ਪੰਜਾਬ ਤੋਂ ਗਏ, ਹੁਣ ਤੀਜੀ ਪੀੜ੍ਹੀ ਬਾਗ਼ਵਾਨੀ ‘ਚ

ਅਮਰੀਕਾ ਦੇ 90 ਫ਼ੀਸਦੀ ਅਖਰੋਟ ਦੀ ਪੈਦਾਵਾਰ ਕਰਨ ਵਾਲੀ ਇਸ ਵੈਲੀ ‘ਚ ਪੰਜਾਬੀ ਕਈ ਦਹਾਕਿਆਂ ਤੋਂ ਬਾਗ਼ਵਾਨੀ ਕਰ ਰਹੇ ਹਨ। 1966 ‘ਚ ਜਲੰਧਰ ਦੇ ਜੰਡਿਆਲਾ ਪਿੰਡ ਤੋਂ ਸੈਕ੍ਰਾਮੈਂਟੋ ਵੈਲੀ ‘ਚ ਆਏ ਸਰਬ ਜੌਹਲ ਅੱਜ ਆਪਣੇ 1200 ਏਕੜ ਦੇ ਅਖਰੋਟ ਦੇ ਬਾਗ਼ ਦੇ ਨਾਲ-ਨਾਲ ਪ੍ਰਰੋਸੈਸਿੰਗ ਯੂਨਿਟ ਵੀ ਚਲਾ ਰਹੇ ਹਨ। 1963 ‘ਚ ਉਨ੍ਹਾਂ ਦੇ ਪਿਤਾ ਇੱਥੇ ਆਏ ਸਨ ਤੇ ਅੱਜ ਤੀਜੀ ਪੀੜ੍ਹੀ ਬਾਗ਼ਵਾਨੀ ‘ਚ ਹੈ। ਉਨ੍ਹਾਂ ਦੀ ਧੀ ਕਿਰਨ ਆਪਣੀ ਹੀ ਨਹੀਂ ਬਲਕਿ ਸੈਕ੍ਰਾਮੈਂਟੋ ਵਾਲਨਟ ਗੋ੍ਅਰਸ ਦੀ ਮਾਰਕੀਟਿੰਗ ਦਾ ਜ਼ਿੰਮਾ ਸੰਭਾਲਦੀ ਹੈ ਜਦਕਿ ਜਵਾਈ ਕੈਮਰਨ ਆਪਰੇਸ਼ਨ ਦਾ ਕੰਮ ਵੇਖਦੇ ਹਨ। ਸਰਬ ਜੌਹਲ ਦੱਸਦੇ ਹਨ ਕਿ ਇੱਥੇ ਕਰੀਬ 20 ਫ਼ੀਸਦੀ ਅਖਰੋਟ ਬਾਗਾਂ ਮਾਲਕ ਪੰਜਾਬੀ ਹਨ ਜਦਕਿ ਆੜੂ ਦੇ ਤਾਂ 75 ਫ਼ੀਸਦੀ ਬਾਗ਼ ਪੰਜਾਬੀਆਂ ਦੇ ਹਨ ਤੇ ਉਹ ਹੀ ਉਨ੍ਹਾਂ ਨੂੰ ਚਲਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਵਡਾਲਾ ਮਾਹੀ ਦੇ ਸਮਰਾ ਪਰਿਵਾਰ ਦੀ ਵੀ ਤੀਜੀ ਪੀੜ੍ਹੀ ਟਰਲਾਕ ‘ਚ ਅਖਰੋਟ ਤੋਂ ਇਲਾਵਾ ਪਿਸਤਾ ਤੇ ਬਦਾਮ ਦੀ ਬਾਗ਼ਵਾਨੀ ਕਰ ਰਹੀ ਹੈ। 1975 ‘ਚ ਪਰਵਿੰਦਰ ਸਮਰਾ ਦੇ ਪਿਤਾ ਇੱਥੇ ਆਏ ਸਨ। ਅੱਜ ਪਰਵਿੰਦਰ ਕੋਲ ਕਰੀਬ ਤਿੰਨ ਸੌ ਏਕੜ ਦੇ ਬਾਗ਼ ਹਨ। ਉਨ੍ਹਾਂ ਦੇ ਦੋਵੇਂ ਪੁੱਤਰ ਗੁਰਤਾਜ ਤੇ ਸੁਖਰਾਜ ਸਮਰਾ ਵੀ ਬਾਗ਼ਵਾਨੀ ‘ਚ ਉਨ੍ਹਾਂ ਦਾ ਹੱਥ ਵੰਡਾ ਰਹੇ ਹਨ। ਭਵਿੱਖ ‘ਚ ਇਹ ਆਪਣੀ ਪ੍ਰਰੋਸੈਸਿੰਗ ਯੂਨਿਟ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਸਰਬ ਜੌਹਲ ਤੇ ਪਰਵਿੰਦਰ ਵਾਂਗ ਕਈ ਹੋਰ ਪੰਜਾਬੀ ਇੱਥੇ ਸਫਲਤਾ ਦੀ ਕਹਾਣੀ ਲਿਖ ਰਹੇ ਹਨ।

