ਪੰਜਾਬੀਆਂ ਦੇ ਕੈਨੇਡਾ ਜਾਣ ਦੇ ਚਾਅ ਦਾ ਰੂਹ ਕੰਬਾਊ ਸੱਚ ਆਇਆ ਸਾਹਮਣੇ

ਕੈਨੇਡਾ ਭੇਜਣ ਦੀ ਥਾਂ ਬੰਗਲੌਰ ਦੇ ਜੰਗਲਾਂ ‘ਚ ਬਣਾਇਆ ਕੈਦੀ
ਬਰਨਾਲਾ: ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟਾਂ ਨੇ 15 ਪੰਜਾਬੀਆਂ ਸਮੇਤ ਕੁੱਲ 100 ਤੋਂ ਜ਼ਿਆਦਾ ਨੌਜਵਾਨਾਂ ਨੂੰ ਬੰਗਲੁਰੂ ਦੇ ਜੰਗਲਾਂ ਵਿੱਚ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਬਰਨਾਲਾ ਦੇ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਵੀ ਉਨ੍ਹਾਂ ਪੰਜਾਬੀਆਂ ਨਾਲ ਬੰਧਕ ਬਣਾਇਆ ਗਿਆ ਸੀ ਪਰ ਉਹ ਜਾਨ ਬਚਾ ਕੇ ਭੱਜ ਆਇਆ। ਉਸ ਨੇ ਕਿਹਾ ਕਿ ਏਜੰਟ ਅਗ਼ਵਾ ਕੀਤੇ ਨੌਜਵਾਨਾਂ ਦੇ ਘਰੋਂ ਪੈਸੇ ਮੰਗਵਾਉਂਦੇ ਹਨ ਤੇ ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਏਜੰਟ ਹੁਣ ਤਕ ਤਿੰਨ ਨੌਜਵਾਨਾਂ ਨੂੰ ਮਾਰ ਚੁੱਕੇ ਹਨ। ਗੁਰਪ੍ਰੀਤ ਨੇ ਦੱਸਿਆ ਕਿ ਬੰਧਕ ਬਣਾਏ ਗਏ ਨੌਜਵਾਨਾਂ ਵਿੱਚੋਂ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ ਤੇ ਨੇਪਾਲ ਤੇ ਬੰਗਲਾਦੇਸ਼ ਦੇ ਵਸਨੀਕ ਵੀ ਹਨ। ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਇਹ ਸਾਰੀ ਕਹਾਣੀ ਬਰਨਾਲਾ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਦੱਸੀ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਅੱਠ ਏਜੰਟਾਂ ‘ਤੇ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਗੁਰਪ੍ਰੀਤ ਦੀ ਸ਼ਿਕਾਇਤ ਤੋਂ ਬਾਅਦ ਕੈਨੇਡਾ ਵਿੱਚ ਰਹਿ ਰਹੇ ਗੁਰਪ੍ਰੀਤ, ਮੋਗਾ ਦੇ ਰਹਿਣ ਵਾਲੇ ਰਣਜੀਤ, ਠੀਕਰੀਵਾਲਾ ਦੇ ਰਹਿਣ ਵਾਲੇ ਸੁਖਪ੍ਰੀਤ, ਅੰਮ੍ਰਿਤਸਰ ਵਾਸੀ ਸਾਗਰ, ਦਿੱਲੀ ਦੇ ਰਹਿਣ ਵਾਲੇ ਚੌਧਰੀ, ਬਰਨਾਲਾ ਦੇ ਗੁਰਪਾਲ ਤੇ ਹਨੀ ਸ਼ਰਮਾ, ਤਪਾ ਦੇ ਅਨਮੋਲ ਸ਼ਰਮਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਤੇ ਸੁਖਪ੍ਰੀਤ ਨੂੰ ਫੜ ਲਿਆ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਉਹ ਏਜੰਟਾਂ ਦੇ ਕਹਿਣ ‘ਤੇ ਪਿਛਲੇ ਸਾਲ ਦਸੰਬਰ ਵਿੱਚ ਦਿੱਲੀ ਗਿਆ ਸੀ। ਉਸ ਨੂੰ ਪਹਿਲਾਂ ਇੱਕ ਮਹੀਨਾ ਦਿੱਲੀ ਘੁੰਮਾਇਆ ਗਿਆ। ਫਿਰ ਜਹਾਜ਼ ਰਾਹੀਂ ਮੁੰਬਈ ਤੇ ਬਾਅਦ ਵਿੱਚ ਬੇਂਗਲੁਰੂ ਲਿਜਾਇਆ ਗਿਆ। ਗਰੋਹ ਦੇ ਦੋ ਬਦਮਾਸ਼ਾਂ ਉਸ ਨੂੰ ਇੱਕ ਰਾਤ ਗੱਡੀ ਵਿੱਚ ਬਿਠਾ ਕੇ ਬੇਂਗਲੁਰੂ ਨੇੜੇ ਜੰਗਲਾਂ ਵਿੱਚ ਲੈ ਗਏ ਤੇ ਕਮਰੇ ਵਿੱਚ ਬੰਦ ਕਰ ਦਿੱਤਾ। ਕਮਰੇ ਵਿੱਚ ਪਹਿਲਾਂ ਤੋਂ ਹੀ 100 ਨੌਜਵਾਨ ਕੈਦ ਸਨ। ਬੰਦੂਕ ਦੀ ਨੋਕ ‘ਤੇ ਕੈਨੇਡਾ ਵਾਲੇ ਸਿੰਮ ਤੋਂ ਗੁਰਪ੍ਰੀਤ ਦੀ ਗੱਲ ਉਸ ਦੀ ਮਾਂ ਨਾਲ ਕਰਵਾਈ ਗਈ ਤੇ ਉਸ ਤੋਂ ਜ਼ਬਰਦਸਤੀ ਕਹਾਇਆ ਗਿਆ ਕਿ ਉਹ ਕੈਨੇਡਾ ਪਹੁੰਚ ਗਿਆ ਹੈ ਅਤੇ ਏਜੰਟਾਂ ਨੂੰ ਬਾਕੀ ਬਚੇ 10 ਲੱਖ ਰੁਪਏ ਦੇ ਦਿੱਤੇ ਜਾਣ। ਪੁੱਤ ਦੇ ਫ਼ੋਨ ਤੋਂ ਬਾਅਦ ਮਾਂ ਨੇ ਤੀਜੇ ਦਿਨ ਏਜੰਟ ਨੂੰ ਪੈਸੇ ਦੇ ਦਿੱਤੇ। ਉਸ ਨੇ ਦੱਸਿਆ ਕਿ ਏਜੰਟ ਸਾਰੇ ਨੌਜਵਾਨਾਂ ਨੂੰ ਭੁੱਖਾ ਰੱਖਦੇ ਹਨ ਤੇ ਬਹੁਤ ਕੁੱਟਮਾਰ ਕਰਦੇ ਹਨ। ਦਿਨ ਵਿੱਚ ਦੋ ਵਾਰ ਕੈਮੀਕਲ ਵਾਲਾ ਪਾਣੀ ਪਿਆਇਆ ਜਾਂਦਾ ਹੈ ਅਤੇ ਹਫ਼ਤੇ ਵਿੱਚ ਦੋ ਵਾਰ ਖਾਣ ਲਈ ਸਿਰਫ ਚੌਲ਼ ਹੀ ਦਿੱਤੇ ਜਾਂਦੇ ਹਨ। ਗੁਰਪ੍ਰੀਤ ਨੇ ਦੱਸਿਆ ਕਿ ਪਹਿਲਾਂ ਗੰਨ ਪੁਆਇੰਟ ‘ਤੇ ਪੇਮੈਂਟ ਕਰਵਾਈ ਜਾਂਦੀ ਹੈ ਤੇ ਜ਼ਿੰਦਾ ਰੱਖਣ ਲਈ ਵੀ ਪੈਸੇ ਮੰਗੇ ਜਾਂਦੇ ਹਨ। ਪੈਸੇ ਨਾ ਦੇਣ ਵਾਲੇ ਨੌਜਵਾਨਾਂ ਨੂੰ ਗੋਲ਼ੀ ਮਾਰ ਕੇ ਖਾਈ ਵਿੱਚ ਸੁੱਟ ਦਿੱਤਾ ਜਾਂਦੇ ਹਨ। ਗੁਰਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਦੇ ਸਾਹਮਣੇ ਤਿੰਨ ਮੁੰਡਿਆਂ ਨੂੰ ਗੋਲ਼ੀ ਮਾਰੀ ਗਈ ਸੀ।
