ਡੇਰਾ ਬਾਬਾ ਨਾਨਕ ’ਚ ਰੌਣਕਾਂ, ਸਾਰੇ ਕਰ ਰਹੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਉਡੀਕ

ਸੱਤ ਸਾਲਾ ਨਿੱਕੀ ਪਿੰਕੀ ਆਪਣੇ ਮਾਪਿਆਂ ਨਾਲ ਆਪਣੀ ਮਨਪਸੰਦ ਲਾਲ ਫ਼੍ਰਾੱਕ ਵਿੱਚ ਡੇਰਾ ਬਾਬਾ ਨਾਨਕ ਪੁੱਜੀ ਹੋਈ ਹੈ। ਇਸ ਕਸਬੇ ਵਿੱਚ ਅੱਜ–ਕੱਲ੍ਹ ਬਹੁਤ ਜ਼ਿਆਦਾ ਸੁਰੱਖਿਆ ਹੈ। ਇਹ ਪਰਿਵਾਰ ਮੀਂਹ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇੱਕੇ ਪੁੱਜਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਕਾਰਨ ਸੰਗਤ ਵਿੱਚ ਐਤਕੀਂ ਡਾਢਾ ਉਤਸ਼ਾਹ ਹੈ। ਹਰ ਕੋਈ ਕਰਤਾਰਪੁਰ ਸਾਹਿਬ ਸਥਿਤ ਉਸ ਸਥਾਨ ਦੀ ਇੱਕ ਝਲਕ ਜ਼ਰੂਰ ਲੈਣੀ ਚਾਹੁੰਦਾ ਹੈ, ਜਿੱਥੇ ਗੁਰੂ ਸਾਹਿਬ ਨੇ ਆਪਣੇ ਅੰਤਲੇ ਵਰ੍ਹੇ ਬਿਤਾਏ ਸਨ। ਜਦੋਂ ਇਸ ਨਿੱਕੀ ਬੱਚੀ ਨੂੰ ਪੁੱਛਿਆ ਗਿਆ ਕਿ ਉਹ ਇੱਥੇ ਕਿਉਂ ਆਈ ਹੈ, ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ‘ਬਾਬੇ ਦੇ ਦਰਸ਼ਨ ਕਰਨ’ ਲਈ ਪੁੱਜੀ ਹੈ।

ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ 1515 ਈ. ਵਿੱਚ ਹੋਈ ਸੀ। ਗੁਰੂ ਜੀ ਆਪਣੀ ਇੱਕ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਇੱਥੇ ਪੁੱਜੇ ਸਨ। ਇਸੇ ਗੁਰੂਘਰ ’ਚ ਬੈਠੇ 98 ਸਾਲਾਂ ਦੇ ਇੱਕ ਸ਼ਰਧਾਲੂ ਨੇ ਬੜੇ ਚਾਅ ਨਾਲ ਦੱਸਿਆ ਕਿ ਉਹ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜ਼ਰੂਰ ਚਾਈਂ–ਚਾਈਂ ਜਾਣਗੇ।  ਉਨ੍ਹਾਂ ਦੱਸਿਆ ਕਿ  ਦੇਸ਼ ਦੀ ਵੰਡ ਸਮੇਂ 1947 ’ਚ ਇਹ ਗੁਰੂਘਰ ਭਾਰਤ ਦੀ ਸੰਗਤ ਤੋਂ ਵਿੱਛੜ ਗਿਆ ਸੀ। ਡੇਰਾ ਬਾਬਾ ਨਾਨਕ ਵਿਖੇ ਰਹਿਣ ਵਾਲਾ ਤੇ ਇੱਥੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਸਮੇਤ ਸਾਰੇ ਹੀ ਲੋਕ ਹੁਣ ਬੱਸ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਹੀ ਉਡੀਕ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਮੀਂਹ ਕੀ ਕਿਸੇ ਗੜਿਆਂ ਜਾਂ ਤੂਫ਼ਾਨ ਦੀ ਕੋਈ ਪਰਵਾਹ ਨਹੀਂ ਹੈ। ਉਹ ਕਰਤਾਰਪੁਰ ਸਾਹਿਬ ਦੇ ਛੇਤੀ ਤੋਂ ਛੇਤੀ ਦਰਸ਼ਨਾਂ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹਨ।  ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਤੱਕ ਲਗਭਗ ਸਾਰੇ ਰਾਹ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਤੇ ਪੋਸਟਰ ਲੱਗੇ ਵਿਖਾਈ ਦਿੰਦੇ ਹਨ; ਜਿਨ੍ਹਾਂ ਉੱਤੇ 550ਵੇਂ ਪ੍ਰਕਾਸ਼ ਪੁਰਬ ਨੂੰ ਬਹੁਤ ਚਾਅ ਤੇ ਰਵਾਇਤੀ ਧਾਰਿਮਕ ਜੋਸ਼ ਨਾਲ ਮਨਾਏ ਜਾਣ ਦੇ ਸੰਦੇਸ਼ ਤੇ ਸੂਚਨਾਵਾਂ ਦਿੱਤੀਆਂ ਹੋਈਆਂ ਹਨ। ਬਹੁਤ ਥਾਵਾਂ ’ਤੇ ਗੁਰੂ ਕੇ ਅਤੁੱਟ ਲੰਗਰ ਵਰਤ ਰਹੇ ਹਨ।  ਇੱਕ ਲੇਖਿਕਾ ਤੇ ਅਧਿਆਪਕਾ ਸਿਮਰਤ ਸੁਮੈਰਾ ਹੁਰਾਂ ਦੱਸਿਆ ਕਿ – ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਵਿੱਚ ਬਟਾਲਾ ਸਦਾ ਅਹਿਮ ਰਿਹਾ ਹੈ। ਉਹ ਬੀਬੀ ਸੁਲੱਖਣੀ ਦੇਵੀ ਨਾਲ ਵਿਆਹੇ ਸਨ। ਅਸੀਂ ਇੱਥੇ ਬਟਾਲਾ ’ਚ ਹਰ ਸਾਲ ਉਨ੍ਹਾਂ ਦਾ ਵਿਆਹ–ਸਮਾਰੋਹ ਮਨਾਉਂਦੇ ਹਾਂ।’

Be the first to comment

Leave a Reply