ਗੁਰਬਾਣੀ ਵਿੱਚ ਕੁਲਾਂ ਦਾ ਕੀ ਭਾਵ ਹੈ – ਡਾ: ਦੇਵਿੰਦਰ ਸਿੰਘ ਸੇਖੋਂ, ਕੈਨੇਡਾ

ਗੁਰੂ ਗਰੰਥ ਸਾਹਿਬ ਵਿੱਚ ਕੁਲਾਂ ਦਾ ਜ਼ਿਕਰ ਬਹੁਤ ਵਾਰ ਆਇਆ ਹੈ ਖ਼ਾਸ ਤੌਰ ਤੇ ਭਗਤਾਂ ਦੇ ਸਬੰਧ ਵਿੱਚ ਜਿੱਥੇ ਕਿ ਉਹਨਾਂ ਨੇ ਆਪਣੇ ਨਾਲ਼ ਆਪਣੀਆਂ ਕੁਲਾਂ ਨੂੰ ਵੀ ਤਾਰਿਆ ਹੈ। ਕੁਲਾਂ ਨੂੰ ਤਾਰਨ ਦਾ ਵਿਚਾਰ ਪੁਰਾਤਨ ਹਿੰਦੂ ਗਰੰਥਾਂ ਦਾ ਹੈ ਜਿਵੇਂ ਕਿ ਲਿਖਿਆ ਹੈ ਕਿ ਸਤਜੁਗ ਦੇ ਭਗਤ ਪ੍ਰਹਿਲਾਦ ਦੇ ਨਾਲ਼ ਉਸਦੀਆਂ ਇੱਕੀ ਕੁਲਾਂ ਵੀ ਤਰ ਗਈਆਂ.. ਇਸ ਬਾਰੇ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ।। ਯਾਦ ਰਹੇ ਕਿ ਹਿੰਦੂ ਗਰੰਥਾਂ (ਖ਼ਾਸ ਤੌਰ ਤੇ ਪੁਰਾਣਾਂ) ਦੀਆਂ ਕਹਾਣੀਆਂ ਵਿੱਚ ਗੁਰੂ ਸਾਹਿਬਾਨ ਦਾ ਕੋਈ ਵਿਸ਼ਵਾਸ ਨਹੀਂ, ਉਹਨਾਂ ਨੇ ਇਹ ਕਹਾਣੀਆਂ ਕੇਵਲ ਤੇ ਕੇਵਲ ਵਾਹਿਗੁਰੂ ਦੀ ਮਹਾਨਤਾ ਦਰਸਾਉਣ ਲਈ ਵਰਤੀਆਂ ਹਨ। ਗੁਰੂ ਗਰੰਥ ਸਾਹਿਬ ਵਿੱਚ ਸ਼ਬਦ “ਕੁਲਾਂ” ਵਰਤਿਆ ਬਹੁਤ ਵਾਰ ਗਿਆ ਹੈ, ਪਰ ਇਸਦਾ ਭਾਵ ਹਿੰਦੂ ਗਰੰਥਾਂ ਵਾਲੇ ਕੁਲਾਂ ਤੋਂ ਨਹੀਂ, ਸਗੋਂ ਬਹੁਤ ਵੱਖਰਾ ਹੈ। ਇਸ ਲੇਖ ਵਿੱਚ ਅਸਾਂ ਇਸੇ ਹੀ ਗੱਲ ਤੇ ਵਿਚਾਰ ਕਰਨੀ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਕੁਲਾਂ ਤੋਂ ਕੀ ਭਾਵ ਹੈ। ਆਉ ਪਹਿਲਾਂ ਕੁਝ ਉਹ ਸ਼ਬਦ ਸਾਂਝੇ ਕਰੀਏ ਜਿਹਨਾਂ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ।
 ਭੈਰਉ ਮਹਲਾ 3 (1133)।। ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ।। —– ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ।। ਹਰਿ ਤੇਰਾ ਕਹਾ ਤੁਝੁ ਲਏ ਉਬਾਰਿ।। ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ ਉਪਾੜਿ।। ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ।।4।। ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ।। ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ।। —–
 ਸਲੋਕ ਮ:3 (86)।। ਨਾਨਕ ਸੋ ਸੂਰਾ ਵਰਿਆਮੁ ਜਿਨਿ ਵਿਚਹੁ ਦੁਸਟੁ ਅਹੰਕਰਣ ਮਾਰਿਆ।। ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ।। ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ।। —–
