ਛੋਟੇਪੁਰ ਮਾਮਲਾ: ਸਾਬਕਾ ਐੱਨਆਰਆਈ ਨੇ ਉਲਝਾਈ ‘ਆਪ’ ਦੀ ਤਾਣੀ

ਸਿਡਨੀ ( ਗੁਰਚਰਨ ਸਿੰਘ ਕਾਹਲੋਂ)ਆਮ ਆਦਮੀ ਪਾਰਟੀ ਪੰਜਾਬ ਦਾ ਤਾਣਾ ਉਲਝਾਉਣ ਵਿੱਚ ਪਾਰਟੀ ਦੇ ਆਗੂਆਂ ਦਾ ਹੱਥ ਹੈ। ਸ਼ੱਕ ਦੀ ਸੂਈ ਵਿੱਚ ਮੁੱਖ ਸੂਤਰਧਾਰ ਬਣਾਏ ਗਏ ਆਸਟਰੇਲੀਆ ਦੇ ਐੱਨਆਰਆਈ ਦੀ ਵੀ ਭੂਮਿਕਾ ਹੈ, ਜਿਸ ਦਾ ਹਵਾਲਾ ਦੇ ਕੇ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਉਸ ਵੇਲੇ ਲਾਹ ਦਿੱਤਾ ਗਿਆ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਪਿੜ ਪੂਰੀ ਤਰ੍ਹਾਂ ਭਖ ਚੁੱਕਿਆ ਸੀ।
ਆਮ ਆਦਮੀ ਪਾਰਟੀ ਵੱਲੋਂ ਕਰੀਬ ਦੋ ਸਾਲ ਪਹਿਲਾਂ ਇਹ ਕਿਹਾ ਗਿਆ ਸੀ ਕਿ ਪਾਰਟੀ ਨੂੰ ਆਸਟਰੇਲੀਆ ਤੋਂ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਵਿਧਾਨ ਸਭਾ ਲਈ ਪਾਰਟੀ ਟਿਕਟਾਂ ਦੇਣ ਲਈ ਕਨਵੀਨਰ ਛੋਟੇਪੁਰ ਰਕਮਾਂ ਬਟੋਰ ਰਹੇ ਹਨ। ਵੇਰਵਿਆਂ ਅਨੁਸਾਰ ਜਿਹੜੇ ਐੱਨਆਰਆਈ ਦਾ ਹਵਾਲਾ ਦਿੱਤਾ ਗਿਆ ਸੀ, ਉਹ ਵਿਅਕਤੀ ਐੱਨਆਰਆਈ ਦੀ ਸੂਚੀ ਵਿੱਚ ਹੀ ਨਹੀਂ ਆਉਦਾ। ਉਹ ਆਸਟਰੇਲੀਆ ‘ਚ ਵਿਦਿਆਰਥੀ ਵੀਜ਼ੇ ‘ਤੇ ਆਇਆ ਸੀ ਅਤੇ ਬ੍ਰਿਸਬੇਨ ਵਿੱਚ ਟੈਕਸੀ ਚਲਾਉਂਦੇ ਸਮੇਂ ਇੱਕ ਗਾਹਕ ਨਾਲ ਮਾੜਾ ਸਲੂਕ ਕੀਤੇ ਜਾਣ ਕਰਕੇ ਆਸਟਰੇਲੀਆ ਤੋਂ ਡਿਪੋਰਟ ਕੀਤਾ ਗਿਆ ਸੀ।
ਇਸ ਬਾਰੇ ਆਸਟਰੇਲੀਅਨ ਇੰਡੀਅਨ ਹਿਸਟੌਰੀਕਲ ਸੁਸਾਇਟੀ ਦੇ ਆਗੂ ਬਲਜਿੰਦਰ ਸਿੰਘ ਤੇ ਪੰਜਾਬੀ ਭਾਈਚਾਰੇ ਦੇ ਆਗੂ ਰਣਜੀਤ ਭੁੱਲਰ ਨੇ ਕਿਹਾ ਕਿ ਘੱਟੋ-ਘੱਟ ਆਸਟਰੇਲੀਆ ਤੋਂ ਪਤਾ ਕਰ ਲੈਣਾ ਚਾਹੀਦਾ ਸੀ ਕਿ ਜਿਸ ਕੰਗ ਦੀ ਸ਼ਿਕਾਇਤ ‘ਤੇ ਕਨਵੀਨਰ ਛੋਟੇਪੁਰ ਨੂੰ ਲਾਂਭੇ ਕੀਤਾ ਜਾ ਰਿਹਾ ਹੈ, ਉਸ ਦੇ ਬਾਰੇ ਵਿੱਚ ਆਸਟਰੇਲੀਅਨ ਕਾਨੂੰਨ ਕੀ ਬੋਲਦਾ ਹੈ।
ਇਸੇ ਦੌਰਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਫੋਨ ‘ਤੇ ਗੱਲਬਾਤ ਦੌਰਾਨ ਕਿਹਾ ਕਿ ਉਹ ਆਪਣੀ ਬੇਗੁਨਾਹੀ ਲਈ ਸੀਬੀਆਈ ਦੀ ਜਾਂਚ ਕਰਵਾਉਣ ਦੀ ਦੁਹਾਈ ਦਿੰਦੇ ਰਹੇ ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੋ ਅੱਜ ਸੁਖਪਾਲ ਸਿੰਘ ਖਹਿਰਾ ਨਾਲ ਹੋ ਰਿਹਾ, ਅਜਿਹਾ ਗੁਰਪ੍ਰੀਤ ਘੁੱਗੀ ਤੇ ਉਨ੍ਹਾਂ ਨਾਲ ਵਾਪਰ ਚੁੱਕਿਆ ਹੈ।

Be the first to comment

Leave a Reply