ਪਾਕਿਸਤਾਨ ‘ਤੇ ਹਮਲਾ ਮੋਦੀ ਦੀ ਅੰਤਮ ਗਲਤੀ ਹੋਵੇਗੀ : ਇਮਰਾਨ ਖਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਤੋਂ ਪਾਕਿਸਤਾਨ ‘ਚ ਹਫੜਾ-ਦਫੜੀ ਮੱਚ ਗਈ ਹੈ, ਜਿਸ ‘ਚ ਪਾਕਿਸਤਾਨ ਨੂੰ ਹਫ਼ਤੇ-ਦਸ ਦਿਨਾਂ ‘ਚ ਸਬਕ ਸਿਖਾਇਆ ਬਾਰੇ ਕਿਹਾ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੋਦੀ ਵੱਲੋਂ ਦਿੱਤੇ ਬਿਆਨ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ‘ਤੇ ਹਮਲਾ ਉਨ੍ਹਾਂ ਦੀ ਅੰਤਮ ਗਲਤੀ ਹੋਵੇਗੀ।

ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਬੁੱਧਵਾਰ ਨੂੰ ਕਸ਼ਮੀਰ ਏਕਤਾ ਦਿਵਸ ਮੌਕੇ ਮੀਰਪੁਰ ‘ਚ ਇੱਕ ਜਨਤਕ ਮੀਟਿੰਗ ਵਿੱਚ ਇਮਰਾਨ ਨੇ ਕਿਹਾ, “ਮੋਦੀ ਨੂੰ ਕਿਸੇ ਗਲਤਫਹਿਮੀ ‘ਚ ਨਹੀਂ ਰਹਿਣਾ ਚਾਹੀਦਾ। ਜੇ ਉਨ੍ਹਾਂ ਨੇ ਪਾਕਿਸਤਾਨ ‘ਤੇ ਹਮਲਾ ਕੀਤਾ ਤਾਂ ਇਹ ਉਨ੍ਹਾਂ ਦੀ ਆਖਰੀ ਗਲਤੀ ਹੋਵੇਗੀ।”

ਇਮਰਾਨ ਨੇ ਬੀਤੇ ਸਾਲ 5 ਅਗੱਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜ਼ੇ ਨੂੰ ਖਤਮ ਕਰਨ ‘ਤੇ ਕਿਹਾ, “ਮੋਦੀ ਨੇ ਹੰਕਾਰ ‘ਚ ਇਸ ਦਿਨ ਜਿਹੜੀ ਗਲਤੀ ਕੀਤੀ ਹੈ, ਉਸ ਨੂੰ ਵੇਖਦਿਆਂ ਮੈਂ ਭਵਿੱਖਬਾਣੀ ਕਰ ਰਿਹਾ ਹਾਂ ਕਿ ਹੁਣ ਕਸ਼ਮੀਰ ‘ਆਜ਼ਾਦ’ ਹੋਵੇਗਾ। ਸਾਰੀ ਦੁਨੀਆਂ ਦੀਆਂ ਨਜ਼ਰਾਂ ਕਸ਼ਮੀਰ ‘ਤੇ ਹਨ। ਜਦੋਂ ਕਸ਼ਮੀਰ ‘ਚੋਂ ਕਰਫਿਊ ਹਟੇਗਾ, ਉਦੋਂ ਉੱਥੇ ਲੋਕਾਂ ਦਾ ਹੜ੍ਹ ਆ ਜਾਵੇਗਾ ਅਤੇ ‘ਆਜ਼ਾਦੀ’ ਦੀ ਆਵਾਜ਼ ਗੂੰਜੇਗੀ। ਫਿਰ ਮੋਦੀ ਦਾ ਕੋਈ ਥਹੁੰ-ਪਤਾ ਨਹੀਂ ਲੱਗੇਗਾ।”

ਇਮਰਾਨ ਨੇ ਜਨਤਕ ਸਭਾ ‘ਚ ਭਾਸ਼ਣ ਵਿੱਚ ਕਿਹਾ, “ਵੱਡੀਆਂ ਮੁੱਛਾਂ ਵਾਲਾ ਪਾਇਲਟ (ਅਭਿਨੰਦਨ) ਡਿੱਗਿਆ, ਪਰ ਅਸੀਂ ਉਸ ਨੂੰ ਵਾਪਸ ਕਰ ਦਿੱਤਾ ਕਿਉਂਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਮੋਦੀ ਨੇ ਬਿਆਨ ਦਿੱਤਾ ਸੀ ਕਿ ਭਾਰਤ 10 ਦਿਨ ‘ਚ ਪਾਕਿਸਤਾਨ ਨੂੰ ਜਿੱਤ ਲਵੇਗਾ। ਲੱਗਦਾ ਹੈ ਕਿ ਮੋਦੀ ਨੇ ਦੁਨੀਆ ਦਾ ਇਤਿਹਾਸ ਨਹੀਂ ਪੜ੍ਹਿਆ, ਲੱਗਦਾ ਹੈ ਕਿ ਉਨ੍ਹਾਂ ਦੀ ਡਿਗਰੀ ਜਾਅਲੀ ਹੈ। ਕਿਸੇ ਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ (ਅਮਰੀਕਾ) 19 ਸਾਲਾਂ ਤੋਂ  ਅਫਗਾਨਿਸਤਾਨ ‘ਚ ਹੈ। ਉਸ ਦੇ ਜਰਨੈਲਾਂ ਨੇ ਵੀ ਇਹੀ ਕਿਹਾ ਸੀ ਕਿ ਕੁਝ ਹੀ ਦਿਨਾਂ ਵਿੱਚ ਅਫਗਾਨਿਸਤਾਨ ਉੱਤੇ ਜਿੱਤ ਪ੍ਰਾਪਤ ਕਰ ਲਵਾਂਗੇ।”

ਉਨ੍ਹਾਂ ਕਿਹਾ, “ਮੈਂ ਮੋਦੀ ਅਤੇ ਭਾਰਤੀ ਸੈਨਾ ਮੁਖੀ ਨੂੰ ਕਹਿਣਾ ਚਾਹੁੰਦਾ ਹਾਂ ਕਿ 5 ਅਗੱਸਤ ਨੂੰ ਉਨ੍ਹਾਂ ਨੇ ਗਲਤੀ ਕੀਤੀ, ਹੋਰ ਗਲਤੀਆਂ ਨਾ ਕਰੋ। ਪਾਕਿਸਤਾਨ ਦਾ ਬੱਚਾ-ਬੱਚਾ ਲੜੇਗਾ। ਅਸੀਂ ਮੁਕਾਬਲਾ ਕਰਕੇ ਵਿਖਾਵਾਂਗੇ।”

Be the first to comment

Leave a Reply