 ਗਉੜੀ ਬੈਰਾਗਣਿ ਮਹਲਾ 4 (165-66)।। ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ।। ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ।। —– ਹਰਿ ਜਨੁ ਪਰਵਾਰੁ ਸਧਾਰੁ ਹੈ ਇਕਹੀ ਕੁਲੀ ਸਭ ਜਗਤ ਛਡਾਵੈ।।2।। —– 8।।46।।
 ਸਿਰੀ ਰਾਗੁ ਮਹਲਾ 3 (28)।। ਜਿਨੀ ਇਕ ਮਨਿ ਧਿਆਇਆ ਗੁਰਮਤੀ ਵੀਚਾਰਿ।। —- ਤਿਨ ਕਾ ਜਨਮ ਸਫਲ ਹੈ ਜੋ ਚਲਹਿ ਸਤਿਗੁਰ ਭਾਇ।। ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ।।—– ।।5।।38।।
 ਛੰਤ ਮਹਲਾ 5 ਡਖਣੇ (80)।। ਕਹਤੇ ਪਵਿਤ੍ਰ, ਸੁਣਤੇ ਸਭਿ ਧੰਨ, ਲਿਖਤੀ ਕੁਲੁ ਤਾਰਿਆ ਜੀਉ।। ਜਿਨ ਕਉ ਸਾਧੂ ਸੰਗੁ, ਨਾਮ ਹਰਿ ਰੰਗੁ, ਤਿਨੀ ਬ੍ਰਹਮੁ ਬੀਚਾਰਿਆ ਜੀਉ।। —–
 ਸੁਖਮਨੀ ਸਾਹਿਬ (272)।। ਸਾਧ ਸੰਗਿ ਸਭ ਕੁਲ ਉਧਾਰੈ।। ਸਾਧ ਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ।। —- 5।।7।।
ਗੁਰੂ ਗਰੰਥ ਸਾਹਿਬ ਵਿੱਚ ਕੁਲਾਂ ਤਾਰਨ ਬਾਰੇ ਅਜਿਹੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਪਰ, ਇਹਨਾਂ ਤੋਂ ਸ਼ਬਦ “ਕੁਲਾਂ” ਦਾ ਅਰਥ ਸਪੱਸ਼ਟ ਨਹੀਂ ਹੁੰਦਾ।। ਤੁਸਾਂ ਨੋਟ ਕੀਤਾ ਹੋਣਾ ਹੈ ਕਿ ਉੱਪਰ ਦਿੱਤੇ ਸ਼ਬਦਾਂ ਵਿੱਚੋਂ ਸ਼ਬਦ 1 ਅਤੇ 6 ਵਿੱਚ ਸ਼ਬਦ “ਕੁਲ” ਲਿਖਿਆ ਹੈ ਜਦ ਕਿ ਸ਼ਬਦ 2, 4, ਅਤੇ 6 ਵਿੱਚ “ਕੁਲੁ” ਲਿਖਿਆ ਹੈ।। ਸ਼ਬਦ “ਕੁਲੁ” ਇੱਕਵਚਨ ਹੈ ਭਾਵ ਹੈ ਕਿ ਕੇਵਲ ਇੱਕ ਕੁਲ ਜਦ ਕਿ ਸ਼ਬਦ “ਕੁਲ” ਬਹੁਵਚਨ ਹੈ ਜਿਸਦਾ ਭਾਵ ਹੈ ਬਹੁਤ ਸਾਰੀਆਂ ਕੁਲਾਂ।। ਸੋ ਇਹਨਾਂ ਸ਼ਬਦਾਂ ਤੋਂ “ਕੁਲਾਂ” ਦਾ ਅਰਥ ਤਾਂ ਸਪੱਸ਼ਟ ਹੋਣਾ ਦੂਰ ਦੀ ਗੱਲ, ਇਹ ਵੀ ਪਤਾ ਨਹੀਂ ਲਗਦਾ ਕਿ ਕਿਸੇ ਗੁਰਮੁਖਿ ਦੀ ਕੇਵਲ ਇੱਕ ਹੀ ਕੁਲ ਤਰਦੀ ਹੈ ਜਾਂ ਕਿ ਬਹੁਤ ਸਾਰੀਆਂ।।
ਜੇਕਰ “ਕੁਲ” ਦਾ ਭਾਵ ਖਾਨਦਾਨ ਜਾਂ ਘਰਾਣੇ ਦੇ ਮੈਂਬਰ ਹੀ ਹੋਣ, ਤਾਂ ਇਹਨਾਂ ਵਿੱਚ ਕੌਣ ਕੌਣ ਸ਼ਾਮਿਲ ਹੈ।। ਕਿਸੇ ਦੇ ਘਰਾਣੇ ਦੀ ਇੱਕ ਪੀਹੜੀ ਵਿੱਚ ਹੀ ਸੈਂਕੜੇ ਮੈਂਬਰ ਹੋ ਸਕਦੇ ਹਨ ਤਾਂ ਹਿਸਾਬ ਲਾਉ ਕਿ ਇੱਕੀ ਪੀਹੜੀਆਂ ਵਿੱਚ ਕਿੰਨੇ ਮੈਂਬਰ ਹੋਣਗੇ।। ਕਿਉਂਕਿ ਅੱਗੋਂ ਹਰ ਮੈਂਬਰ ਦੇ ਘਰਾਣੇ ਵਿੱਚ ਵੀ ਅਜਿਹੀ ਹੀ ਗਿਣਤੀ ਹੋਵੇਗੀ ਅਤੇ ਇਸਤਰ੍ਹਾਂ ਇੱਕੀ ਕੁਲਾਂ ਦੇ ਮੈਂਬਰਾਂ ਦੀ ਗਿਣਤੀ ਤਾਂ ਖਰਬਾਂ ਤੋਂ ਵੀ ਉੱਪਰ ਹੋ ਜਾਇਗੀ ਅਤੇ ਇਸ ਧਰਤੀ ਤੇ ਕੋਈ ਸਧਾਰਣ ਮਨੁੱਖ ਰਹਿ ਹੀ ਨਹੀਂ ਜਾਇਗਾ।। ਨਾਲ਼ੇ ਇਹ ਵੀ ਸਮਝ ਨਹੀਂ ਆਉਂਦੀ ਕਿ ਇਹਨਾਂ ਇੱਕੀ ਕੁਲਾਂ ਵਿੱਚ ਭਗਤ ਦੀਆਂ ਪਹਿਲਾਂ ਹੋ ਚੁੱਕੀਆਂ ਕੁਲਾਂ ਵੀ ਸ਼ਾਮਿਲ ਹਨ ਕਿ ਕੇਵਲ ਅੱਗੋਂ ਆਉਣ ਵਾਲ਼ੀਆਂ ਹੀ।।
