
ਜਲੰਧਰ: ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ‘ਤੇ ਹਮਲੇ ਦੀ ਕੋਸ਼ਿਸ਼ ਦਾ ਮਾਮਲਾ ਗਰਮਾ ਗਿਆ ਹੈ। ਬੀਜੇਪੀ ਨੇ ਅੱਜ ਜਲੰਧਰ ਸਮੇਤ ਪੂਰੇ ਪੰਜਾਬ ਵਿੱਚ ਕਾਲਾ ਦਿਵਸ ਮਨਾਇਆ। ਸ਼ਵੇਤ ਮਲਿਕ ਨੇ ਦੋ ਦਿਨ ਪਹਿਲਾਂ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਦੇ ਘਰ ਨੇੜੇ ਭੀੜ ਨੇ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਲਿਕ ਨੇ ਇਸ ਪਿੱਛੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦਾ ਹੱਥ ਹੋਣ ਦੇ ਇਲਜ਼ਾਮ ਵੀ ਲਾਏ ਸੀ।ਇਸ ਦੇ ਰੋਸ ਵਜੋਂ ਅੱਜ ਬੀਜੇਪੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਾਲਾ ਦਿਵਸ ਮਨਾਇਆ ਹੈ। ਬੀਜੇਪੀ ਲੀਡਰ ਰਾਕੇਸ਼ ਰਾਠੌਰ ਨੇ ਦੱਸਿਆ ਕਿ 29 ਤਰੀਕ ਨੂੰ ਸ਼ਵੇਤ ਮਲਿਕ ਦੀ ਗੱਡੀ ਪਿੱਛੇ 500 ਬੰਦੇ ਦੌੜੇ। ਉਨ੍ਹਾਂ ਕੋਲ ਡਾਗਾਂ ਤੇ ਹਥਿਆਰ ਫੜੇ ਸੀ। ਸਿਕਿਓਰਿਟੀ ਅਫਸਰਾਂ ਨੇ ਬਚਾ ਕੇ ਸ਼ਵੇਤ ਮਲਿਕ ਨੂੰ ਰਵਾਨਾ ਕੀਤਾ। ਇੱਕ ਮਿੰਟ ਵੀ ਦੇਰ ਹੋ ਜਾਂਦੀ ਤਾਂ ਹਮਲਾ ਹੋ ਸਕਦਾ ਸੀ।ਰੋਸ ਜਤਾ ਰਹੇ ਬੀਜੇਪੀ ਲੀਡਰਾਂ ਨੇ ਕਿਹਾ ਕਿ ਭਾਰਤ ਜਮਹੂਰੀ ਦੇਸ਼ ਹੈ। ਇੱਥੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਕੁਝ ਗੱਲਾਂ ਕੜਵੀਆਂ ਵੀ ਹੁੰਦੀਆਂ ਹਨ। ਇਨ੍ਹਾਂ ਨੂੰ ਦੇਸ਼ ਬਰਦਾਸ਼ਤ ਕਰਦਾ ਹੈ। ਸ਼ਵੇਤ ਮਲਿਕ ਨੇ ਜੇਕਰ ਕਿਸੇ ਮੰਤਰੀ ਬਾਰੇ ਕੋਈ ਗੱਲ ਕਹੀ, ਉਸ ਦੀ ਪੜਤਾਲ ਹੋਣੀ ਚਾਹੀਦੀ ਸੀ ਨਾ ਕਿ ਗੁੰਡਿਆਂ ਨੂੰ ਲੈ ਕੇ ਭੀੜ ਇਕੱਠੀ ਕਰਨੀ ਚਾਹੀਦੀ ਸੀ।
ਬੀਜੇਪੀ ਲੀਡਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਅਜਿਹਾ ਕਰੇਗੀ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ। ਕਾਂਗਰਸ ਬੁਰੀ ਤਰ੍ਹਾਂ ਪੰਜਾਬ ਦੇ ਮੁੱਦਿਆਂ ‘ਤੇ ਫੇਲ੍ਹ ਹੋ ਚੁੱਕੀ ਹੈ। ਇਸ ਲਈ ਅਜਿਹਾ ਕਰ ਰਹੀ ਹੈ। ਬੀਜੇਪੀ 15 ਅਗਸਤ ਤੋਂ ‘ਕਾਂਗਰਸ ਪੰਜਾਬ ਛੱਡੋ’ ਅੰਦੋਲਨ ਕਰਨ ਜਾ ਰਹੀ ਹੈ। ਮੁੱਖ 15 ਜ਼ਿਲ੍ਹਿਆਂ ਵਿੱਚ ਰੋਜ਼ਾਨਾ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਕਾਂਗਰਸ ਦੇ ਕੰਮਾਂ ਬਾਰੇ ਦੱਸਿਆ ਜਾਵੇਗਾ।
Leave a Reply
You must be logged in to post a comment.