ਨਾਕਆਊਟ ‘ਚ ਲੜਖੜਾਉਂਦੇ ਰਹੇ ਹਨ ਭਾਰਤ ਦੇ ਦੋ ਸੁਪਰ ਸਟਾਰ

ਨਵੀਂ ਦਿੱਲੀ— 2 ਸਾਲ ਪਹਿਲਾਂ ਚੈਂਪੀਅਨਸ ਟਰਾਫੀ ਦਾ ਫਾਈਨਲ ਭਾਰਤੀ ਟੀਮ ਦੇ ਦੋ ਸਭ ਤੋਂ ਵੱਡੇ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਸਸਤੇ ਵਿਚ ਆਊਟ ਹੋਏ ਅਤੇ ਭਾਰਤ ਹਾਰ ਗਿਆ। ਉਸ ਤੋਂ ਬਾਅਦ ਹੁਣ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਦੇ ਉਹ ਹੀ ਦੋ ਸਭ ਤੋਂ ਵੱਡੇ ਬੱਲੇਬਾਜ਼ ਰੋਹਿਤ ਅਤੇ ਵਿਰਾਟ ਸਸਤੇ ਵਿਚ ਆਊਟ ਅਤੇ ਭਾਰਤ ਫਿਰ ਹਾਰ ਗਿਆ।

ਪਿਛਲੇ 5 ਸਾਲਾਂ ਵਿਚ ਆਈ. ਸੀ. ਸੀ. ਟੂਰਨਾਮੈਂਟ ਦੇ ਨਾਕਆਊਟ ਮੈਚਾਂ ਵਿਚ ਹਰ ਵਾਰ ਇਹ ਹੀ ਕਹਾਣੀ ਰਹੀ ਹੈ ਕਿ ਭਾਰਤ ਦੀ ਬੱਲੇਬਾਜ਼ੀ ਫੈਸਲਾਕੁੰਨ ਮੌਕਿਆਂ ‘ਤੇ ਲੜਖੜਾਉਂਦੀ ਰਹੀ ਹੈ ਅਤੇ ਭਾਰਤ ਨੂੰ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 2014 ਦਾ ਟੀ-20 ਵਿਸ਼ਵ ਕੱਪ ਫਾਈਨਲ, 2015 ਦਾ ਵਨ ਡੇ ਵਿਸ਼ਵ ਕੱਪ ਸੈਮੀਫਾਈਨਲ, 2016 ਦਾ ਟੀ-20 ਵਿਸ਼ਵ ਕੱਪ ਸੈਮੀਫਾਈਨਲ, 2017 ਦੀ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦਾ ਫਾਈਨਲ ਅਤੇ ਹੁਣ 2019 ਦਾ ਵਨ ਡੇ ਵਿਸ਼ਵ ਕੱਪ ਦਾ ਸੈਮੀਫਆਈਨਲ । ਹਰ ਵਾਰ ਭਾਰਤ ਨੂੰ ਨਾਕਆਊਟ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਮ ਤੌਰ ‘ਤੇ ਦੱਖਣੀ ਅਫਰੀਕਾ ਨੂੰ ਵੱਡੇ ਮੈਚਾਂ ਵਿਚ ਹਾਰ ਜਾਣ ਲਈ ਚੋਕਰਸ ਕਿਹਾ ਜਾਂਦਾ ਹੈ ਪਰ ਪੰਜ ਸਾਲ ਦੇ ਇਨ੍ਹਾਂ ਨਤੀਜਿਆਂ ਨੂੰ ਦੇਖਿਆ ਜਾਵੇ ਤਾਂ ਦੱਖਣੀ ਅਫਰੀਕਾ ਦੇ ਮੁਕਾਬਲੇ ਭਾਰਤੀ ਟੀਮ ਚੋਕਰਸ ਸਾਬਤ ਹੋਈ ਹੈ। ਭਾਰਤ ਮਾਨਚੈਸਟਰ ਵਿਚ ਨਿਊਜ਼ੀਲੈਂਡ ਵਿਰੁੱਧ ਜਿੱਤ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਚੋਟੀਕ੍ਰਮ ਦੀ ਨਾਕਾਮੀ ਤੋਂ ਉਹ ਇਕ ਆਸਾਨ ਟੀਚੇ ਦਾ ਪਿੱਛਾ ਨਹੀਂ ਕਰ ਸਕਿਆ।
ਰੋਹਿਤ, ਵਿਰਾਟ ਤੇ ਲੋਕੇਸ਼ ਰਾਹੁਲ ਸਿਰਫ 1-1 ਦੌੜ ਬਣਾ ਕੇ ਆਊਟ ਹੋਏ ਅਤੇ ਇਸਦੇ ਨਾਲ ਹੀ ਭਾਰਤ ਦੀਆਂ ਉਮੀਦਾਂ ਜ਼ਮੀਨਦੋਜ਼ ਹੋ ਗਈਆਂ। ਤਿੰਨ ਚੋਟੀ ਦੇ ਬੱਲੇਬਾਜ਼ਾਂ ਦੇ ਸਿਰਫ ਤਿੰਨ ਦੌੜਾਂ ਬਣਾਉਣ ਤੋਂ ਬਾਅਦ ਕੋਈ ਵੀ ਟੀਮ ਜਿੱਤ ਦੀ ਉਮੀਦ ਨਹੀਂ ਕਰ ਸਕਦੀ। ਇਸ ਤੋਂ ਸਾਫ ਹੁੰਦਾ ਹੈ ਕਿ ਭਾਰਤ ਦਾ ਚੋਟੀਕ੍ਰਮ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ੀ ਸਾਹਮਣੇ ਕਿਵੇਂ ਲੜਖੜਾ ਜਾਂਦਾ ਹੈ। ਦੋ ਸਾਲ ਪਹਿਲਾਂ ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 2 ਬਿਹਤਰੀਨ ਗੇਂਦਾਂ ‘ਤੇ ਰੋਹਿਤ ਅਤੇ ਵਿਰਾਟ ਨੂੰ ਪੈਵੇਲੀਅਨ ਭੇਜ ਕੇ ਭਾਰਤ ਦੀਆਂ ਉਮੀਦਾਂ ਤੋੜ ਦਿੱਤੀਆਂ ਸਨ।
ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਰੋਹਿਤ ਦਾ ਖਾਤਾ ਨਹੀਂ ਖੁੱਲ੍ਹਿਆ ਅਤੇ ਵਿਰਾਟ ਸਿਰਫ 5 ਦੌੜਾਂ ਬਣਾ ਸਕਿਆ। ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਰੋਹਿਤ ਨੂੰ ਆਊਟ ਕੀਤਾ ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਵਿਰਾਟ ਨੂੰ ਐੱਲ. ਬੀ. ਡਬਲਯੂ. ਕੀਤਾ।
2015 ਵਿਸ਼ਵ ਕੱਪ ਦਾ ਸੈਮੀਫਾਈਨਲ : ਆਸਟਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਪਹਿਲਾਂ ਵਿਰਾਟ ਨੂੰ ਅਤੇ ਫਿਰ ਰੋਹਿਤ ਨੂੰ ਆਊਟ ਕਰ ਕੇ ਭਾਰਤੀ ਟੀਮ ਦੀ ਕਮਰ ਤੋੜ ਦਿੱਤੀ ਸੀ। ਵਿਰਾਟ ਨੇ ਇਕ ਦੌੜ ਬਣਾਈ ਜਦਕਿ ਰੋਹਿਤ 34 ਦੌੜਾਂ ਬਣਾ ਸਕਿਆ। ਇਸ ਤੋਂ ਪਹਿਲਾਂ 2016 ਦੇ ਟੀ-20  ਸੈਮੀਫਾਈਨਲ ਵਿਚ ਵੈਸਟਇੰਡੀਜ਼ ਵਿਰੁੱਧ ਰੋਹਿਤ ਨੇ 43 ਅਤੇ ਵਿਰਾਟ ਨੇ 89 ਦੌੜਾਂ ਅਤੇ 2014 ਦੇ ਟੀ-20 ਫਾਈਨਲ ਵਿਚ ਸ਼੍ਰੀਲੰਕਾ ਵਿੱਰੁਧ ਰੋਹਿਤ ਨੇ 29 ਅਤੇ ਵਿਰਾਟ ਨੇ 77 ਦੌੜਾਂ ਬਣਾਈਆਂ ਸਨ ਪਰ ਸਾਰੇ ਟੂਰਨਾਮੈਂਟਾਂ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਆਪਣੇ ਵਨ ਡੇ ਕਰੀਅਰ ਵਿਚ 