‘ਪਾਕਿਸਤਾਨ ਪਹਿਲ ਕਰ ਗਿਆ’ : ਭਾਰਤ ਸਰਕਾਰ ਵਿਦੇਸ਼ੀ ਸਿੱਖਾਂ ਲਈ ਨਿਵੇਸ਼ ਦੇ ਰਾਹ ਖੁਲਵਾਉਣ ‘ਚ ਅਸੀਂ ਅਸਫਲ ਕਿਉਂ?

ਅਖਬਾਰੀ ਖਬਰਾਂ ਹਨ ਕਿ ਨਵੰਬਰ 2019 ਵਿੱਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਬਾਕੀ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਬਰਤਾਨੀਆ ਦੇ ਸਿੱਖ ਕਾਰੋਬਾਰੀਆਂ ਨੇ 44ਅਰਬ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।ਬਰਤਾਨੀਆ ਦੇ ਸਿੱਖਾਂ ਨੇ ਇਹ ਕਦਮ ਪਾਕਿਸਤਾਨ ਸਰਕਾਰ ਵਲੋਂ ਗੁ:ਕਰਤਾਰਪੁਰ ਸਾਹਿਬ ਲਈ ਸੁਰਖਿਅਤ ਲਾਂਘਾ ਦਿੱਤੇ ਜਾਣ ਦੇ ਫੈਸਲੇ ਉਪਰੰਤ ਲਿਆ ਹੈ ।ਦੱਸਿਆ ਗਿਆ ਹੈ ਕਿ ਸਿੱਖ ਕਾਰੋਬਾਰੀਆਂ ਨੇ ਇਹ ਫੈਸਲਾ ਬਰਤਾਨੀਆ ਦੌਰੇ ਤੇ ਗਏ ਪਾਕਿਸਤਾਨ ਸਰਕਾਰ ਦੇ ਸੈਰ ਸਪਾਟਾ ਮੰਤਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸਈਅਦ ਜੁਲਫਕਾਰ ਬੁਖਾਰੀ ਨਾਲ ਇੱਕ ਮੁਲਾਕਾਤ ਮੌਕੇ ਕੀਤਾ ਹੈ।44 ਅਰਬ ਰੁਪਏ ਦੀ ਇਸ ਵੱਡੀ ਰਕਮ ਨਾਲ ਜਿਥੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੀ ਕਾਇਆ ਕਲਪ ਹੋ ਸਕੇਗੀ ਉਥੇ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੇ ਯਾਤਰੂਆਂ ਦੀ ਸਹੂਲਤ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ।ਬਰਤਾਨਵੀ ਕਾਰੋਬਾਰੀਆਂ ਨੇ ਇਹ ਸ਼ਰਤ ਜਰੂਰਤ ਰੱਖੀ ਹੈ ਕਿ ਇਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਖਰਚ ਕੀਤੀ ਜਾਣ ਵਾਲੀ ਰਕਮ ਦੇ ਲੇਖੇ ਜੋਖੇ ਲਈ ਇੱਕ ਵੱਖਰਾ ਟਰੱਸਟ ਜਰੂਰ ਬਣਾ ਦਿੱਤਾ ਜਾਵੇ।ਦੂਸਰੇ ਪਾਸੇ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੀ ਜੀਵਨ ਹਯਾਤੀ ਦੇ ਆਖਰੀ ਸਾਲਾਂ ਦੀ ਸਦੀਵੀ ਯਾਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸੁਰਖਿਅਤ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਸਰਕਾਰ ਨੇ ਆਪਣੇ ਸੰਘੀ ਬਜਟ ਵਿੱਚ ਸੌ ਕਰੋੜ ਰੁਪਏ ਪਾਸ ਕਰ ਦਿੱਤੇ ਹਨ ।ਹਾਲਾਂਕਿ ਪਾਕਿਸਤਾਨ ਦੇ ਯੋਜਨਾ ਕਮਿਸ਼ਨ,ਯੋਜਨਾ ਵਿਕਾਸ ਤੇ ਸੁਧਾਰ ਮੰਤਰਾਲੇ ਨੇ ਸਮੁਚੇ ਪ੍ਰੋਜੈਕਟ ਉਪਰ ਖਰਚ ਹੋਣ ਵਾਲੀ ਰਕਮ ਦਾ ਅੰਦਾਜਾ 300 ਲਾਇਆ ਹੋਇਆ ਹੈ ।