ਚਾਨਣ ਵੱਲ ਜਾਂਦਾ ਰਾਹ

ਦੋ ਕੁ ਸਾਲ ਪਹਿਲਾਂ ਭੂਆ ਦੇ ਪਿੰਡ ਜਾਣ ਦਾ ਸਬੱਬ ਬਣਿਆ। ਗੱਲਾਂ ਚੱਲੀਆਂ ਤਾਂ ਉਸੇ ਪਿੰਡ ਵਿਆਹੀ ਮੇਰੀ ਕਾਲਜ ਵੇਲੇ ਦੀ ਸਹਿਪਾਠਣ ਨਸੀਬ ਦਾ ਜ਼ਿਕਰ ਤੁਰ ਪਿਆ। ਭੂਆ ਤੋਂ ਪਤਾ ਲੱਗਾ ਕਿ ਉਸ ਦਾ ਪਰਿਵਾਰਕ ਜੀਵਨ ਠੀਕ ਨਹੀਂ ਚੱਲ ਰਿਹਾ। ਉਸ ਦਾ ਸਹੁਰਾ ਪਰਿਵਾਰ ਭਰਮ ਭੁਲੇਖਿਆਂ ਵਿਚ ਉਲਝਿਆ ਹੋਇਆ ਹੈ। ਭੂਆ ਦੱਸਣ ਮੁਤਾਬਿਕ, ਉਸ ਦੀ ਬਿਮਾਰੀ ਦਾ ਕੋਈ ਤੋੜ ਨਹੀਂ ਸੀ ਲੱਭ ਰਿਹਾ। ਮੈਂ ਉਸ ਨੂੰ ਮਿਲਣ ਦੀ ਇੱਛਾ ਜਤਾਈ। ਸ਼ਾਮ ਦੇ ਵਕਤ ਭੂਆ ਮੈਨੂੰ ਮੇਰੀ ਸਹਿਪਾਠਣ ਦੇ ਘਰ ਲੈ ਗਈ।
ਮੇਰੀ ਸਹੇਲੀ ਬਹੁਤ ਖੁਸ਼ ਹੋ ਕੇ ਮਿਲੀ। ਜਦ ਉਸ ਦੀ ਸੱਸ ਆਈ ਤਾਂ ਉਹ ਰਸੋਈ ਵਿਚ ਚਾਹ-ਪਾਣੀ ਲਈ ਚਲੀ ਗਈ। ਉਸ ਦੀ ਸੱਸ ਨੇ ਨਸੀਬ ਦੀ ਦਰਦ ਭਰੀ ਗਾਥਾ ਇੰਜ ਸੁਣਾਈ: ‘ਧੀਏ, ਬਹੁਤ ਚੰਗੀ ਨੂੰਹ ਮਿਲੀ ਸੀ ਮੈਨੂੰ। ਕੰਮ ਕਾਰ ਦੀ ਸੁਚੱਜੀ ਤੇ ਸਾਰੇ ਜੀਆਂ ਦਾ ਮਾਣ-ਇੱਜ਼ਤ ਵਧਾਉਣ ਵਾਲੀ। ਸੁੱਖ ਨਾਲ ਦੋ ਬੱਚੇ ਨੇ ਇਹਦੇ। ਸਾਡਾ ਖੇਤੀ ਦਾ ਚੰਗਾ ਕੰਮ ਐ। ਇਨ੍ਹਾਂ ਦੋਹਾਂ ਜੀਆਂ ਦੀ ਆਪਸ ਵਿਚ ਬਹੁਤ ਬਣਦੀ ਸੀ। ਹੁਣ ਤੱਕ ਇੱਕੋ ਭਾਂਡੇ ਵਿਚ ਹੀ ਖਾਂਦੇ ਰਹੇ। ਸੱਚੀ ਗੱਲ ਐ, ਮੈਨੂੰ ਏਨੇ ਸਾਲਾਂ ਵਿਚ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਪਰ ਸਾਲ ਕੁ ਹੋਇਆ, ਪਤਾ ਨੀ ਕਿਹੜੇ ਚੰਦਰੇ ਨੇ ਨਜ਼ਰ ਲਾ ਦਿੱਤੀ ਸਾਡੇ ਘਰ ਨੂੰ। ਬਿਮਾਰੀ ਇਹਦਾ ਖਹਿੜਾ ਨਹੀਂ ਛਡਦੀ। ਪਤਾ ਨੀ ਕਦੋਂ ਦੌਰਾ ਪੈ ਜਾਏ ਤੇ ਹੱਥਾਂ ਦੇ ਘੁੰਡ ਮੁੜ ਜਾਣ। ਇਲਾਜ ਖੁਣੋਂ ਅਸੀਂ ਕੋਈ ਕਸਰ ਨਹੀਂ ਛੱਡੀ। ਜਦ ਦਾ ਡਾਕਟਰਾਂ ਨੇ ਦੱਸਿਆ ਕਿ ਇਹਨੂੰ ਕੋਈ ਬਿਮਾਰੀ ਨਹੀਂ, ਫਿਰ ਰਿਸ਼ਤੇਦਾਰਾਂ ਦੇ ਕਹੇ ਕਹਾਏ ਨਾ ਚਾਹੁੰਦਿਆਂ ਵੀ ਚੇਲਿਆਂ ਦੇ ਦਰਾਂ ‘ਤੇ ਵੀ ਗਏ। ਡੇਰਿਆਂ ‘ਤੇ ਚੌਕੀਆਂ ਭਰ ਭਰ ਹਾਰ ਗਏ। ਜਿਵੇਂ ਉਨ੍ਹਾਂ ਆਖਿਆ, ਅਸੀਂ ਉਵੇਂ ਹੀ ਧਾਗਾ-ਤਵੀਤ ਪਾਇਆ ਤੇ ਟੂਣੇ ਟਾਮਣ ਵੀ ਕੀਤੇ ਪਰ ਕਿਤੋਂ ਕੋਈ ਭਲਾ ਨਾ ਹੋਇਆ। ਉੱਥੇ ਜਾ ਕੇ ਵੀ ਇਹਨੂੰ ਦੌਰਾ ਪੈ ਜਾਂਦਾ ਸੀ। ਚੌਕੀਆਂ ਵਾਲੇ ਇਹਨੂੰ ਕਿਸੇ ਕਚੀਲ ਦੀ ‘ਅਚਾ’ ਤਾਂ ਦੱਸਦੇ ਰਹੇ ਪਰ ਠੀਕ ਨਹੀਂ ਕਰ ਸਕੇ। ਹੁਣ ਤਾਂ ਅਸੀਂ ਹਾਰ ਗਏ ਹਾਂ ਧੀਏ। ਸਾਡੇ ਘਰ ਦੀਆਂ ਖੁਸ਼ੀਆਂ ਤਾਂ ਕਿਧਰੇ ਉੱਡ ਪੁੱਡ ਗਈਆਂ ਨੇ। ਕਈ ਵਾਰ ਇਨ੍ਹਾਂ ਦੋਹਾਂ ਜੀਆਂ ਦੀ ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋਈ ਗੱਲ ਹੱਥੋਪਾਈ ਤੱਕ ਵੀ ਪਹੁੰਚ ਜਾਂਦੀ ਹੈ। ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦਾ। ਹੁਣ ਕਿਹੜੇ ਰਾਹ ਜਾਈਏ?’
ਇੰਨੇ ਨੂੰ ਨਸੀਬ ਚਾਹ ਲੈ ਕੇ ਆਈ ਤਾਂ ਅਸੀਂ ਹੋਰ ਗੱਲਾਂ ਕਰਨ ਲੱਗ ਪਏ। ਬਾਅਦ ਵਿਚ ਮੈਂ ਨਸੀਬ ਤੋਂ ਉਸ ਦੇ ਮਨ ਦੀ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪ ਹੀ ਰਹੀ। ਵਾਪਸੀ ਤੇ ਮੈਂ ਉਸ ਦੀ ਸੱਸ ਮਾਂ ਨੂੰ ਬਰਗਾੜੀ ਦੇ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਦਾ ਪਤਾ ਦਿੱਤਾ, ਨਾਲ ਹੀ ਨਸੀਬ ਨੂੰ ਉੱਥੇ ਲਿਜਾਣ ਲਈ ਆਖਿਆ।