ਗੁਰੂ ਗਰੰਥ ਸਾਹਿਬ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਵੀ ਹਨ ਜਿਹਨਾਂ ਵਿੱਚ ਕੁਲਾਂ ਦੀ ਥਾਂ ਗੁਰਮੁਖਾਂ ਜਾਂ ਭਗਤਾਂ ਦੇ ਕੁਟੰਬ, ਪਰਿਵਾਰ, ਜਾਂ ਸਾਰੇ ਲੋਕ ਤਾਰਨ ਬਾਰੇ ਲਿਖਿਆ ਹੈ।।
 ਗਉੜੀ ਮਾਝ ਮਹਲਾ 5 (218)।। ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ।। —- ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰ।।ਪਾਰਬ੍ਰਹਮ ਆਰਾਧੀਐ ਉਧਰੈ ਸਭ ਪਰਵਾਰੁ।। —–।। 172।।
 ਥਿਤੀ ਗਉੜੀ ਮਹਲਾ 5 ਪਉੜੀ 299)।। ਅਮਾਵਸਿ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ।। —– ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਨ ਗਵਨ।। ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ।। ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮ।। ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮੁ।। 15।।
 ਜੈਤਸਰੀ ਕੀ ਵਾਰ ਮ:5 ਪਉੜੀ (710)।। ਜਾ ਪ੍ਰਭ ਭਏ ਦਇਆਲ ਨਾ ਬਿਆਪੈ ਮਾਇਆ।। —–ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ।। ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ।।
 ਕਾਨੜਾ ਮਹਲਾ 5 (1299)।। ਸੰਤਨ ਪਹਿ ਆਪਿ ਉਧਾਰਨ ਆਇਓ।। 1।। ਰਹਾਉ।। — ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨਾ ਕਤਹੂ ਧਾਇਓ।।3।। ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ।। 4।।7।।
ਜਿਵੇਂ ਕਿ ਉੱਪਰ ਦਿੱਤੇ ਇਹਨਾਂ ਕੁਝ ਕੁ ਸ਼ਬਦਾਂ ਤੋਂ ਸਪੱਸ਼ਟ ਹੈ, ਕਿ ਗੁਰੂ ਗਰੰਥ ਸਾਹਿਬ ਵਿੱਚ ਕੁਲਾਂ ਦੀ ਥਾਂ ਸ਼ਬਦ ਕੁਟੰਬ, ਪਰਵਾਰੁ, ਜਾਂ ਸੰਸਾਰ ਦੇ ਸਾਰੇ ਹੀ ਲੋਕ ਵੀ ਵਰਤੇ ਗਏ ਹਨ।। ਪਰ ਇਹਨਾਂ ਪਾਵਨ ਸ਼ਬਦਾਂ ਤੋਂ ਵੀ ਸ਼ਬਦ ਕੁਲਾਂ, ਕੁਟੰਬ, ਪਰਵਾਰ ਆਦਿ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਇਹਨਾਂ ਵਿੱਚ ਕਿੰਨੇ ਕੁ ਲੋਕ ਜਾਂ ਕੌਣ ਕੌਣ ਸ਼ਾਮਿਲ ਹਨ।। ਸੋ ਅਜੇ ਤੱਕ ਸਾਡੇ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ।।
ਕੀ ਕੁਲਾਂ, ਕੁਟੰਬ, ਜਾਂ ਪਰਿਵਾਰਾਂ ਦਾ ਭਾਵ ਲਹੂ ਦੇ ਰਿਸ਼ਤੇ ਹਨ ਜਾਂ ਕੁਝ ਹੋਰ?
