ਤ੍ਰਿਪੁਰਾ ‘ਚ ਭਗਵਾਂ ਹਿੰਸਾ ਨੇ ਲੈਨਿਨ ਦੇ ਬੁੱਤਾਂ ਨੂੰ ਤੋੜਿਆ

13 ਜ਼ਿਲ੍ਹਿਆਂ ‘ਚ ਹੋਈ ਸਾੜ ਫ਼ੂਕ ਤੇ ਹਿੰਸਾ, ਸਰਕਾਰ ਨੇ ਲਾਈ ਧਾਰਾ 144
ਅਗਰਤਲਾ: ਤ੍ਰਿਪੁਰਾ ‘ਚ 25 ਸਾਲ ਦੇ ਕਾਮਰੇਡੀ ਰਾਜ ਨੂੰ ਢਾਹ ਲੈਣ ਤੋਂ ਬਾਅਦ ਭਗਵਾਂ ਬਿਗ੍ਰੇਡ ਨੇ ਹਿੰਦੂਤਵ ਦਾ ਨੰਗਾ ਨਾਚ ਨੱਚਦਿਆਂ ਖੱਬੇਪੱਖੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਤ੍ਰਿਪੁਰਾ ‘ਚ ਲੱਗੇ ਲੈਨਿਨ ਦੇ ਦੋ ਵੱਡੇ ਅਦਾਮਕੱਦ ਬੁੱਤਾਂ ਨੂੰ ਜੇ. ਸੀ. ਬੀ. ਮਸ਼ੀਨਾਂ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਭਾਰਤ ਮਾਤਾ ਕੈ ਜੈ ਦੇ ਨਾਅਰਿਆਂ ਥੱਲੇ 13 ਜ਼ਿਲਿਆਂ ‘ਚ ਸਾੜ ਫੂਕ ਅਤੇ ਕੁੱਟ ਮਾਰ ਸਿਖਰਾਂ ਤੇ ਰਹੀ। ਭੜਕੀ ਹਿੰਸਾ ਤੋਂ ਬਾਅਦ ਭਾਵੇਂ ਕਿ ਧਾਰਾ 144 ਲਾਈ ਜਾ ਚੁੱਕੀ ਹੈ। ਪ੍ਰੰਤੂ ਭੂਤਰੇ ਭਗਵਿਆਂ ਤੇ ਇਸ ਧਾਰਾ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਇਥੇ ਇਹ ਵੀ ਵਰਨਣਯੋਗ ਹੈ ਕਿ ਜਿਸ ਦਿਨ ਤੋਂ ਚੋਣ ਨਤੀਜੇ ਆਏ ਹਨ। ਉਸ ਦਿਨ ਤੋਂ ਹੀ ਵੱਖ ਵੱਖ ਇਲਾਕਿਆਂ ‘ਚ ਹਿੰਸਾ ਦੀਆਂ ਇਕ ਦੁਕੜ ਵਾਰਦਾਤਾਂ ਜਾਰੀ ਹਨ। ਭਾਵੇਂ ਕਿ ਭਾਜਪਾ ਦੇ ਬਿਪਲਬ ਵਲੋਂ ਹਾਲੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਨਹੀਂ ਚੁੱਕੀ ਗਈ ਪ੍ਰੰਤੂ ਭਾਜਪਾ ਦੇ ਵਰਕਰ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਥਾਂ ਥਾਂ ਹਿੰਸਾ ਫੈਲਾ ਰਹੇ ਹਨ।