ਪੰਜਾਬ ‘ਚ ਕਿੰਝ ਹੋਇਆ 50 ਹਜ਼ਾਰ ਕਰੋੜ ਦਾ ਨਿਵੇਸ਼? ਅਰੋੜਾ ਨੇ ਖੁੱਦ ਦਸਿਆ

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਦਿੱਲੀ ਵਿਖੇ ਆਯੋਜਿਤ ਅੰਤਰ-ਰਾਸ਼ਟਰੀ ਭਾਰਤ ਵਪਾਰ ਮੇਲੇ ਦੌਰਾਨ ਪੰਜਾਬ ਡੇਅ ਸਮਾਗਮ ਮੌਕੇ ਸੰਬੋਧਨ ਕਰਦਿਆਂ ਪ੍ਰਗਟਾਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਨਿਵੇਸ਼ ਪੱਖੀ ਮਾਹੌਲ ਸਦਕਾ ਪੰਜਾਬ ‘ਚ ਬੀਤੇ ਢਾਈ ਸਾਲਾਂ ਦੌਰਾਨ ਉਦਯੋਗਿਕ ਖੇਤਰ ਵਿੱਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਯੋਗ ਅਗਵਾਈ ਸਦਕਾ ਪੰਜਾਬ ਵਿੱਚ ਉਦਯੋਗਾਂ ਦੇ ਵਿਕਾਸ ਦੀ ਨੀਤੀ ਅਤੇ ਵਪਾਰ ਲਈ ਸੌਖ ਕਰਨ ਵਿੱਚ ਹੋਏ ਵੱਡੇ ਸੁਧਾਰਾਂ ਸਦਕਾ ਇਹ ਨਿਵੇਸ਼ ਸੰਭਵ ਹੋਇਆ ਹੈ। । ਸ੍ਰੀ ਅਰੋੜਾ ਨੇ ਸੂਬੇ ਵਿੱਚ ਹੋਏ ਵੱਡੇ ਨਿਵੇਸ਼ਾਂ ਬਾਰੇ ਦੱਸਦਿਆਂ ਕਿਹਾ ਕਿ ਪਠਾਨਕੋਟ ਵਿਖੇ 41 ਏਕੜ ਰਕਬੇ ਵਿੱਚ 800 ਕਰੋੜ ਦਾ ਪੈਪਸੀਕੋ ਯੂਨਿਟ (ਵਰੁਣ ਬੇਵੇਰਜਜ਼) ਲੁਧਿਆਣਾ ਵਿੱਚ 521 ਕਰੋੜ ਰੁਪਏ ਦਾ ਸੀ.ਐਨ. ਆਈ.ਐਫ.ਐਫ.ਸੀ.ਓ. ਫਰੋਜ਼ਨ ਫੂਡਜ਼ ਫੂਡ ਪ੍ਰਾਸੈਸਿੰਗ, ਲੁਧਿਆਣਾ ਵਿੱਚ 550 ਕਰੋੜ ਰੁਪਏ ਦਾ ਹੈਪੀ ਫੋਰਗਿੰਗਜ਼ (ਫੋਰਸਿੰਗ ਤੇ ਮਸ਼ੀਨਰੀ) ਅਤੇ ਲੁਧਿਆਣਾ ਵਿੱਚ 237 ਕਰੋੜ ਰੁਪਏ ਦਾ ਵਰਧਮਾਨ ਸਪੈਸ਼ਲ ਸਟੀਲ ਪ੍ਰਾਜੈਕਟ ਅਹਿਮ ਪ੍ਰਾਜੈਕਟ ਹਨ। ਪੰਜਾਬ ਸਰਕਾਰ ਵੱਲੋਂ ਇਨਵੈਸਟ ਪੰਜਾਬ ਦੇ ਨਾਂ ਹੇਠ ਇਕੋ ਹੀ ਦਫਤਰ ਨਿਵੇਸ਼ਕਾਂ ਦੀ ਸਹੂਲਤ ਲਈ ਹੈ। ਉਨ੍ਹਾਂ ਦੱਸਿਆ ਕਿ ਇੱਕੋ ਹੀ ਥਾਂ ‘ਤੇ ਹਰ ਤਰ੍ਹਾਂ ਦੀ ਜਾਣਕਾਰੀ, ਸਾਰੀਆਂ ਸਹੂਲਤਾਂ ਅਤੇ ਪ੍ਰਵਾਨਗੀਆਂ ਆਦਿ ਇਕ ਛੱਤ ਹੇਠਾਂ ਮਿਲਦੀਆਂ ਹਨ। ਬਿਊਰੋ ਹੁਣ ਆਨਲਾਈਨ ਇਨਵੈਸਟ ਪੰਜਾਬ ਬਿਜਨਿਸ ਫਸਟ ਪੋਰਟਲ ਰਾਹੀਂ 12 ਵਿਭਾਗਾਂ ਦੀਆਂ 66 ਰੈਗੂਲੇਟਰੀ ਸੇਵਾਵਾਂ, 34 ਵਿੱਤੀ ਰਿਆਇਤਾਂ, ਸ਼ੁਰੂ ਤੋਂ ਅੰਤ ਤੱਕ ਆਨਲਾਈਨ ਪ੍ਰਾਸੈਸਿੰਗ, ਰੀਅਲ ਟਾਈਮ ਇਨਵੈਸਟਮੈਂਟ ਟਰੈਕਰ ਅਤੇ ਸਮਰਪਿਤ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਸੇਵਾਵਾਂ ਦੇ ਰਹੀ ਹੈ। ਬਿਊਰੋ ਨੇ ਐਮ.ਐਸ.ਐਮ.ਈ. ਯੂਨਿਟ ਨੂੰ ਸਿੱਧਾ ਫਾਇਦਾ ਪਹੁੰਚਾਣ ਲਈ ਹਾਲ ਹੀ ਵਿੱਚ ਇਨਵੈਸਟ ਪੰਜਾਬ ਮਾਡਲ ਦਾ ਘੇਰਾ ਜ਼ਿਲਾ ਪੱਧਰ ਤੱਕ ਵੀ ਵਧਾਇਆ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਇਸ ਵੇਲੇ ਐਮ.ਐਸ.ਐਮ.ਈ. ਦਾ ਧੁਰਾ ਹੈ ਜਿੱਥੇ ਸੂਬੇ ਵਿੱਚ 2 ਲੱਖ ਤੋਂ ਵੱਧ ਐਮ.ਐਸ.ਐਮ.ਈਜ਼ ਰਜਿਸਟ੍ਰਰਡ ਹਨ, ਜਿਹੜੇ ਹਾਈ ਟੈਕ ਆਟੋ ਪਾਰਟਸ, ਤਿਆਰ ਕੀਤੇ ਜਾਣ ਵਾਲੇ ਖਾਣ ਵਾਲੇ ਪਦਾਰਥ, ਜੂਸ, ਟੈਕਸਟਾਈਲ, ਖੇਡਾਂ ਦਾ ਸਮਾਨ, ਮਸ਼ੀਨਾਂ, ਟੂਲ ਆਦਿ ਖੇਤਰ ਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਹੋਰ ਅਹਿਮ ਪਹਿਲਕਦਮੀ ਤਹਿਤ 48 ਫੋਕਲ ਪੁਆਇੰਟਾਂ ਲਈ ਆਨਲਾਈਨ ਲੈਂਡ ਬੈਂਕਾਂ ਦਾ ਨਿਰਮਾਣ ਕੀਤਾ ਗਿਆ ਹੈ ਜੋ ਕਿ ਸਾਰੇ ਪ੍ਰਸੰਗਕ ਵੇਰਵੇ ਜਿਵੇਂ ਕਿ ਖਾਕਾ ਯੋਜਨਾਵਾਂ, ਪਲਾਟਾਂ ਦੀ ਗਿਣਤੀ, ਈ-ਨਿਲਾਮੀ/ਅਲਾਟਮੈਂਟ ਦੇ ਸਬੰਧੀ ਜਾਣਕਾਰੀ ਆਦਿ ਸ਼ਾਮਲ ਹੈ। ਇਸ ਦੇ ਨਾਲ ਹੀ ਸਾਰੇ ਉਦਯੋਗਿਕ ਫੋਕਲ ਪੁਆਇੰਟਾਂ ਲਈ ਦੀ ਜੀ.ਆਈ.