ਨਾਬਾਲਿਗ ਲੜਕੀ ਨਾਲ ਜ਼ਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਕੈਦ

ਚੰਡੀਗੜ੍ਹ (ਸੰਦੀਪ)-ਨਾਬਾਲਿਗ ਲੜਕੀ ਨਾਲ ਜ਼ਬਰ-ਜ਼ਨਾਹ ਦੇ ਮਾਮਲੇ ‘ਚ ਜ਼ਿਲਾ ਅਦਾਲਤ ਨੇ ਦੋਸ਼ੀ ਮਹਿੰਦਰ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ । ਸਜ਼ਾ ਦੇ ਨਾਲ ਹੀ ਅਦਾਲਤ ਨੇ ਦੋਸ਼ੀ ‘ਤੇ 1 ਲੱਖ 5 ਹਜ਼ਾਰ ਜੁਰਮਾਨਾ ਵੀ ਲਾਇਆ ਹੈ । ਜੁਰਮਾਨਾ ਰਾਸ਼ੀ ‘ਚੋਂ ਇਕ ਲੱਖ ਰੁਪਏ ਬਤੌਰ ਮੁਆਵਜ਼ਾ ਪੀੜਤਾਂ ਨੂੰ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਹਨ । ਉਥੇ ਹੀ ਇਸ ਕੇਸ ਵਿਚ ਮਹਿੰਦਰ ਦੇ ਚਾਚਾ ਸੋਮਪਾਲ ‘ਤੇ ਉਸ ਦਾ ਸਾਥ ਦੇਣ ਦੇ ਦੋਸ਼ ਸਨ ਪਰ ਪੁਲਸ ਅਦਾਲਤ ਵਿਚ ਸੋਮਪਾਲ ‘ਤੇ ਲਾਏ ਦੋਸ਼ ਸਾਬਿਤ ਨਹੀਂ ਕਰ ਸਕੀ ਸੀ, ਜਿਸ ‘ਤੇ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।
ਸਬੰਧਤ ਥਾਣਾ ਪੁਲਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤ ‘ਚ ਉਸ ਦੇ ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਸਭ ਤੋਂ ਵੱਡੀ ਬੇਟੀ ਨੂੰ ਆਪਣੇ ਭਣਵੱਈਏ ਕੋਲ ਰਹਿਣ ਲਈ ਭੇਜਿਆ ਸੀ। 16 ਅਗਸਤ, 2017 ਨੂੰ ਉਨ੍ਹਾਂ ਦੇ ਭਣਵੱਈਏ ਦਾ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਬਿਨਾਂ ਕਿਸੇ ਨੂੰ ਦੱਸਿਆਂ ਘਰੋਂ ਚਲੀ ਗਈ ਹੈ । ਉਨ੍ਹਾਂ ਦੀ ਬੇਟੀ ਨੂੰ ਲੱਭਿਆ ਗਿਆ ਪਰ ਉਹ ਮਿਲੀ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਕੁਝ ਦਿਨਾਂ ਤੋਂ ਬਾਅਦ ਉਨ੍ਹਾਂ ਦੀ ਬੇਟੀ ਰੇਲਵੇ ਸਟੇਸ਼ਨ ‘ਤੇ ਮਿਲੀ। ਇਸ ਤੋਂ ਬਾਅਦ ਉਸ ਨੇ ਬਿਆਨਾਂ ਵਿਚ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਭੂਆ ਦੇ ਘਰ ਚਲੀ ਗਈ ਸੀ।
ਅਦਾਲਤ ਦੇ ਹੁਕਮਾਂ ‘ਤੇ ਉਨ੍ਹਾਂ ਦੀ ਬੇਟੀ ਨੂੰ ਸੈਕਟਰ-15 ਦੇ ਆਸ਼ਿਆਨਾ ਵਿਚ ਭੇਜ ਦਿੱਤਾ ਗਿਆ । ਪਹਿਲਾਂ ਉਸ ਨੇ ਆਪਣਾ ਮੈਡੀਕਲ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ ਪਰ ਬਾਅਦ ‘ਚ ਚਾਈਲਡ ਹੈਲਪਲਾਈਨ ਦੀ ਟੀਮ ਨੇ ਉਸ ਨਾਲ ਗੱਲ ਕੀਤੀ ਤਾਂ ਮੈਡੀਕਲ ਕਰਵਾਉਣ ਲਈ ਉਹ ਮੰਨ ਗਈ ਸੀ। ਉਸ ਨੇ ਅਦਾਲਤ ਵਿਚ ਦੁਬਾਰਾ ਬਿਆਨ ਦਿੱਤੇ ਤੇ ਕਿਹਾ ਕਿ ਮਹਿੰਦਰ ਨੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਵਿਚ ਉਸ ਦੇ ਚਾਚਾ ਸੋਮਪਾਲ ਨੇ ਉਸ ਦੀ ਮਦਦ ਕੀਤੀ ਸੀ। ਉਸ ਦੇ ਬਿਆਨਾਂ ‘ਤੇ ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ।

Be the first to comment

Leave a Reply