ਪਫਾਈਜ਼ਰ ਕੰਪਨੀ ਦਾ ਕੋਰੋਨਾ ਵੈਕਸੀਨ ਸੁਰੱਖਿਅਤ

* 44000 ਲੋਕਾਂ ‘ਤੇ ਹੋਵੇਗੀ ਵੈਕਸੀਨ ਦੀ ਪਰਖ ਵਾਸ਼ਿੰਗਟਨ 16 ਸਤੰਬਰ (ਹੁਸਨ ਲੜੋਆ ਬੰਗਾ)-ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੀਆਂ ਕੰਪਨੀਆਂ ਵਿਚੋਂ ਇਕ ਅਹਿਮ ਕੰਪਨੀ ਪਫਾਈਜ਼ਰ ਨੇ ਕਿਹਾ ਹੈ ਕਿ ਉਸ ਦੀ ਪ੍ਰਕ੍ਰਿਆ ਤਹਿਤ ਵੈਕਸੀਨ ਸੁਰੱਖਿਅਤ ਨਜਰ ਆ ਰਹੀ ਹੈ ਤੇ ਉਹ ਇਸ ਸਬੰਧੀ ਅਗਲੇ ਮਹੀਨੇ ਹੋਰ ਜਾਣਕਾਰੀ ਦੇਵੇਗੀ ਕਿ ਇਹ ਵੈਕਸੀਨ ਕਿਸ ਤਰਾਂ ਲੋਕਾਂ ਦੀ ਰਖਿਆ ਕਰੇਗੀ। ਕੰਪਨੀ ਦੇ ਸੀ ਈ ਓ ਅਲਬਰਟ ਬੌਅਰਲਾ ਨੇ ਕਿਹਾ ਹੈ ਕਿ ਉਹ ਚਹੁੰਦੇ ਹਨ ਕਿ ਕੋਵਿਡ-19 ਵੈਕਸੀਨ ਬਾਰੇ ਵਧੇਰੇ ਜਾਣਕਾਰੀ ਦੇਣ ਕਿਉਂਕਿ ਸਾਰੀ ਪ੍ਰਕ੍ਰਿਆ ਖੁਲੀ ਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਾਰਦਰਸ਼ਤਾ ਜਰੂਰੀ ਹੈ ਤਾਂ ਜੋ ਅਸਲ ਸਥਿੱਤੀ ਦਾ ਪਤਾ ਲੱਗ ਸਕੇ। ਕੰਪਨੀ ਨੇ ਕਿਹਾ ਹੈ ਕਿ ਉਹ ਵੈਕਸੀਨ ਦੀ ਪਰਖ ਮੌਜੂਦਾ 30,000 ਤੋਂ ਵਧਾ ਕੇ 44000 ਲੋਕਾਂ ਉਪਰ ਕਰ ਰਹੀ ਹੈ। ਇਨਾਂ ਲੋਕਾਂ ਵਿਚ 16 ਤੋਂ 18 ਸਾਲਾਂ ਦੇ ਨਬਾਲਗਾਂ ਸਮੇਤ ਐਚ ਆਈ ਵੀ ਤੇ ਹੈਪਾਟਾਈਟਸ ਏ ਬੀ ਜਾਂ ਸੀ ਵਰਗੀਆਂ ਬਿਮਾਰੀਆਂ ਨਾਲ ਪੀੜਤ ਲੋਕ ਵੀ ਸ਼ਾਮਿਲ ਹਨ। ਬੌਅਰਲਾ ਨੇ ਕਿਹਾ ਹੈ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਨਜਰ ਆਉਣ ਉਪਰੰਤ ਹੀ ਲੋਕਾਂ ਦੀ ਗਿਣਤੀ ਵਧਾਈ ਗਈ ਹੈ। ਇਨਾਂ ਉਪਰ ਬਿਨਾਂ ਸਮਾਂ ਗਵਾਇਆਂ ਵੈਕਸੀਨ ਦੀ ਪਰਖ ਕੀਤੀ ਜਾਵੇਗੀ। ਕੰਪਨੀ ਵੱਲੋਂ ਜਾਰੀ ਵੇਰਵੇ ਅਨੁਸਾਰ ਨਬਾਲਗਾਂ ਤੇ ਵੱਡੀ ਉਮਰ ਦੇ ਵਿਅਕਤੀਆਂ ਉਪਰ ਵੈਕਸੀਨ ਦੀ ਕੀਤੀ ਪਰਖ ਦੌਰਾਨ ਸਿਰ ਦੁਖਣ ਜਾਂ ਬਾਂਹ ਉਪਰ ਦਾਣੇ ਨਿਕਲਣ ਵਰਗੇ ਮਾਮੂਲੀ ਬੁਰੇ ਅਸਰ ਵੇਖਣ ਨੂੰ ਮਿਲੇ ਹਨ। ਕੰਪਨੀ ਅਨੁਸਾਰ 6000 ਲੋਕਾਂ ਉਪਰ ਪਰਖ ਕੀਤੀ ਗਈ ਸੀ ਜਿਨਾਂ ਵਿਚੋਂ ਕੁਝ ਨੂੰਸਰਗਰਮ ਵੈਕਸੀਨ ਦਿੱਤੀ ਗਈ ਸੀ।

Be the first to comment

Leave a Reply