ਰੂਸੀ ਕ੍ਰਾਂਤੀ ਦੇ ਜਨਮਦਾਤਾ ਲੈਨਿਨ ਦੀ 11.5 ਫੁੱਟ ਉਚੀ ਫ਼ਾਈਬਰ ਦੇ ਬੁੱਤ ਨੂੰ ਭਾਜਪਾ ਵਰਕਰਾਂ ਨੇ ਬੁਲਡੋਜ਼ਰ ਨਾਲ ਢਹਿ ਢੇਰੀ ਕਰ ਦਿੱਤਾ। ਇਸ ਸਮੇਂ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਗੂੰਜਦੇ ਰਹੇ। ਦੂਜੇ ਪਾਸੇ ਭਾਜਪਾ ਨੇ ਇਹ ਆਖਿਆ ਹੈ ਕਿ ਲੈਨਿਨ ਦੇ ਬੁੱਤ ਨੂੰ ਭਾਜਪਾ ਦੇ ਵਰਕਰਾਂ ਨੇ ਨਹੀਂ ਸਗੋਂ ਕਮਿਊਨਿਸਟਾਂ ਤੋਂ ਔਖੇ ਲੋਕਾਂ ਨੇ ਢਾਹਾ ਹੈ। ਅਗਰਤਲਾ ਤੋਂ 90 ਕਿਲੋਮੀਟਰ ਦੂਰ ਦੱਖਣੀ ਤ੍ਰਿਪੁਰਾ ‘ਚ ਜ਼ਿਲਾ ਹੈਡਕੁਆਰਟ ਬਲੋਨੀਆ ‘ਚ ਲੱਗੇ ਇਕ ਹੋਰ ਬੁੱਤ ਨੂੰ ਵੀ ਢਾਹ ਦਿੱਤਾ ਗਿਆ ਹੈ। ਭਾਜਪਾ ਐਮ .ਪੀ. ਸੁਬਰਾਮਨੀਅਮ ਸੁਆਮੀ ਨੇ ਲੈਨਿਨ ਦੇ ਬੁੱਤ ਨੂੰ ਢਾਹੇ ਜਾਣ ਦੀ ਹਮਾਇਤ ਕਰਦਿਆਂ ਲੈਨਿਨ ਨੂੰ ਅੱਤਵਾਦੀ ਦੱਸਿਆ ਅਤੇ ਆਖਿਆ ਕਿ ਉਹ ਵਿਦੇਸ਼ੀ ਸੀ ਇਸ ਲਈ ਅਜਿਹੇ ਵਿਅਕਤੀਆਂ ਦਾ ਬੁੱਤ ਇਸ ਦੇਸ਼ ‘ਚ ਨਹੀਂ ਲਾਇਆ ਜਾ ਸਕਦਾ। ਸੀ. ਪੀ. ਐਮ. ਦੀ ਸੂਬਾ ਇਕਾਈ ਦੇ ਸਕੱਤਰ ਬਿਜਨਧਰ ਨੇ ਦੋਸ਼ ਲਾਇਆ ਕਿ ਉਨਾਂ ਦੀ ਪਾਰਟੀ ਦੇ 514 ਵਰਕਰਾਂ ਤੇ ਹਮਲੇ ਹੋਏ ਹਨ। 1539 ਘਰ ਢਾਹ ਦਿੱਤੇ ਗਏ ਹਨ, 196 ਘਰਾਂ ਨੂੰ ਅੱਗ ਲਾਈ ਗਈ ਹੈ। ਪਾਰਟੀ ਦੇ 64 ਦਫ਼ਤਰ ਸਾੜੇ ਗਏ ਹਨ ਅਤੇ 208 ਦਫ਼ਤਰਾਂ ਦੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ। ਕੇਂਦਰ ਦੇ ਗ੍ਰਹਿ ਵਿਭਾਗ ਨੇ ਤ੍ਰਿਪੁਰਾ ਦੀ ਹਿੰਸਾ ਤੇ ਇਹ ਆਖਦਿਆਂ ਪੋਚਾ ਫ਼ੇਰ ਦਿੱਤਾ ਹੈ ਕਿ ਸਥਿਤੀ ਕਾਬੂ ਚ ਹੈ ਤੇ ਨਜ਼ਰ ਰੱਖੀ ਜਾ ਰਹੀ ਹੈ।

Be the first to comment

Leave a Reply