ਨਸ਼ਿਆਂ ਖਿਲਾਫ ਅਤੇ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵਲੋਂ ਰੋਸ ਮਾਰਚ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਵਿੱਚ ਹੋ ਰਹੀ ਦੇਰੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਸੰਕੇਤਕ ਰੋਸ ਮਾਰਚ ਕੱਢਿਆ।ਸ਼੍ਰੋਮਣੀ ਰਾਗੀ ਸਭਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੇ ਇਨ੍ਹਾਂ ਰਾਗੀ ਸਿੰਘਾਂ ਨੇ ਆਪਣੇ ਹੱਥਾਂ ਵਿੱਚ “ਨਸ਼ਾ ਭਜਾਓ ਪੰਜਾਬ ਬਚਾਓ, ਨਸ਼ਿਆਂ ਦੇ ਵਪਾਰੀਆਂ ਨੂੰ ਗ੍ਰਿਫਤਾਰ ਕਰੋ, ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ” ਦਾ ਸੁਨੇਹਾ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ।ਗੱਲਬਾਤ ਕਰਦਿਆਂ ਹਜੂਰੀ ਰਾਗੀ ਭਾਈ ਓਂਕਾਰ ਸਿੰਘ ਨੇ ਕਿਹਾ ਕਿ ਆਖਿਰ ਅਸੀਂ ਗੁਰੂ ਕੇ ਕੀਰਤਨੀਏ ਹਾਂ, ਇਸ ਸਮਾਜ ਦਾ ਅੰਗ ਹਾਂ, ਜਦੋਂ ਅਸੀਂ ਗੁਰਮਤਿ ਸਟੇਜਾਂ ਤੋਂ ਇਹ ਧਰਮ ਸੁਨੇਹਾ ਦਿੰਦੇ ਹਾਂ ਕਿ ਸਿੱਖ ਲਈ ਨਸ਼ਾ ਸਿਰਫ ਪਰਸ਼ਾਦੇ ਦਾ ਹੈ, ਤਾਂ ਜਦੋਂ ਸਾਡੇ ਹੀ ਨੇੜਲੇ ਤੇ ਸਿੱਖ ਕਹਾਉਣ ਵਾਲੇ ਨਸ਼ਿਆਂ ਨਾਲ ਖਤਮ ਹੋ ਰਹੇ ਹਨ ਤਾਂ ਮਨ ਤੜਪ ਉਠਦਾ ਹੈ।ਭਾਈ ਓਂਕਾਰ ਸਿੰਘ ਨੇ ਕਿਹਾ ਕਿ ਗੁਰੂ ਕੇ ਕੀਰਤਨੀਏ ਹੋਣ ਨਾਤੇ ਅਸੀਂ ਜਾਬਤੇ ਵਿੱਚ ਹੀ ਰਹਿਣਾ ਹੈ ਪਰ ਸਾਡੇ ਇਸ਼ਟ ਦਾ ਨਿਰਾਦਰ ਕਰਨ ਵਾਲੇ ਹੀ ਨਾ ਫੜੇ ਜਾਣ ਤਾਂ ਜਵਾਬਦੇਹੀ ਤਾਂ ਸਾਡੀ ਵੀ ਬਣਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਸਾਡਾ ਇਹ ਸੁਨੇਹਾ ਸਰਕਾਰਾਂ ਤੇ ਜਿੰਮੇਵਾਰ ਲੋਕ, ਚੁੱਪ ਦਾ ਸੁਨੇਹਾ ਨਹੀ ਬਲਕਿ ਚੁੱਪ ਦਾ ਅਖੀਰ ਸਮਝਣ। ਇਸ ਮੌਕੇ ਭਾਈ ਦਵਿੰਦਰ ਸਿੰਘ, ਭਾਈ ਤਾਰਬਲਬੀਰ ਸਿੰਘ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ ਵੀ ਹਾਜਰ ਸਨ।

Be the first to comment

Leave a Reply