ਅਗਲੇ ਸਾਲ ਮੁੜ ਭੂਆ ਦੇ ਪਿੰਡ ਕਿਸੇ ਵਿਆਹ ‘ਤੇ ਗਈ ਤਾਂ ਨਸੀਬ ਵੀ ਮਿਲ ਗਈ। ਉਸ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਉਹ ਵਾਰ ਵਾਰ ਮੇਰਾ ਸ਼ੁਕਾਰਾਨਾ ਕਰ ਰਹੀ ਸੀ। ਖੁਸ਼ੀ ਵਿਚ ਉਸ ਦਿਨ ਨਸੀਬ ਨੇ ਆਪਣੇ ਮਨ ਦੀ ‘ਘੁੰਡੀ’ ਵੀ ਖੋਲ੍ਹ ਦਿੱਤੀ। ਕਹਿਣ ਲੱਗੀ, ‘ਚੰਗੇ ਭਲੇ ਵਸਦੇ ਰਸਦੇ ਸਾਂ। ਇਨ੍ਹਾਂ ਦਾ ਚੰਗੇ ਘਰਾਂ ਦੇ ਮੁੰਡਿਆਂ ਨਾਲ ਉੱਠਣ ਬਹਿਣ ਹੋ ਗਿਆ। ਉਨ੍ਹਾਂ ਤੋਂ ਹੀ ਇਹ ਮੈਥੋਂ ਚੋਰੀਓਂ ਕੁਝ ਲੈ ਕੇ ਖਾਣ ਲੱਗ ਪਏ। ਮੈਨੂੰ ਨਸ਼ੇ ਦਾ ਸ਼ੱਕ ਪਿਆ ਤਾਂ ਮੈਂ ਵਰਜਣ ਦੀ ਕੋਸ਼ਿਸ਼ ਕੀਤੀ। ਇਹ ਨਸ਼ੇ ਦੇ ਆਦੀ ਹੋਣ ਲੱਗੇ ਤਾਂ ਸਾਡੀ ਦੋਹਾਂ ਦੀ ਅਣ-ਬਣ ਨਿੱਤ ਦੇ ਕਲੇਸ਼ ਵਿੱਚ ਬਦਲ ਗਈ। ਅਜਿਹੇ ਮਾਹੌਲ ਵਿੱਚ ਮੇਰੇ ਮਨ ‘ਤੇ ਦਬਾਅ ਪੈਣ ਨਾਲ ਦੌਰਿਆਂ ਦਾ ਦੌਰ ਸ਼ੁਰੂ ਹੋਇਆ। ਜਦ ਮੈਂ ਆਪਣੇ ਮਨ ਦੀ ਗੱਲ ਮਾਨਸਿਕ ਸਿਹਤ ਕੇਂਦਰ ਵਾਲਿਆਂ ਨੂੰ ਦੱਸੀ ਤਾਂ ਪਹਿਲਾਂ ਉਨ੍ਹਾਂ ਮੇਰੇ ਮਨ ਦਾ ਬੋਝ ਹਲਕਾ ਕੀਤਾ। ਉਨ੍ਹਾਂ ਨੂੰ ਮੇਰੇ ਪਤੀ ਦੇ ‘ਚਿੱਟੇ’ ਤੋਂ ਪੀੜਿਤ ਹੋਣ ਪਤਾ ਲੱਗ ਗਿਆ ਸੀ। ਉਨ੍ਹਾਂ ਸਾਡੇ ਦੋਹਾਂ ਲਈ ਤਿੰਨ ਹਫਤੇ ਸੰਮੋਹਨ ਤੇ ਸੁਝਾਅ ਜਾਰੀ ਰੱਖੇ। ਫਿਰ ਨਸ਼ਾ ਛੁਡਾਉਣ ਵਾਲੇ ਕਿਸੇ ਭਲੇ ਡਾਕਟਰ ਪਾਸ ਭੇਜ ਦਿੱਤਾ। ਸਾਲ ਭਰ ਉੱਥੋਂ ਦਵਾਈ ਤੇ ਕੌਂਸਲਿੰਗ ਚੱਲੀ। ਆਖਰ ਇਨ੍ਹਾਂ ਨਸ਼ੇ ਤੋਂ ਤੋਬਾ ਕਰ ਲਈ। ਹੁਣ ਅਸੀਂ ਰੰਗੀਂ ਵਸਦੇ ਹਾਂ।’ ਮੈਨੂੰ ਵੀ ਨਸੀਬ ਦੀ ਜ਼ਿੰਦਗੀ ਵਿਚ ਆਈ ਬਹਾਰ ਦੇਖ ਕੇ ਅਥਾਹ ਖੁਸ਼ੀ ਹੋਈ। ਵਹਿਮਾਂ ਵਿੱਚ ਗ੍ਰਸੇ, ਭੁੱਲੇ ਭਟਕੇ ਤੇ ਨਸ਼ਿਆਂ ਦੀ ਗ੍ਰਿਫ਼ਤ ‘ਚ ਫਸੇ ਲੋਕਾਂ ਦੀ ਮਦਦ ਲਈ ਨਿਰਸੁਆਰਥ ਕੰਮ ਮੈਨੂੰ ਚਾਨਣ ਦਾ ਰਾਹ ਜਾਪਿਆ। ਕਾਸ਼! ਪੰਜਾਬ ਇਸ ਰਾਹ ਤੁਰ ਪਵੇ!!

-ਰਸ਼ਪਿੰਦਰ ਪਾਲ ਕੌਰ

 

Be the first to comment

Leave a Reply