ਗੁਰੂ ਗਰੰਥ ਸਾਹਿਬ ਵਿੱਚ ਬਹੁਤ ਵਾਰ ਲਿਖਿਆ ਹੈ ਕਿ ਹਰ ਮਨੁੱਖ ਚੰਗੇ ਜਾਂ ਮੰਦੇ ਕਰਮਾਂ ਦਾ ਫ਼ਲ਼ ਆਪ ਹੀ ਭੋਗਦਾ ਹੈ ਅਤੇ ਕਿਸੇ ਹੋਰ ਨੂੰ ਉਹਨਾਂ ਕਰਮਾਂ ਦਾ ਨਾਂ ਕੋਈ ਲਾਭ ਹੀ ਹੁੰਦਾ ਹੈ ਅਤੇ ਨਾਂ ਹੀ ਕੋਈ ਦੋਸ਼ ਲਗਦਾ ਹੈ।।
 ਆਸਾ ਮਹਲਾ 1 ਪਟੀ ਲਿਖੀ (433)।। ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ।।ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।।
 ਸਲੋਕ ਮਹਲਾ 1 (1238)।। ਜਿਨਸਿ (ਵੱਖ ਵੱਖ ਕਿਸਮ ਦੇ) ਥਾਪਿ ਜੀਆ ਕਉ ਭੇਜੈ ਦਿਨਸਿ ਥਾਪਿ ਲੈ ਜਾਵੈ।। —- ਮੂਲਿ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ।। ਕਰਣੀ ਉਪਰਿ ਹੋਇ ਤਪਾਵਸ (ਫ਼ੈਸਲਾ) ਜੇ ਕੋ ਕਹੈ ਕਹਾਏ।।
 ਪ੍ਰਭਾਤੀ ਮਹਲਾ 1 (1331)।। —– ਜਿਵ ਆਇਆ ਤਿਵ ਜਾਇਸੀ, ਕੀਆ ਲਿਖਿ ਲੈ ਜਾਇ।। ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ।। —- ।।13।।
 ਰਾਮਕਲੀ ਮਹਲਾ 5 (888)।। ਦੋਸੁ ਨ ਦੀਜੈ ਕਾਹੂ ਲੋਗ।। ਜੋ ਕਮਾਵਨ ਸੋਈ ਭੋਗ।। ਆਪਨ ਕਰਮ ਆਪੇ ਹੀ ਬੰਧ।। ਆਵਨੁ ਜਾਵਨੁ ਮਾਇਆ ਧੰਧ।।
 ਆਸਾ ਮਹਲਾ 5 (406)।। —– ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗ ਊਤਮੋ ਜੁਗਾ ਮਾਹਿ।। ਅਹਿ ਕਰੁ (ਹੱਥ) ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ।।

ਅਜਿਹੇ ਹੋਰ ਬਹੁਤ ਹੀ ਪਾਵਨ ਸ਼ਬਦ ਹਨ ਜਿਹਨਾਂ ਵਿੱਚ ਇਹ ਸਪੱਸ਼ਟ ਲਿਖਿਆ ਹੈ ਕਿ ਕੋਈ ਮਨੁੱਖ ਕਿਸੇ ਹੋਰ ਨਿਰਦੋਸ਼ ਨੂੰ ਆਪਣੇ ਪਾਪਾਂ ਦਾ ਭਾਗੀ ਨਹੀ ਬਣਾ ਸਕਦਾ।।
ਜਿਸਤਰ੍ਹਾਂ ਕੋਈ ਦੋਸ਼ੀ ਆਪਣਾ ਦੋਸ਼ ਕਿਸੇ ਨਾਲ਼ ਵੰਡ ਨਹੀਂ ਸਕਦਾ, ਇਸੇ ਤਰ੍ਹਾਂ ਕੇਵਲ ਲਹੂ ਦੇ ਰਿਸ਼ਤੇ ਕਾਰਨ ਹੀ ਕੋਈ ਮਨੁੱਖ ਆਪਣੇ ਕਿਸੇ ਉੱਦਮ ਤੋਂ ਬਿਨਾਂ ਕਿਸੇ ਗੁਰਮੁਖਿ ਦੇ ਸ਼ੁਭ ਗੁਣਾਂ ਵਿੱਚ ਭਾਈਵਾਲ ਨਹੀਂ ਹੋ ਸਕਦਾ।।
