ ਆਇਆ ਸੀ। ਉਸਨੂੰ ਕਮਿਸ਼ਨ ਨੇ 2017 ਵਿਚ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਸਮੇਂ ਡੀਜੀਪੀ ਦੇ ਅਹੁਦੇ ‘ਤੇ ਹੁੰਦੇ ਹੋਏ ਸੁਮੇਧ ਸੈਣੀ ਨੇ ਕਮਿਸ਼ਨ ਦੇ ਸੱਦੇ ‘ਤੇ ਕੋਈ ਜਵਾਬ ਨਹੀਂ ਦਿੱਤਾ ਸੀ।ਇਸ ਸਾਲ 30 ਜੂਨ ਨੂੰ ਆਪਣੀ ਨੌਕਰੀ ਪੂਰੀ ਕਰਕੇ ਹਟੇ ਸੁਮੇਧ ਸੈਣੀ ਵਲੋਂ ਬੀਤੇ ਦਿਨੀਂ ਕਮਿਸ਼ਨ ਕੋਲ ਆਪਣਾ ਜਵਾਬ ਦਰਜ ਕਰਾਇਆ ਗਿਆ ਸੀ, ਪਰ ਕਮਿਸ਼ਨ ਨੇ ਸੁਮੇਧ ਸੈਣੀ ਨੂੰ ਨਿਜੀ ਤੌਰ ‘ਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਦੁਬਾਰਾ ਹੁਕਮ ਕੀਤੇ ਸਨ।ਕੁਝ ਅਖ਼ਬਾਰੀ ਖ਼ਬਰਾਂ ਮੁਤਾਬਿਕ ਸੁਮੇਧ ਸੈਣੀ 15 ਜੂਨ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਇਆ ਸੀ। ਅਜੀਤ ਅਖ਼ਬਾਰ ਦੀ ਖ਼ਬਰ ਮੁਤਾਬਿਕ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ 30 ਜੂਨ, 2018 ਨੂੰ ਜਾਂਚ ਸਬੰਧੀ ਦਿੱਤੇ ਲੇਖੇ (ਰਿਪੋਰਟ) ਵਿਚ ਸੁਮੇਧ ਸੈਣੀ ਬਾਰੇ ਕੁਝ ਟਿੱਪਣੀਆਂ ਕੀਤੀਆਂ ਸੀ।ਕੁਝ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਮਿਸ਼ਨ ਨੂੰ ਕੁਝ ਸਬੂਤ ਮਿਲੇ ਹਨ ਜਿਹਨਾਂ ਤੋਂ ਸਾਫ ਹੁੰਦਾ ਹੈ ਕਿ ਬਰਗਾੜੀ ਬੇਅਦਬੀ ਘਟਨਾ ਵਿਰੁੱਧ ਬਹਿਬਲ ਕਲਾਂ ਪਿੰਡ ਵਿਖੇ ਧਰਨਾ ਦੇ ਰਹੇ ਸਿੱਖਾਂ ‘ਤੇ ਕਾਰਵਾਈ ਕਰਨ ਦੇ ਹੁਕਮ ਸੁਮੇਧ ਸੈਣੀ ਵਲੋਂ ਦਿੱਤੇ ਗਏ ਸਨ।

Be the first to comment

Leave a Reply