ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਤਿੰਨ ਤੋਂ ਚਾਰ ਦਸੰਬਰ ਤਕ ਲੰਡਨ ‘ਚ ਹੋਣ ਵਾਲੇ ਸਿਖਰ ਸੰਮੇਲਨ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸ਼ਿਰਕਤ ਕਰਨਗੇ। ਇਸ ਸੰਮੇਲਨ ‘ਚ ਨਾਟੋ ਦੇ ਸਾਰੇ ਮੈਬਰ ਦੇਸ਼ਾਂ ਦੇ ਨੇਤਾ ਵੀ ਹਿੱਸਾ ਲੈਣਗੇ। ਇਹ ਸੰਮੇਲਨ ਅਜਿਹੇ ਸਮੇਂ ਹੋਣ ਜਾ ਰਿਹਾ ਹੈ, ਜਦੋਂ ਇਸ ਗੁੱਟ ਦੀ ਏਕਤਾ ਸਵਾਲਾਂ ਦੇ ਘੇਰੇ ‘ਚ ਹਨ। ਟਰੰਪ ਪ੍ਰਸ਼ਾਸਨ ਇਸ ਗੱਲ ਦੀ ਕਈ ਵਾਰੀ ਸ਼ਿਕਾਇਤ ਕਰ ਚੁੱਕਾ ਹੈ ਕਿ ਨਾਟੋ ਦੇ ਸਹਿਯੋਗੀ ਦੇਸ਼ ਅਮਰੀਕੀ ਫ਼ੌਜ ਦੀ ਸੇਵਾ ਮੁਫ਼ਤ ਲੈ ਰਹੇ ਹਨ। ਈਰਾਨ ਦੇ ਪਰਮਾਣੂ ਮਸਲੇ ਤੇ ਉੱਤਰੀ ਸੀਰੀਆ ‘ਚ ਤੁਰਕੀ ਦੀ ਫ਼ੌਜੀ ਕਾਰਵਾਈ ਨੂੰ ਲੈ ਕੇ ਵੀ ਨਾਟੋ ਮੈਂਬਰਾਂ ‘ਚ ਮਤਭੇਦ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਹਾਲੀਆ ਇੰਟਰਵਿਊ ‘ਚ ਨਾਟੋ ਨੂੰ ਬ੍ਰੇਨ ਡੈੱਡ ਕਰਾਰ ਦਿੱਤਾ ਸੀ। ਇਸਦੀ ਟਰੰਪ ਤੇ ਤੁਰਕੀ ਦੇ ਰਾਸ਼ਟਰਪਤੀ ਰੇਸੈਪ ਤਇਅਬ ਅਰਦੋਗਨ ਨੇ ਤਿੱਖੀ ਆਲੋਚਨਾ ਕੀਤੀ ਸੀ।

ਨਾਟੋ ਦੇ ਇਹ ਹਨ ਮੈਂਬਰ

27 ਮੈਂਬਰੀ ਨਾਟੋ ਦੀ ਸਥਾਪਨਾ 1949 ‘ਚ ਹੋਈ ਸੀ। ਅਮਰੀਕਾ, ਬਰਤਾਨੀਆ, ਪੁਰਤਗਾਲ, ਨਾਰਵੇ, ਨੀਦਰਲੈਂਡਸ, ਫਰਾਂਸ, ਲਗਜ਼ਮਬਰਗ, ਇਟਲੀ, ਆਇਸਲੈਂਡ, ਡੈਨਮਾਰਕ, ਕੈਨੇਡਾ ਤੇ ਬੈਲਜੀਅਮ ਇਸਦੇ ਸੰਸਥਾਪਕ ਮੈਂਬਰਾਂ ‘ਚ ਹਨ। ਜਦਕਿ ਗ੍ਰੀਸ, ਤੁਰਕੀ, ਜਰਮਨੀ, ਸਪੇਨ, ਹੰਗਰੀ, ਚੈੱਕ ਗਣਰਾਜ, ਪੌਲੈਂਡ, ਅਲਬਾਨੀਆ, ਬੁਲਗਾਰੀਆ, ਕ੍ਰੋਏਸ਼ੀਆ, ਐਸਤੋਨੀਆ, ਲਾਟਵੀਆ, ਲਿਥੁਆਨੀਆ, ਮੋਟੀਨੀਗਰੋ ਤੇ ਸਲੋਵਾਕੀਆ ਬਾਅਦ ‘ਚ ਇਸ ‘ਚ ਸ਼ਾਮਲ ਹੋਏ।