 ਸੂਹੀ ਮਹਲਾ 4 (733-4)।। ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ।। ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨਾ ਜਾਈ।।—— ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਇਹ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ।। ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ।। 4।। —– ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ, ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ।।—-।। 6।।3।।10।।

ਮਨੁੱਖ ਵਾਹਿਗੁਰੂ ਦਾ ਨਾਮ ਵੀ ਉਸਦੀ ਮਿਹਰ ਨਾਲ ਹੀ ਜਪਦਾ ਹੈ
 ਸਲੋਕ ਮਹਲਾ 4 (305)।। —– ਜੇ ਕਿਰਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾ ਸਤਿਗੁਰ ਪਾਰਬ੍ਰਹਮ ਨਦਰੀ ਆਵੈ।। ਤਾ ਅਪਿਉ (ਅੰਮ੍ਰਿਤ) ਪੀਵੈ ਸਬਦੁ ਗੁਰ ਕੇਰਾ (ਦਾ) ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ।।
 ਸੂਹੀ ਮਹਲਾ 5 (749)।। —– ਮੇਰੇ ਰਾਮਰਾਇ ਜਿਉ ਰਾਖਹਿ ਤਿਉ ਰਹੀਐ।। ਤੁਧੁ ਭਾਵੈ ਤਾ ਨਾਮ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ।। 1।।ਰਹਾਉ।। ਮੁਕਤਿ (ਮਾਇਆ ਤੋਂ ਮੁਕਤੀ) ਭੁਗਤਿ (ਭੋਜਨ ਆਦਿ) ਜੁਗਤਿ (ਜੀਵਨ-ਚਾਲ) ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ।। ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਧਾ ਲਾਇ।। 2।।— 8।।55।।
 ਗਉੜੀ ਮਹਲਾ 5 (196)।। ਥਾਤੀ ਪਾਈ ਹਰਿ ਕੋ ਨਾਮ।। ਬਿਚਰੁ ਸੰਸਾਰ ਪੂਰਨ ਸਭ ਕਾਮ।। 1।। ਵਡਭਾਗੀ ਹਰਿ ਕੀਰਤਨ ਗਾਈਐ।। ਪਾਰਬ੍ਰਹਮ ਤੂੰ ਦੇਹਿ ਤਾ ਪਾਈਐ।। 84।।
 ਸਲੋਕ ਮਹਲਾ 5 (518)।। ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨਿ ਮਾਹਿ।। ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ।। ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ।। ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ।।
ਇਹਨਾਂ ਪਾਵਨ ਸ਼ਬਦਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਹਿਗੁਰੂ ਦਾ ਨਾਮ ਜਪਿ ਕੇ ਉਹੀ ਵਡਭਾਗੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ ਜਿਹਨਾਂ ਤੇ ਵਾਹਿਗੁਰੂ ਆਪ ਕਿਰਪਾ ਕਰਦਾ ਹੈ ਭਾਵੇਂ ਅਜਿਹਾ ਮਨੁੱਖ ਕੋਈ ਵੀ ਹੋਵੇ।। ਯਾਦ ਰਹੇ ਪ੍ਰਭੂ ਜੀ ਕਿਰਪਾ ਉਹਨਾਂ ‘ਤੇ ਹੀ ਕਰਦੇ ਹਨ ਜਿਹਨਾਂ ਨੇ ਚੰਗੇ ਕਰਮ ਕੀਤੇ ਹੋਣ।।