ਪੰਜਾਬੀਆਂ ਦਾ ਅਹਿਮ ਯੋਗਦਾਨ : ਪਾਮੇਲਾ ਗ੍ਰੇਵਿਏਟ

ਕੈਲੀਫੋਰਨੀਆ ਵਾਲਨਟ ਕਮਿਸ਼ਨ ਦੀ ਸੀਨੀਅਰ ਮਾਰਕੀਟਿੰਗ ਡਾਇਰੈਕਟਰ ਪਾਮੇਲਾ ਗ੍ਰੇਵਿਏਟ ਕਹਿੰਦੀ ਹੈ, ‘ਪੰਜਾਬ ਦੇ ਬਾਗ਼ਵਾਨ ਬਹੁਤ ਮਿਹਨਤੀ ਹਨ। ਇੱਥੋਂ ਦੇ ਹਰੇਕ ਅਖਰੋਟ ਉਤਪਾਦਕ ਨੂੰ ਕਮਿਸ਼ਨ ਨਾਲ ਜੁੜਨਾ ਜ਼ਰੂਰੀ ਹੈ। ਕੁੱਲ 4800 ਦੇ ਆਸਪਾਸ ਬਾਗ਼ਵਾਨ ਕਮਿਸ਼ਨ ਨਾਲ ਜੁੜੇ ਹਨ। ਇਨ੍ਹਾਂ ‘ਚ ਕਿੰਨੇ ਪੰਜਾਬੀ ਹਨ। ਇਸ ਦਾ ਸਹੀ ਅੰਕੜਾ ਤਾਂ ਨਹੀਂ ਹੈ, ਪਰ ਏਨਾ ਜ਼ਰੂਰ ਹੈ ਕਿ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਦਿਲ ਪੰਜਾਬ ‘ਚ ਪਰ ਰਹਿਣਾ ਇੱਥੇ ਹੀ ਚਾਹੁੰਦੇ ਹਨ

ਸਰਬ ਜੌਹਲ ਤੇ ਪਰਵਿੰਦਰ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਥੇ ਮਿਹਨਤ ਨਾਲ ਬਹੁਤ ਕੁਝ ਹਾਸਲ ਕੀਤਾ ਹੈ। ਹੁਣ ਤਾਂ ਇੱਥੇ ਹੀ ਰਹਿਣਾ ਹੈ। ਕਈ ਰਿਸ਼ਤੇਦਾਰ ਵੀ ਇੱਥੇ ਹੀ ਹਨ। ਅਗਲੀ ਪੀੜ੍ਹੀ ਤਾਂ ਅਮਰੀਕੀ ਹੀ ਹੋ ਗਈ ਹੈ। ਫਿਰ ਵੀ ਕਦੀ ਵੀ ਪੰਜਾਬ ਜਾਣ ਦਾ ਬਹੁਤ ਮਨ ਕਰਦਾ ਹੈ। ਪਰਵਿੰਦਰ ਆਪਣੀ ਮਾਂ ਨੂੰ ਮਿਲਣ ਵਡਾਲਾ ਜਾਂਦੇ ਰਹਿੰਦੇ ਹਨ। ਸਰਬ ਜੌਹਲ ਦਾ ਕਹਿਣਾ ਹੈ ਕਿ ਕਈ ਪੰਜਾਬੀਆਂ ਵਾਂਗ ਉਨ੍ਹਾਂ ਦੀ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਪੰਜਾਬ ਆਉਣ ਦੀ ਇੱਛਾ ਹੈ ਤੇ ਉਹ ਜ਼ਰੂਰ ਆਉਣਗੇ। ਪੰਜਾਬੀ ਬਾਗ਼ਵਾਨਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ਦੀ ਤੁਲਨਾ ‘ਚ ਇੱਥੇ ਘੱਟ ਮਿਹਨਤ ਕਰ ਕੇ ਜ਼ਿਆਦਾ ਪੈਸੇ ਕਮਾ ਸਕਦੇ ਹਨ ਤੇ ਚੰਗੀ ਜ਼ਿੰਦਗੀ ਜਿਊ ਸਕਦੇ ਹਨ। ਉਹ ਕਹਿੰਦੇ ਹਨ, ‘ਇੱਥੇ ਕੰਮ ਤੇ ਵਪਾਰ ਕਰਨ ਦੇ ਹਾਲਾਤ ਉਨ੍ਹਾਂ ਨੂੰ ਭਾਰਤ ਨਾਲੋਂ ਕਿਤੇ ਜ਼ਿਆਦਾ ਚੰਗੇ ਲਗਦੇ ਹਨ।’