ਗੁਰਪ੍ਰੀਤ ਨੇ ਦੱਸਿਆ ਕਿ ਇੱਕ ਦਿਨ ਉਸ ਨੂੰ ਤੇਜ਼ ਬੁਖ਼ਾਰ ਸੀ। ਉਹ ਨਗਨ ਹਾਲਤ ਵਿੱਚ ਜ਼ਮੀਨ ‘ਤੇ ਤੜਫ ਰਿਹਾ ਸੀ ਕਿ ਏਜੰਟ ਗਰੋਹ ਦੇ ਮੈਂਬਰ ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੋਂ ਦਾ ਹੈ ਤਾਂ ਉਸ ਨੇ ਆਪਣੇ ਪਿੰਡ ਤੇ ਪਰਿਵਾਰ ਬਾਰੇ ਦੱਸਿਆ। ਗੁਰਪ੍ਰੀਤ ਨੇ ਉਸ ਨੂੰ ਕਿਹਾ ਕਿ ਘਰ ਵਿੱਚ ਬੁੱਢੀ ਮਾਂ ਤੇ ਭੈਣ ਹੈ। ਭੈਣ ਦਾ ਵਿਆਹ ਕਰਨ ਲਈ ਤੇ ਪੈਸੇ ਕਮਾਉਣ ਲਈ ਉਹ ਆਪਣੀ ਜ਼ਮੀਨ ਗਹਿਣੇ ਰੱਖ ਕੇ ਆਇਆ ਹੈ। ਉਸਨੂੰ ਗੁਰਪ੍ਰੀਤ ‘ਤੇ ਤਰਸ ਆ ਗਿਆ। ਉਸ ਨੇ ਉਸ ਨੂੰ ਸੇਬ ਦੀ ਇੱਕ ਫਾੜੀ, ਇੱਕ ਫਰੂਟੀ ਤੇ ਬੁਖ਼ਾਰ ਦੀ ਦਵਾਈ ਦਿੱਤੀ ਤੇ ਕਮਰੇ ਵਿੱਚ ਬੰਦ ਕਰ ਦਿੱਤਾ। ਕੁਝ ਦਿਨ ਬਾਅਦ ਉਸ ਨੇ ਮੌਕੇ ਦੇਖ ਕੇ ਗੁਰਪ੍ਰੀਤ ਨੂੰ ਉੱਥੋਂ ਭਜਾ ਦਿੱਤਾ। ਗੁਰਪ੍ਰੀਤ ਕਿਸੇ ਤਰ੍ਹਾਂ ਉੱਥੋਂ ਜਾਨ ਬਚਾ ਕੇ 10 ਦਿਨਾਂ ਵਿੱਚ ਟ੍ਰੇਨਾਂ ‘ਚ ਧੱਕੇ ਖਾਂਦਾ ਹੋਇਆ ਆਪਣੇ ਪਿੰਡ ਪਹੁੰਚਿਆ। ਉਸ ਨੇ ਦੱਸਿਆ ਕਿ ਪਹਿਲੀ ਜੁਲਾਈ ਨੂੰ ਏਜੰਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਬਰਨਾਲਾ ਪਹੁੰਚ ਕੇ ਉਸ ਨੇ ਏਜੰਟ ਤੋਂ ਦਿੱਤੇ ਗਏ 25 ਲੱਖ ਰੁਪਏ ਵਾਪਸ ਮੰਗੇ ਤਾਂ ਉਸ ਨੇ ਸਿਰਫ ਪੰਜ ਲੱਖ ਰੁਪਏ ਹੀ ਦਿੱਤੇ। ਪੈਸੇ ਪੂਰੇ ਨਾ ਮਿਲਣ ‘ਤੇ ਉਸ ਨੇ ਬਰਨਾਲਾ ਦੇ ਐਸਐਸਪੀ ਨੂੰ 25 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

Be the first to comment

Leave a Reply