ਕੁਲ, ਕੁਟੰਬ, ਪਰਿਵਾਰ ਅਥਵਾ ਲਹੂ ਦੇ ਰਿਸ਼ਤੇ ਅਤੇ ਵਾਹਿਗੁਰੂ ਨਾਲ ਮਿਲਾਪ
ਆਉ ਪਹਿਲਾਂ ਰੋਜ਼ਾਨਾ ਜੀਵਨ ਵਿੱਚੋਂ ਅਸਲੀ ਕਹਾਣੀਆਂ ਤੇ ਝਾਤੀ ਮਾਰੀਏ।। ਵਾਹਿਗੁਰੂ ਨੂੰ ਗੁਰੂ ਸਾਹਿਬਾਨ ਤੋਂ ਵੱਧ ਪਿਆਰਾ ਹੋਰ ਕੌਣ ਹੋ ਸਕਦਾ ਹੈ ਜੋ ਉਸ ਨਾਲ਼ ਸਦਾ ਹੀ ਇੱਕ ਜੋਤ ਸਨ, ਭਾਵ ਉਸਦਾ ਹੀ ਰੂਪ ਸਨ।। ਜੇ ਕੁਲ, ਕੁਟੰਬ ਜਾਂ ਪਰਿਵਾਰ ਦਾ ਭਾਵ ਲਹੁੂ ਦੇ ਰਿਸ਼ਤਿਆਂ ਤੋਂ ਹੀ ਹੋਵੇ ਤਾਂ ਗੁਰੂ ਸਾਹਿਬਾਨ ਦੀਆਂ ਕੁਲਾਂ ਦੇ ਸਾਰੇ ਮੈਂਬਰ ਹੀ ਸ਼ੁਭ ਗੁਣਾਂ ਦੇ ਧਾਰਨੀ ਹੋਣੇ ਚਾਹੀਦੇ ਸਨ, ਅਤੇ ਵਾਹਿਗੁਰੂ ਜੀ ਨਾਲ਼ ਅਭੇਦ ਹੋਣੇ ਚਾਹੀਦੇ ਸਨ।। ਪਰ ਹਕੀਕਤ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਸਪੁੱਤਰ – ਬਾਬਾ ਸਿਰੀ ਚੰਦ ਅਤੇ ਬਾਬਾ ਲਖਮੀ ਦਾਸ – ਉਹਨਾਂ ਦਾ ਹੁਕਮ ਮੰਨਣ ਤੋਂ ਇਨਕਾਰੀ ਸਨ।। ਇਸੇਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਸੂ ਜੀ ਅਤੇ ਦਾਤੂ ਜੀ ਨੇ ਆਪਣੇ ਗੁਰੂ-ਪਿਤਾ ਦਾ ਹੁਕਮ ਨਾਂ ਮੰਨਿਆਂ, ਅਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਨਾਲ ਬਹੁਤ ਬਦਸਲੂਕੀ ਕੀਤੀ।। ਗੁਰੂ ਰਾਮਦਾਸ ਜੀ ਦਾ ਵੱਡਾ ਸਪੁੱਤਰ, ਬਾਬਾ ਪਿਰਥੀ ਚੰਦ ਮਾਇਆ ਦਾ ਬਹੁਤ ਵੱਡਾ ਪੁਜਾਰੀ ਸੀ ਅਤੇ ਉਸਨੇ ਆਪਣੇ ਛੋਟੇ ਵੀਰ, ਗੁਰੂ ਅਰਜਨ ਸਾਹਿਬ ਨਾਲ਼ ਇੰਨੀ ਈਰਖਾ ਕੀਤੀ ਕਿ ਨਾਂ ਕੇਵਲ ਆਪ ਹੀ ਗੁਰੂ ਬਣ ਕੇ ਬਹਿ ਗਿਆ, ਸਗੋਂ ਗੁਰੂ ਅਰਜਨ ਸਾਹਿਬ ਦੀ ਇਕਲੌਤੀ ਔਲਾਦ – ਸ੍ਰੀ ਹਰਿ ਗੋਬਿੰਦ ਜੀ – ਨੂੰ ਮਰਵਾਉਣ ਦੇ ਬਹੁਤ ਯਤਨ ਕੀਤੇ।। ਗੁਰੂ ਹਰਿਗੋਬਿੰਦ ਦੇ ਵੱਡੇ ਪੋਤਰੇ, ਅਤੇ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੇ ਵੱਡੇ ਭਾਈ, ਧੀਰ ਮੱਲ ਨੇ ਵੀ ਗੁਰਗੱਦੀ ਦੇਣ ਵੇਲੇ ਗੁਰੂ ਹਰਿ ਗੋਬਿੰਦ ਸਾਹਿਬ ਦਾ ਬਹੁਤ ਵਿਰੋਧ ਕੀਤਾ ਸੀ ਅਤੇ ਇਹ ਈਰਖਾ ਗੁਰੂ ਤੇਗ਼ ਬਹਾਦੁਰ ਸਾਹਿਬ ਤੱਕ ਵੀ ਜਾਰੀ ਰੱਖੀ ਅਤੇ ਉਹਨਾਂ ਤੇ ਗੋਲ਼ੀ ਵੀ ਚਲਵਾਈ।।
