ਪੱਗ ਦੀ ਵਾਰ-ਵਾਰ ਬੇ-ਅਦਬੀ ਕਿਉਂ ਕਰਵਾਈ ਜਾਂਦੀ ਹੈ….?

ਸਿਆਸੀ ਆਗੂਆਂ ਲਈ ‘ਚਾਪਲੂਸੀ’ ਐਨੀ ਮਹੱਤਵਪੂਰਨ ਹੋ ਚੁੱਕੀ ਹੈ ਕਿ ਉਹ ਇਸ ਚਾਪਲੂਸੀ ਆਪਣੇ ਧਰਮ ਦੀਆਂ ਪ੍ਰੰਪਰਾਵਾਂ, ਮਰਿਆਦਾ ਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਵਾਉਣ ਤੋਂ ਵੀ ਭੋਰਾ ਭਰ ਗੁਰੇਜ਼ ਨਹੀਂ ਕਰਦੇ। ਚਾਪਲੂਸੀ ਕਾਰਨ ਗੈਰ ਸਿੱਖਾਂ ਦੇ ਸਿਰਾਂ ‘ਤੇ ਦਸਤਾਰ ਰੱਖਣੀ, ਇੱਕ ਰਿਵਾਜ਼ ਬਣਾ ਦਿੱਤਾ ਗਿਆ ਹੈ। ਇੱਕ ਪਿਰਤ ਪਾ ਦਿੱਤੀ ਗਈ ਹੈ। ਦਸਤਾਰ, ਕਿਸੇ ਸਿੱਖ ਦੀ ਜਾਂ ਕਿਸੇ ਵੀ ਹੋਰ ਵਿਅਕਤੀ ਦੀ ਜਾਇਦਾਦ ਨਹੀਂ ਹੈ। ਇਹ ਦਸਮੇਸ਼ ਪਿਤਾ ਦੀ ਦੇਣ ਹੈ। ਦਸ਼ਮੇਸ਼ ਪਿਤਾ ਦੀ ਅਮਾਨਤ ਹੈ। ਪ੍ਰੰਤੂ ਅਸੀਂ ਇਸ ਦਸਤਾਰ ਨੂੰ ‘ਪਗੜੀ’ ਦਾ ਨਾਮ ਦੇ ਛੱਡਿਆ ਹੈ। ਇਸ ਲਈ ਹਰ ‘ਐਰੇ-ਗੈਰੇ, ਨੱਥੂ-ਖੈਰੇ’ ਦੇ ਸਿਰ ‘ਤੇ ਦਸਤਾਰ ਰੱਖ ਦਿੱਤੀ ਜਾਂਦੀ ਹੈ। ਪਹਿਲੀ ਗੱਲ ਦਸਤਾਰ ਟੋਪੀ ਨਹੀਂ, ਜਿਹੜੀ ਰੱਖੀ ਜਾਵੇ, ਇਹ ਸਜਾਈ ਜਾਂਦੀ ਹੈ , ਰੱਖੀ ਨਹੀਂ ਜਾਂਦੀ। ਦੂਸਰਾ ਜਿਸ ਵਿਅਕਤੀ ਦੇ ਸਿਰ ‘ਤੇ ਰੱਖੀ ਜਾਂਦੀ ਹੈ ਕੀ ਉਹ ਇਸਦੇ ਲਾਇਕ ਵੀ ਹੈ। ਮਲੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਪੂਰੀ ਤਰ੍ਹਾਂ ਹਿੰਦੂਤਵੀ ਤਾਕਤਾਂ ਦਾ ਹੱਥਠੋਕਾ ਹੈ, ਸਿੱਖੀ ਦਾ ਕੱਟੜ ਦੁਸ਼ਮਣ ਹੈ। ਉਸਦੇ ਸਿਰ ‘ਤੇ ਬਾਦਲ ਦਲੀਏ, ਭਾਜਪਾ ਨਾਲ ਮਿਲ ਕੇ ਪੱਗ ਰੱਖਦੇ ਹਨ। ਉਹ ਵੀ ਕੇਸਰੀ ਰੰਗ ਦੀ। ਪ੍ਰੰਤੂ ਮੋਦੀ ਪੰਜ ਸੈਕਿੰਡ ਤੋਂ ਪਹਿਲਾ ਹੀ ਉਸ ਪੱਗ ਨੂੰ ਜਿਹੜੀ ਪੰਜਾਬੀਆਂ ਨੇ ਮਾਣ ਵਜੋਂ ਉਸਦੇ ਸਿਰ ‘ਤੇ ਰੱਖੀ ਸੀ। ਵਗ੍ਹਾ ਮਾਰਦਾ ਹੈ। ਉਸਨੂੰ ਇਹ ਪੱਗ ਭਾਰ ਜਾਪਦੀ ਹੈ। ਅਜਿਹੇ ਵਿਅਕਤੀ ਨੂੰ ਜਿਸਨੂੰ ਇੱਕ ਤਰ੍ਹਾਂ ਪੱਗ ਨਾਲ ਨਫ਼ਰਤ ਹੈ, ਉਸਦੇ ਸਿਰ ‘ਤੇ ਪੱਗ ਰੱਖ ਕੇ ਪੱਗ ‘ਤੇ ਪੰਜਾਬੀਆਂ ਦੇ ਮਾਣ ਨੂੰ ਮਿੱਟੀ ਵਿੱਚ ਕਿਉਂ ਰੋਲਿਆ ਗਿਆ?