41 ਸੈਂਕੜੇ ਬਣਾ ਚੁੱਕਾ ਵਿਰਾਟ ਅਤੇ 27 ਸੈਂਕੜੇ ਬਣਾ ਚੁੱਕਾ ਰੋਹਿਤ ਕੁਲ 68 ਸੈਂਕੜਿਆਂ ‘ਤੇ ਪਹੁੰਚ ਜਾਂਦੇ ਹਨ ਪਰ ਸੈਮੀਫਾਈਨਲ ਵਰਗੇ ਫੈਸਲਾਕੁੰਨ ਮੌਕਿਆਂ ‘ਤੇ ਦੋਵੇਂ ਸੁਪਰ ਸਟਾਰ ਬੱਲੇਬਾਜ਼ ਕੁਲ ਮਿਲਾ ਕੇ ਦੋ ਦੌੜਾਂ ਹੀ ਬਣਾ ਸਕੇ। ਵਿਸ਼ਵ ਕੱਪ ਵਿਚ ਭਾਰਤ ਦਾ ਸਭ ਤੋਂ ਮਜ਼ਬੂਤ ਪੱਖ ਉਸਦੀ ਚੋਟੀਕ੍ਰਮ  ਦੀ ਬੱਲੇਬਾਜ਼ੀ ਕਹੀ ਜਾ ਰਹੀ ਸੀ ਪਰ ਸੈਮੀਫਾਈਨਲ ਵਿਚ ਉਸਦੀ ਉਹ ਹੀ ਬੱਲੇਬਾਜ਼ੀ ਉਸਦਾ ਸਭ ਤੋਂ ਕਮਜ਼ੋਰ ਪੱਖ ਸਾਬਤ ਹੋਈ।
ਲੀਗ ਮੈਚਾਂ ਵਿਚ 5 ਸੈਂਕੜੇ ਬਣਾਉਣ ਵਾਲੇ ਰੋਹਿਤ ਤੋਂ ਜਦੋਂ ਭਾਰਤ ਨੂੰ ਸੈਮੀਫਾਈਨਲ ਵਿਚ ਇਕ ਵੱਡੀ ਪਾਰੀ ਦੀ ਲੋੜ ਸੀ ਤਦ ਉਹ ਟੀਮ ਨੂੰ ਨਿਰਾਸ਼ਾ ਵਿਚ ਛੱਡ ਕੇ ਪੈਵੇਲੀਅਨ ਪਰਤ ਗਿਆ। ਵਿਸ਼ਵ ਕੱਪ ਵਿਚ ਲਗਾਤਾਰ 5 ਅਰਧ ਸੈਂਕੜੇ ਬਣਾ ਚੁੱਕਾ ਵਿਰਾਟ ਟੀਚੇ ਦਾ ਪਿੱਛਾ ਕਰਦੇ ਹੋਏ ਚੇਜ਼ ਮਾਸਟਰ ਮੰਨਿਆ ਜਾਂਦਾ ਹੈ ਪਰ ਉਹ ਵੀ ਜਲਦੀ ਹੀ ਟੀਮ ਦਾ ਸਾਥ ਛੱਡ ਗਿਆ। ਟੀਚੇ ਦਾ ਪਿੱਛਾ ਕਰਨ ਵਿਚ ਵਿਰਾਟ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਪਰ ਭਾਰਤ ਦੇ ਤਿੰਨ ਵੱਡੇ ਮੈਚਾਂ ਵਿਚ ਉਸਦਾ ਯੋਗਦਾਨ 5, 1,1 ਅਤੇ 1 ਰਿਹਾ ਹੈ। 2015 ਵਿਚ 328 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ਿਖਰ ਧਵਨ, ਰੋਹਿਤ ਅਤੇ ਵਿਰਾਟ ਸਿਰਫ 15 ਦੌੜਾਂ ਦੇ ਫਰਕ ਵਿਚ ਪੈਵੇਲੀਅਨ ਪਰਤੇ ਸਨ। ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਰੋਹਿਤ ਅਤੇ ਵਿਰਾਟ ਤੀਜੇ ਓਵਰ ਤਕ ਆਊਟ ਹੋ ਚੁੱਕੇ ਸਨ ਅਤੇ ਸ਼ਿਖਰ 5 ਓਵਰਾਂ ਬਾਅਦ ਉਸਦੇ ਨਾਲ ਪੈਵੇਲੀਅਨ ਵਿਚ ਬੈਠ ਚੁੱਕਾ ਸੀ। ਮਾਨਚੈਸਟਰ ਵਿਚ ਟਾਪ-3 ਬੱਲੇਬਾਜ਼ ਕੁਲ ਮਿਲਾ ਕੇ 3 ਦੌੜਾਂ ਹੀ ਬਣਾ ਸਕੇ ਅਤੇ ਭਾਰਤ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਿਆ।

Be the first to comment

Leave a Reply