ਇਸੇਤਰ੍ਹਾਂ ਹੀ ਸਤਵੇਂ ਗੁਰੂ, ਹਰਿ ਰਾਇ ਸਾਹਿਬ ਦੇ ਵੱਡੇ ਸਪੁੱਤਰ, ਰਾਮ ਰਾਇ ਜੀ ਨੇ ਉਹਨਾਂ ਦੇ ਹੁਕਮ ਦੀ ਪਰਵਾਹ ਨਾਂ ਕਰਦੇ ਹੋਏ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਉਸਨੂੰ ਖ਼ੁਸ਼ ਕਰਨ ਲਈ, ਗੁਰੂ ਨਾਨਕ ਸਾਹਿਬ ਦੀ ਪਾਵਨ ਗੁਰਬਾਣੀ ਦੇ ਅਰਥ ਵੀ ਬਦਲ ਦਿੱਤੇ।। ਰਾਮ ਰਾਇ ਦੀ ਇਸ ਘਟੀਆ ਕਰਤੂਤ ਤੇ ਗੁਰੂ ਸਾਹਿਬ ਨੇ ਉਸਨੂੰ ਘਰ ਨਹੀਂ ਸੀ ਵੜਨ ਦਿੱਤਾ ਅਤੇ ਬਾਹਰੋਂ ਹੀ ਵਾਪਸ ਭੇਜ ਦਿੱਤਾ ਸੀ।। ਸਿੱਖਾਂ ਵਿੱਚ ਪਿਰਥੀ ਚੰਦ ਦਾ ਨਾਮ ਮੀਣਾ ਮਸ਼ਹੂਰ ਹੋ ਗਿਆ, ਅਤੇ ਸਾਰੇ ਸਿੱਖਾਂ ਨੇ ਪਿਰਥੀ ਚੰਦ, ਧੀਰਮੱਲ ਅਤੇ ਰਾਮਰਾਇ ਨਾਲ਼ ਸਾਰੇ ਸਬੰਧ ਤੋੜ ਲਏ ਅਤੇ ਉਹਨਾਂ ਨਾਲ ਹਰ ਪਰਕਾਰ ਦਾ ਮੇਲ਼-ਜੋਲ਼ ਬੰਦ ਕਰ ਦਿੱਤਾ।। ਅੱਜ ਵੀ ਅਰਦਾਸ ਵਿੱਚ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਸਿੱਖ ਦਾ ਵਾਸਤਾ ਅਜਿਹੇ ਮਨੁੱਖਾਂ ਨਾਲ਼ ਨਾਂ ਪਵੇ।। ਸਪੱਸ਼ਟ ਤੌਰ ਤੇ ਗੁਰੂ ਘਰ ਦੇ ਇਹ ਸਾਰੇ ਲਹੂ ਦੇ ਰਿਸ਼ਤੇਦਾਰ ਵਾਹਿਗੁਰੂ ਦੇ ਦਰ ਤੇ ਪਰਵਾਨ ਨਹੀਂ ਹੋਏ।।
ਜੇਕਰ ਗੁਰੂ ਸਾਹਿਬਾਨ ਦੇ ਆਪਣੇ ਰਿਸ਼ਤੇਦਾਰਾਂ ਦਾ ਇਹ ਹਾਲ ਸੀ, ਤਾਂ ਬਾਕੀ ਭਗਤਾਂ ਦੇ ਰਿਸ਼ਤੇਦਾਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ!! ਉਂਜ ਵੀ ਪ੍ਰਭੂ ਮਿਲਾਪ ਲਈ ਹਰ ਮਨੁੱਖ ਨੂੰ ਆਪ ਘਾਲਣਾ ਕਰਨੀ ਪੈਂਦੀ ਹੈ ਅਤੇ ਗੁਰੂ (ਜਾਂ ਸਤਿਸੰਗਤ) ਦੀ ਸ਼ਰਨ ਵਿੱਚ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਉਸ ਦੇ ਗੁਣ ਗਾਇਨ ਕਰਨੇ ਪੈਂਦੇ ਹਨ।। ਇਸ ਤੋਂ ਬਿਨਾਂ ਹੋਰ ਕੋਈ ਵੀ ਵਿਧੀ ਪ੍ਰਭੂ ਨੂੰ ਪਰਵਾਨ ਨਹੀਂ।।
 ਰਾਮਕਲੀ ਮਹਲਾ 1 (905)।। ਹਠੁ ਨਿਗ੍ਰਹੁ ਕਰਿ ਕਾਇਆ ਛੀਜੈ।।ਵਰਤੁ ਤਪਨੁ ਕਰਿ ਮਨੁ ਨਹੀ ਭੀਜੈ।। ਰਾਮ ਨਾਮ ਸਰਿ ਅਵਰੁ ਨ ਪੂਜੈ।। 1।। —- ਵਾਦੁ ਪੜੈ ਰਾਗੀ ਜਗੁ ਭੀਜੈ।।ਤ੍ਰੈ ਗੁਣ ਬਿਖਿਆ ਜਨਮਿ ਮਰੀਜੈ।। ਰਾਮ ਨਾਮ ਬਿਨੁ ਦੂਖੁ ਸਹੀਜੈ।।—–
 ਸਲੋਕ ਮਹਲਾ 1 (1237)।। ਨ ਭੀਜੈ (ਵਾਹਿਗੁਰੂ ਰੀਝਦਾ ਨਹੀਂ) ਰਾਗੀ ਨਾਦੀ ਬੇਦਿ।। ਨ ਭੀਜੈ ਸੁਰਤੀ ਗਿਆਨੀ ਜੋਗਿ।। ਨ ਭੀਜੈ ਰੂਪੀ ਮਾਲੀ ਰੰਗਿ।। ਨ ਭੀਜੈ ਤੀਰਥ ਭਵਿਐ ਨੰਗਿ।। ਨ ਭੀਜੈ ਦਾਤੀ ਕੀਤੇ ਪੁੰਨਿ।। —- ਲੇਖਾ ਲਿਖੀਐ ਮਨ ਕੈ ਭਾਇ (ਪਿਆਰ)।। ਨਾਨਕ ਭੀਜੈ ਸਾਚੈ ਨਾਇ।।