ਆਖ਼ਰ ਸਾਡੇ ਧਾਰਮਿਕ ਅਖਵਾਉਂਦੇ ਆਗੂ, ਦਸਤਾਰ ਦੀ ਹੁੰਦੀ ਇਸ ਬੇਅਦਬੀ ‘ਤੇ ਚੁੱਪ ਕਿਉਂ ਹੋ ਜਾਂਦੇ ਹਨ? ਸਾਨੂੰ ਉਹਨਾਂ ਦੀ ਮਜ਼ਬੂਰੀ ਦਾ ਪਤਾ ਹੈ। ਉਹ ਬਾਦਲਾਂ ਦੇ ਗੁਲਾਮ ਹਨ। ਇਸ ਲਈ ਆਪਣੇ ਆਕਿਆਂ ਵਿਰੁੱਧ ਜ਼ੁਬਾਨ ਕਿਵੇਂ ਖੋਲ੍ਹ ਸਕਦੇ ਹਨ? ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਆਪਣੇ ਤੌਰ ‘ਤੇ ਅਜਿਹਾ ਫ਼ੈਸਲਾ ਕਰੇ ਕਿ ਕੋਈ ਵੀ ਸਿਆਸੀ ਪਾਰਟੀ, ਆਪਣੇ ਕਿਸੇ ਗ਼ੈਰ ਸਿੱਖ ਆਗੂ ਨੂੰ, ਉਸਦੇ ਸਿਰ ‘ਤੇ ਪੱਗ ਰੱਖ ਕੇ ਸਨਮਾਨ ਨਹੀਂ ਦੇਵੇਗੀ। ਅਸੀਂ ਜਾਣਦੇ ਹਾਂ ਕਿ ਹਰ ਸੂਬੇ ਵਿੱਚ ਉਥੋਂ ਦੇ ਪਹਿਰਾਵੇ ਅਨੁਸਾਰ ਬਾਹਰੋਂ ਆਏ ਆਗੂਆਂ, ਉਥੋਂ ਦਾ ਪਹਿਰਾਵਾ ਪਹਿਨਾ ਕੇ ਸੁਆਗਤ ਕੀਤਾ ਜਾਂਦਾ ਹੈ। ਪ੍ਰੰਤੂ ਦਸਤਾਰ ਪੰਜਾਬ ਦਾ ਪਹਿਰਾਵਾ ਨਹੀਂ। ਇਹ ਸਿੱਖ ਪੰਥ ਨੂੰ, ਦਸਮੇਸ਼ ਪਿਤਾ ਦੀ ਦਿੱਤੀ ਨਿਆਰੀ ਤੇ ਨਿਰਾਲੀ ਦਾਤ ਹੈ। ਜਿਸਨੂੰ ਕਿਸੇ ਬੇਗਾਨੇ ਨੂੰ ਨਹੀਂ ਦਿੱਤਾ ਜਾ ਸਕਦਾ। ਦਸਮੇਸ਼ ਪਿਤਾ ਨੇ ਵੀ ਜੇ ਭੰਗਾਣੀ ਦੇ ਯੁੱਧ ਵਿੱਚ ਜਿੱਤ ਤੋਂ ਬਾਅਦ ਯੁੱੱਧ ‘ਚ ਪੰਜਾਬ ਵਿੱਚ ਮਹਾਨ ਕੁਰਬਾਨੀ ਕਰਨ ਵਾਲਿਆਂ ਪੀਰ ਬੁੱਧੂ ਸ਼ਾਹ ਤੇ ਮਹੰਤ ਕ੍ਰਿਪਾਲ ਦਾਸ ਨੂੰ ਨਵਾਜਿਆ ਸੀ ਤਾਂ ਉਹਨਾਂ ਨੂੰ ਆਪਣੀ ਦਸਤਾਰ ਦਾ ਅੱਧਾ ਹਿੱਸਾ ਬਤੌਰ ਨਿਸ਼ਾਨੀ ਦਿੱਤਾ ਸੀ, ਉਹਨਾਂ ਦੇ ਸਿਰ ‘ਤੇ ਦਸਤਾਰ ਨਹੀਂ ਸੀ ਰੱਖੀ। ਪ੍ਰੰਤੂ ਜਿਵੇਂ ਅਸੀਂ ਪਹਿਲਾ ਵੀ ਵਾਰ-ਵਾਰ ਲਿਖਿਆ ਹੈ ਕਿ ਚਾਪਲੂਸ ਸਿਆਸੀ ਆਗੂਆਂ ਦਾ ਕੋਈ ਦੀਨ-ਈਮਾਨ , ਧਰਮ ਨਹੀਂ ਹੁੰਦਾ। ਫ਼ਿਰ ਉਹਨਾਂ ਲਈ ਦਸਤਾਰ ਦਾ ਅਦਬ, ਸਤਿਕਾਰ ਤੇ ਮਹੱਤਤਾ ਦੇ ਵੀ ਕੋਈ ਅਰਥ ਨਹੀਂ ਰਹਿਦੇ। ਜਿਵੇਂ ਅਸੀਂ ਉੱਪਰ ਲਿੱਖਿਆ ਹੈ ਕਿ ਇਹ ਫੈਸਲਾ ਹੁਣ ਸਮੁੱਚੀ ਕੌਮ ਨੂੰ ਠੋਕ,ਵਜਾ ਕੇ ਕਰਨਾ ਪਵੇਗਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਫ਼ੈਸਲਾ ਸਾਰਿਆਂ ਧਿਰਾਂ ‘ਤੇ ਲਾਗੂ ਹੋਵੇਗਾ ਕਿ ਉਹ ਦਸਤਾਰ ਦੀ ਬੇਅਦਬੀ ਨੂੰ ਰੋਕਣ ਲਈ ਇਸਨੂੰ ਸਨਮਾਨ ਚਿੰਨ੍ਹ ਵਜੋਂ ਨਹੀਂ ਵਰਤਣਗੇ। ਜਿਹੜੀ ਪਾਰਟੀ, ਧਿਰ ਜਾਂ ਜਥੇਬੰਦੀ ਅਜਿਹਾ ਗੁਨਾਹ ਕਰੇਗੀ, ਪੱਗ ਦੀ ਬੇਅਦਬੀ ਕਰਵਾਏਗੀ ਉਸ ਧਿਰ, ਪਾਰਟੀ ਜਾਂ ਜਥੇਬੰਦੀ ਦਾ ਸਮੁੱਚਾ ਖ਼ਾਲਸਾ ਪੰਥ ਬਾਈਕਾਟ ਕਰੇਗਾ। ਇਸ ਲਈ ਕਿਸੇ ਹੁਕਮਨਾਮੇ ਦੀ ਲੋੜ ਨਹੀਂ ਰਹੇਗੀ।
ਸਗੋਂ ਕੌਮ ਦੇ ਸਮੂਹਿਕ ਫ਼ੈਸਲੇ ਵਜੋਂ ਲਾਗੂ ਮੰਨਿਆ ਜਾਵੇਗਾ। ਅਸੀਂ ਅੱਜ ਇਹ ਵੀ ਦਾਅਵਾ ਕਰਦੇ ਹਾਂ ਕਿ ਮੋਦੀ ਨੇ ਪੰਜਾਬ ਦੀ ਧਰਤੀ ਤੋਂ ਮਿਸ਼ਨ-2019 ਆਰੰਭਿਆ ਹੈ। ਇਸ ਮਿਸ਼ਨ ਦੀ ਆਰੰਭਤਾ ਉਸਨੇ ਦਸਤਾਰ ਦੀ ਬੇਅਦਬੀ ਕਰਕੇ ਕੀਤੀ ਹੈ, ਇਸਦੀ ਸਜ਼ਾ ਉਸਨੂੰ ਜ਼ਰੂਰ ਮਿਲੇਗੀ। ਤਿੰਨ ਸੂਬਿਆਂ ਵਿੱਚੋਂ ਅੱਡੀ-ਚੋਟੀ ਦਾ ਜ਼ੋਰ ਲਾਕੇ ਕੀਤੇ ਇਕੱਠ ਨੇ ਵੀ ਇਸ ਸੱਚ ‘ਤੇ ਮੋਹਰ ਲਾ ਦਿੱਤੀ ਹੈ ਕਿ ਹੁਣ ਮੋਦੀ ਦੇ ਦਿਨ ਲੰਘ ਗਏ ਹਨ। ਦੂਸਰਾ ਉਸਨੇ ਦਸਤਾਰ ਦੀ ਬੇਅਦਬੀ ਕਰਕੇ ਆਪਣੀ ਪਾਰਟੀ ਦੇ ਕਫ਼ਨ ਵਿੱਚ ਖ਼ੁਦ ਹੀ ਕਿੱਲ ਠੋਕ ਦਿੱਤਾ ਹੈ। ਸਾਡੀ ਇਹ ਭਵਿੱਖਬਾਣੀ 2019 ਦੇ ਚੋਣ ਨਤੀਜਿਆਂ ਸਮੇਂ ਸੱਚ ਸਾਬਤ ਹੋਵੇਗੀ , ਇਹ ਅਸੀਂ ਗੁਰੂ ਦੇ ਭਰੋਸੇ ਅਨੁਸਾਰ ਦਾਅਵਾ ਕਰਦੇ ਹਾਂ।

Be the first to comment

Leave a Reply