ਕਰਤਾਰਪੁਰ ਦੇ ਦਰਸ਼ਨਾਂ ਲਈ ਪੁਜਣ ਵਾਲੇ ਸ਼ਰਧਾਲੂਆਂ ਦੇ ਕਾਗਜ ਪੱਤਰ ਆਦਿ ਚੈਕ ਕਰਨ ਲਈ ਜਰੂਰੀ ਇਮੀਗਰੇਸ਼ਨ ਵਿਭਾਗ ਦੇ ਮੁਢਲੇ ਢਾਂਚੇ ਲਈ 54 ਕਰੋੜ ਰੁਪਏ ਖਰਚੇ ਜਾਣੇ ਹਨ।ਪਾਕਿਸਤਾਨ ਸਰਕਾਰ ਨੇ ਕੁਲ ਲੋੜੀਂਦੀ 622 ਏਕੜ ਜਮੀਨ ‘ਚੋਂ 408 ਏਕੜ ਹਾਸਿਲ ਵੀ ਕਰ ਲਈ ਹੈ ਤੇ 214 ਏਕੜ ਜਮੀਨ ਵਿੱਚ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ ।ਸਰਕਾਰ ਨੇ ਕਰਤਾਰ ਪੁਰ ਦੇ ਚੌਗਿਰਦੇ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਰੱਖੀ ਗਈ 871 ਏਕੜ ਜਮੀਨ ਵਿੱਚ ਹੋਟਲ ਆਦਿ ਦੀ ਉਸਾਰੀ ਲਈ ਵਿਦੇਸ਼ੀ ਸਿੱਖਾਂ ਨੂੰ ਨਿਵੇਸ਼ ਦਾ ਸੱਦਾ ਵੀ ਦਿੱਤਾ ਹੈ। ਕਹਿਣਾ ਪਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਵਜੋਂ ਜਦੋਂ ਭਾਰਤ ਵਿੱਚ ਸਿੱਖਾਂ ਦੁਆਰਾ ਚੁਣੀਆਂ ਹੋਈਆਂ ਨੁਮਾਇੰਦਾ ਸੰਸਥਾਵਾਂ ਅਜੇ ਤੀਕ ਵਿਦੇਸ਼ੀ ਸਿੱਖਾਂ ਨੂੰ ਆਪਣੇ ਨਾਲ ਜੋੜਨ ਪ੍ਰਤੀ ਅਜੇ ਸੰਜੀਦਾ ਵੀ ਨਜਰ ਨਹੀ ਆ ਰਹੀਆਂ ਤੇ ਉਨ੍ਹਾਂ ਦੀ ਹਰ ਯੋਜਨਾ ਨਿਰੰਤਰ ਊਠ ਦੇ ਬੁੱਲ੍ਹ ਵਾਂਗ ਲਟਕਦੀ ਨਜਰ ਆ ਰਹੀ ਹੈ ਤਾਂ ਪਾਕਿਸਤਾਨ ਸਰਕਾਰ 550 ਸਾਲਾ ਗੁਰਮਤਿ ਸਮਾਗਮਾਂ ਨੂੰ ਸਫਲ ਕਰਨ ਲਈ ਸਿੱਖਾਂ ਦਾ ਪੂਰਣ ਸਹਿਯੋਗ ਲੈ ਰਹੀ ਹੈ।ਇਹ ਵੀ ਜਾਣਕਾਰੀ ਆ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁ:ਡੇਰਾ ਬਾਬਾ ਨਾਨਕ ਦੀ ਮੁਖ ਇਮਾਰਤ ਵੀ ਨਵੰਬਰ 2019 ਤੀਕ ਮੁਕੰਮਲ ਨਹੀ ਹੋ ਸਕੇਗੀ ।ਸਿਰਫ ਗੁਰਦੁਆਰਾ ਸਾਹਿਬ ਦਾ ਅੰਦਰੂਨੀ ਹਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਸੰਗਤ ਦੇ ਬੈਠਣ ਲਈ ਤਿਆਰ ਹੋਣ ਦੀ ਸੰਭਾਵਨਾ ਹੈ।ਕੁਝ ਅਜੇਹੀ ਹਾਲਤ ਹੀ ਸ੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਡੇਰਾ ਬਾਬਾ ਨਾਨਕ ਖੇਤਰ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਯਾਤਰੂਆਂ ਦੀ ਰਿਹਾਇਸ਼ ਬਾਰੇ ਰਹਿਣ ਦੀ ਸੰਭਾਵਨਾ ਹੈ।ਸਵਾਲ ਤਾਂ ਇਹ ਅਹਿਮ ਰਹੇਗਾ ਕਿ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਦੇ ਦਾਅਵੇ ਕਰਨ ਵਾਲੀ ਸ਼੍ਰੋਮਣੀ ਕਮੇਟੀ ਤੇ ਕੇਂਦਰ ਵਿੱਚ ਸੱਤਾ ਤੇ ਕਾਬਜ ਉਸਦੇ ਸਿਆਸੀ ਮਾਲਕ ਆਪਣੀ ਭਾਈਵਾਲ ਸਰਕਾਰ ਪਾਸੋਂ ਵਿਦੇਸ਼ੀ ਸਿੱਖਾਂ ਲਈ ਨਿਵੇਸ਼ ਦੇ ਰਾਹ ਕਿਉਂ ਨਹੀਂ ਖੁਲਵਾ ਸਕੀ ? -ਨਰਿੰਦਰ ਪਾਲ ਸਿੰਘ

Be the first to comment

Leave a Reply