ਐਸ-ਅਧਾਰਤ ਮੈਪਿੰਗ ਵੀ ਕੀਤੀ ਗਈ ਹੈ ਜਿਸ ਵਿੱਚ ਜ਼ਮੀਨਾਂ ਦੇ ਮੌਜੂਦਾ ਰੇਟ ਅਤੇ ਫੋਕਲ ਪੁਆਇੰਟਸ ਵਿਚ ਉਪਲੱਬਧ ਬੁਨਿਆਦੀ ਢਾਂਚੇ ਸਬੰਧੀ ਵੇਰਵਿਆਂ ਦੀ ਜਾਣਕਾਰੀ ਸ਼ਾਮਲ ਹੈ। ਸ੍ਰੀ ਅਰੋੜਾ ਨੇ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਪੰਜਾਬ ਦੇ ਸਾਰੇ ਉਦਯੋਗਾਂ ਨੂੰ 24 ਘੰਟੇ ਬਿਜਲੀ ਸਪਲਾਈ ਉਪਲੱਬਧ ਕਰਵਾਈ ਜਾਵੇ। ਸੂਬੇ ਵਿੱਚ ਬਿਜਲੀ ਦਾ ਬੁਨਿਆਦੀ ਢਾਂਚਾ ਵੀ ਬਹੁਤ ਮਜ਼ਬੂਤ ਹੈ ਕਿਉਂਕਿ 400 ਕੇ.ਵੀ. ਰਿੰਗ ਮੇਨ ਸਿਸਟਮ ਸਥਾਪਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਵਿਕਰੀ ‘ਤੇ ਨਿਵੇਸ਼ਕਾਂ ਨੂੰ ਜੀ.ਐਸ.ਟੀ ਦੀ ਭਰਪਾਈ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਇਸ ਮਹੱਤਵਪੂਰਣ ਸੁਧਾਰ ਦੀ ਉਨ੍ਹਾਂ ਨਿਵੇਸ਼ਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ ਜਿਨ੍ਹਾਂ ਕੋਲ ਆਪਣੀ ਨਿਰਧਾਰਤ ਪੂੰਜੀ ਨਿਵੇਸ਼ ਦੇ 200 ਫੀਸਦੀ ਤੱਕ ਦਾ ਮੁਨਾਫਾ ਹਾਸਲ ਕਰਨ ਦਾ ਵਿਕਲਪ ਮੌਜੂਦ ਹੈ। ਇਹ ਉਦਯੋਗਿਕ ਵਪਾਰ ਵਿਕਾਸ ਨੀਤੀ ਕਈ ਹੋਰ ਆਕਰਸ਼ਕ ਲਾਭ ਵੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਪ੍ਰਤੀ ਕਰਮਚਾਰੀ (ਪ੍ਰਤੀ ਸਾਲ ਵੱਧ ਤੋਂ ਵੱਧ 5 ਸਾਲ ਲਈ) 48,000 ਰੁਪਏ ਦੀ ਸਬਸਿਡੀ, ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਤੋਂ ਛੋਟ, ਸੀ.ਐਲ.ਯੂ./ਈ.ਡੀ.ਸੀ. ਚਾਰਜਿਜ਼ ਅਤੇ ਨਾਲ ਹੀ ਜਾਇਦਾਦ ਟੈਕਸ ਸ਼ਾਮਲ ਹਨ।

ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪੰਜਾਬ ਪਵਿਲੀਅਨ ਵਿਖੇ ਆਪੋ ਆਪਣੇ ਉਤਪਾਦਾਂ ਦੀ ਨੁਮਾਇਸ਼ ਲਗਾਈ ਗਈ ਸੀ। ਪੰਜਾਬ ਡੇਅ ਸਮਾਗਮ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਸਭਿਆਚਾਰਕ ਗੀਤਾਂ ਨਾਲ ਰੰਗ ਬੰਨ੍ਹਿਆਂ ਗਿਆ।

Be the first to comment

Leave a Reply