ਬੀਜਿੰਗ (ਭਾਸ਼ਾ)— ਚੀਨ ਨੇ ਆਪਣੀ ਨਵੀਂ ਪੀੜ੍ਹੀ ਦੇ ਵਪਾਰਕ ਕੈਰੀਅਰ ਰਾਕੇਟਾਂ ਦਾ ਉਦਘਾਟਨ ਕੀਤਾ ਹੈ। ਇਹ ਰਾਕੇਟ 1.5 ਟਨ ਤੱਕ ਦਾ ਭਾਰ ਲਿਜਾ ਸਕਦੇ ਹਨ। ਚੀਨ ਗਲੋਬਲ ਸਪੇਸ ਲਾਂਚ ਬਾਜ਼ਾਰ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਨਾਲ ਆਪਣਾ ਮੁਕਾਬਲਾ ਤੇਜ਼ ਕਰ ਰਿਹਾ ਹੈ। ਚੀਨ ਦੇ ਇਕ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਨਵੀਂ ‘ਲੌਂਗ’ ਰਾਕੇਟ ਲੜੀ ਵਿਚ ਠੋਸ ਬਾਲਣ ਵਾਲੇ ਰਾਕੇਟ ਸ਼ਾਮਲ ਹਨ ਅਤੇ ਇਨ੍ਹਾਂ ਦਾ ਸੰਕੇਤਕ ਨਾਮ ‘ਸਮਾਰਟ ਡ੍ਰੈਗਨ (SD) ਪਰਿਵਾਰ’ ਰੱਖਿਆ ਗਿਆ ਹੈ।
ਦੇਸ਼ ਦੀ ਸੀਨੀਅਰ ਰਾਕੇਟ ਨਿਰਮਾਤਾ ‘ਚਾਈਨਾ ਅਕੈਡਮੀ ਆਫ ਲਾਂਚ ਵ੍ਹੀਕਲ ਤਕਨਾਲੋਜੀ’ ਦੀ ਵਪਾਰਕ ਈਕਾਈ ‘ਚਾਈਨਾ ਰਾਕੇਟ’ ਨੇ ਐਤਵਾਰ ਨੂੰ ‘ਟੇਂਗਲੋਂਗ ਲਿਕਵਿਡ-ਪ੍ਰੋਪਲੇਂਟ ਰਾਕੇਟ’ ਦਾ ਉਦਘਾਟਨ ਕੀਤਾ। ਸਰਕਾਰ ਵੱਲੋਂ ਸੰਚਾਲਿਤ ਗਲੋਬਲ ਟਾਈਮਜ਼ ਨੇ ਦੱਸਿਆ ਕਿ ਰਾਕੇਟ ਦੀ ਨਵੀਂ ਲੜੀ ਦਾ ਉਦੇਸ਼ ਘਰੇਲੂ ਅਤੇ ਗਲੋਬਲ ਵਪਾਰਕ ਸਪੇਸ ਲਾਂਚ ਦੀ ਵੱਧਦੀ ਸਮਰੱਥਾ ਦਾ ਲਾਭ ਲੈਣਾ ਹੈ। ਚੀਨ ਨੇ ਚੰਨ ਮਿਸ਼ਨ ਲਈ ਸਪੇਸ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਉਹ 2022 ਤੱਕ ਆਪਣਾ ਸਥਾਈ ਸਪੇਸ ਸਟੇਸ਼ਨ ਸਥਾਪਿਤ ਕਰ ਕੇ ਆਪਣੇ ਪੁਲਾੜ ਮਿਸ਼ਨ ਨੂੰ ਮੰਗਲ ਤੱਕ ਵਧਾਉਣਾ ਚਾਹੁੰਦਾ ਹੈ।
ਭਾਵੇਂਕਿ ਇਸ ਦੇ ਬਾਵਜੂਦ ਉਹ ਗਲੋਬਲ ਰਾਕੇਟ ਬਾਜ਼ਾਰ ਨੂੰ ਆਕਰਸ਼ਿਤ ਕਰਨ ਵਿਚ ਭਾਰਤ ਦੇ ਮੁਕਾਬਲੇ ਪਿੱਛੇ ਹੈ। ਗਲੋਬਲ ਟਾਈਮਜ਼ ਨੇ 2017 ਵਿਚ ਇਕ ਲੇਖ ਵਿਚ ਚਿਤਾਵਨੀ ਦਿੱਤੀ ਸੀ ਕਿ ਵਪਾਰਕ ਸਪੇਸ ਉਦਯੋਗ ਵਿਚ ਚੀਨ ਦਾ ਸਪੇਸ ਉਦਯੋਗ ਭਾਰਤ ਤੋਂ ਪਿੱਛੇ ਹੈ। ਲੇਖ ਵਿਚ ਕਿਹਾ ਗਿਆ ਸੀ ਕਿ ਭਾਰਤ ਵੱਲੋਂ ਸਫਲਤਾਪੂਰਵਕ 104 ਉਪਗ੍ਰਹਿਆਂ ਨੂੰ ਪੰਧ ਵਿਚ ਸਥਾਪਿਤ ਕਰਨ ਦੀ ਘਟਨਾ ਚੀਨ ਦੇ ਵਪਾਰਕ ਸਪੇਸ ਉਦਯੋਗ ਲਈ ਜਾਗਣ ਦਾ ਸਮਾਂ ਹੈ ਅਤੇ ਕਈ ਅਜਿਹੇ ਸਬਕ ਹਨ ਜਿਨ੍ਹਾਂ ਨੂੰ ਚੀਨ ਸਿੱਖ ਸਕਦਾ ਹੈ।
Leave a Reply
You must be logged in to post a comment.