ਦਿਲ ਕੰਬਾਊ ਹੈ ਨਾਨਕ ਦਾ ਪਨਾਮਾ ਦੇ ਜੰਗਲਾਂ ਵਿਚ 15 ਦਿਨ ਦਾ ਜ਼ਿੰਦਗੀ ਲਈ ਸੰਘਰਸ਼

ਲੁਧਿਆਣਾ ਦੀ ਬਸਤੀ ਜੋਧੇਵਾਲ ਦਾ ਨੌਜਵਾਨ ਨਾਨਕ ਮੌਤ ਦੇ ਮੂੰਹੋਂ ਨਿਕਲ ਆਪਣੇ ਘਰ ਪਰਤ ਆਇਆ ਹੈ। ਇਹ ਨੌਜਵਾਨ ਅਮਰੀਕਾ ਦਾ ਸੁਪਨਾ ਵੇਖ ਘਰੋਂ ਤੁਰਿਆ ਸੀ। ਇਸ ਲਈ ਏਜੰਟ ਨੂੰ ਮੋਟੇ ਪੈਸੇ ਵੀ ਦਿੱਤੇ ਪਰ ਇਸ ਏਜੰਟ ਨੇ ਹੀ ਇਸ ਨੂੰ ਮੌਤ ਦੇ ਰਾਹ ਤੌਰ ਦਿੱਤਾ। ਲੁਧਿਆਣਾ ਤੋਂ ਅਮਰੀਕਾ ਲਈ ਰਵਾਨਾ ਹੋਇਆ ਨਾਨਕ 15 ਦਿਨ ਇਕੱਲਾ ਪਨਾਮਾ ਦੇ ਜੰਗਲਾਂ ਵਿਚ ਭੁੱਖਾ-ਪਿਆਸਾ ਭਟਕਦਾ ਰਿਹਾ। ਹੁਣ ਇਸ ਨੌਜਵਾਨ ਵੱਲੋਂ 15 ਦਿਨ ਲੜੀ ਜ਼ਿੰਦਗੀ ਦੀ ਲੜਾਈ ਬਾਰੇ ਕਾਫੀ ਖੁਲਾਸੇ ਹੋ ਰਹੇ। ਸੋਸ਼ਲ ਮੀਡੀਆ ਉਤੇ ਲੋਕ ਇਸ ਨੌਜਵਾਨ ਨਾਲ ਹਮਦਰਦੀ ਜਿਤਾ ਰਹੇ ਹਨ। ਇਸ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ਦਿਲ ਹਲੂਣਨ ਵਾਲੀ ਹੈ। ਗ਼ੈਰਕਾਨੂੰਨੀ ਤਰੀਕੇ ਨਾਲ ਪਨਾਮਾ ਦੇ ਜੰਗਲ ਪਾਰ ਕਰਦੇ ਸਮੇਂ ਉਸ ਦੇ ਪੈਰ ਉਤੇ ਸੱਪ ਨੇ ਵੱਢ ਲਿਆ ਤੇ ਉਸ ਦੀ ਹਾਲਤ ਵਿਗੜਦੀ ਵੇਖ ਕੇ ਉਸ ਦੇ ਸਾਥੀ ਤੇ ਏਜੰਟ ਉਸ ਨੂੰ ਉਥੇ ਹੀ ਛੱਡ ਗਏ।
ਪਨਾਮਾ ਦੇ ਜੰਗਲ ਪਾਰ ਕਰਨ ਸਮੇਂ ਨਾਨਕ ਨਾਲ 60 ਤੋਂ 80 ਨੌਜਵਾਨ ਸਨ। ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਸਨ। ਪਨਾਮਾ ਦੇ ਜੰਗਲ 7 ਦਿਨਾਂ ਵਿਚ ਪਾਰ ਹੋ ਜਾਂਦੇ ਹਨ। ਸਫਰ ਦੌਰਾਨ ਨਾਨਕ ਨੂੰ ਸੱਪ ਨੇ ਵੱਢ ਲਿਆ। ਉਹ ਸਾਥੀਆਂ ਨਾਲ ਅੱਗੇ ਨਾ ਜਾ ਸਕਿਆ। ਏਜੰਟ ਪਨਾਮਾ ਤੋਂ ਕੋਸਟਾ ਰਿਕਾ ਟਾਪੂ ਤੇ ਫਿਰ ਮੈਕਸੀਕੋ ਭੇਜਦੇ ਹਨ। ਮੈਕਸੀਕੋ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਜਾਂਦਾ ਹੈ। ਭੁੱਖਾ, ਪਿਆਸਾ ਨਾਨਕ ਦੋ ਹਫਤੇ ਜੰਗਲ ਵਿਚ ਭਟਕਦਾ ਰਿਹਾ। ਇਸ ਦੌਰਾਨ ਪਿੱਛੋਂ ਆਏ ਨੌਜਵਾਨਾਂ ਦੇ ਦੂਜੇ ਜਥੇ ਨੇ ਨਾਨਕ ਨੂੰ ਆਪਣੇ ਨਾਲ ਅੱਗੇ ਲਿਜਾਣ ਦੀ ਗੱਲ ਕੀਤੀ ਪਰ ਨਾਨਕ ਜਾਣਦਾ ਸੀ ਕਿ ਉਹ ਜ਼ਖਮ ਨਾਲ ਅੱਗੇ ਨਹੀਂ ਵਧ ਸਕੇਗਾ।
ਨੌਜਵਾਨਾਂ ਦਾ ਦੂਜਾ ਜਥਾ ਵੀ ਅੱਗੇ ਚਲਾ ਗਿਆ। 15 ਦਿਨਾਂ ਵਿਚ ਨਾਨਕ ਨੇ ਇਹ ਜੰਗਲ ਪਾਰ ਕੀਤਾ ਤੇ ਕੋਸਟਾ ਰਿਕਾ ਟਾਪੂ ‘ਤੇ ਪਹੁੰਚ ਗਿਆ। ਨਾਨਕ ਨੂੰ ਸੜਕ ‘ਤੇ ਪਏ ਵੇਖ ਕੇ ਉਥੋਂ ਦੇ ਇਕ ਬੰਦੇ ਨੇ ਉਸ ਦੀ ਮਦਦ ਬਾਰੇ ਪੁੱਛਿਆ ਪਰ ਨਾਨਕ ਨੂੰ ਜਰਮਨ ਭਾਸ਼ਾ ਨਾ ਆਉਣ ਕਰਕੇ ਕੋਈ ਗੱਲ ਸਮਝ ਨਹੀਂ ਆਈ। ਇਸ ਤੋਂ ਬਾਅਦ ਨਾਨਕ ਬੇਹੋਸ਼ ਹੋ ਗਿਆ। ਨਾਨਕ ਦੇ ਵੱਡੇ ਭਰਾ ਵਿੱਕੀ ਨੇ ਦੱਸਿਆ ਕਿ ਅੰਗਰੇਜ਼ ਨੇ ਉਸ ਨੂੰ ਫੋਨ ਕਰਕੇ ਨਾਨਕ ਬਾਰੇ ਦੱਸਿਆ। ਇਹ ਪਹਿਲੀ ਵਾਰ ਸੀ ਜਦੋਂ ਨਾਨਕ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੁੰਡਾ ਅਮਰੀਕਾ ਜਾਣ ਦੀ ਥਾਂ ਸੜਕਾਂ ‘ਤੇ ਰੁਲ ਰਿਹਾ ਹੈ। ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟਾ ਨਾਨਕ ਦੋ ਮਹੀਨੇ ਇਲਾਜ ਲਈ ਕੋਸਟਾ ਰਿਕਾ ਦੇ ਹਸਪਤਾਲ ਵਿਚ ਦਾਖਲ ਰਿਹਾ। ਜਦੋਂ ਥੋੜ੍ਹਾ ਬੋਲਣ ਜੋਗਾ ਹੋਇਆ ਤਾਂ ਉਥੇ ਰਹਿ ਰਹੇ ਬੰਗਲੌਰ ਦੇ ਇਕ ਹਿੰਦੁਸਤਾਨੀ ਨੇ ਆ ਕੇ ਨਾਨਕ ਨਾਲ ਗੱਲ ਕੀਤੀ। ਅਖੀਰ ਨਾਨਕ ਦੀ ਹਾਲਤ ਕੁਝ ਸੁਧਰੀ ਤਾਂ ਉਸ ਨੇ ਪਰਿਵਾਰ ਨਾਲ ਗੱਲ ਕਰਕੇ ਆਪਣੇ ਬਾਰੇ ਦੱਸਿਆ। ਹੁਣ ਨਾਨਕ ਦਾ ਲੁਧਿਆਣਾ ਵਿਚ ਦਿਮਾਗ਼ੀ ਇਲਾਜ ਚੱਲ ਰਿਹਾ ਹੈ।

Be the first to comment

Leave a Reply