 ਸੂਹੀ ਮਹਲਾ 4 (732)।। ਗਿਆਨੀ ਗੁਰ ਬਿਨੁ ਭਗਤਿ ਨ ਹੋਈ।। —– ਜਪੁ ਤਪੁ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ।। ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ (ਮਾਇਆ ਦੇ ਪਿਆਰ ਵਿੱਚ) ਖੁਆਈ (ਖੁਆਰ ਹੁੰਦਾ ਹੈ)।। —– ਨਾਨਕ ਨਦਰਿ ਕਰੇ ਸੇ ਬੂਝੈ ਸੋ ਜਨ ਨਾਮ ਧਿਆਏ।। ਗੁਰਪਰਸਾਦੀ ਏਕੋ ਬੂਝੈ ਏਕਸ ਮਾਹਿ ਸਮਾਏ।। ।।13।।
 ਸੁਖਮਨੀ ਸਾਹਿਬ ਸਲੋਕ ਮਹਲਾ 5 (265)।। ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ।। ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ।।
 ਰਾਮਕਲੀ ਨਾਮਦੇਉ ਜੀ (973)।। ਬਾਨਾਰਸੀ ਤਪੁ ਕਰੈ ਉਲਟਿ, ਤੀਰਥ ਮਰੈ ਅਗਨਿ ਦਹੈ ਕਾਇਆ ਕਲਪ ਕੀਜੈ (ਸਰੀਰ ਨੂੰ ਸ਼ੁਧ ਕਰੇ)।। ਅਸੁਮੇਧ ਜਗ ਕੀਜੈ (ਘੋੜਿਆਂ ਦੀ ਬਲੀ ਦੇਵੇ) ਸੋਨਾ ਗਰਭ (ਗੁਪਤ) ਦਾਨੁ ਦੀਜੈ, ਰਾਮ ਨਾਮ ਸਰਿ ਤਊ ਨ ਪੂਜੈ।। ਛੋਡਿ ਛੋਡਿ ਰੇ ਪਾਖੰਡੀ ਮਨ ਕਪਟ ਨ ਕੀਜੈ।। ਹਰਿ ਕਾ ਨਾਮ ਨਿਤ ਨਿਤਹਿ ਲੀਜੈ।। 1।। ਰਹਾਉ।।—-
 ਧਨਾਸਰੀ ਮਹਲਾ 5 (674)।। ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ।। ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ।।1।।ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ।। ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ (ਸੁਆਸ ਦਸਵੇਂ ਦੁਆਰ ਚੜ੍ਹਾਉਣੇ)।। ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ।। ———
ਉੱਪਰ ਦਿੱਤੇ ਇਹਨਾਂ ਪਾਵਨ ਸ਼ਬਦਾਂ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਕਿ ਪਿਆਰ ਅਤੇ ਸ਼ਰਧਾ ਨਾਲ਼ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾਂ ਮਾਇਆ ਤੋਂ ਛੁਟਕਾਰਾ ਪਾਉਣਾ ਅਤੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।।
ਇਹਨਾਂ ਸ਼ਬਦਾਂ, ਅਤੇ ਗੁਰੂ ਘਰਾਂ ਵਿੱਚ ਵਾਪਰੀਆਂ ਸੱਚੀਆਂ ਪਰ ਦੁਖਦਾਇਕ ਘਟਨਾਵਾਂ ਤੋਂ ਇਸ ਸੱਚਾਈ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਮਹਾਂਪੁਰਖਾਂ ਦੇ ਇਸ਼ਤੇਦਾਰ ਹੋਣ ਨਾਲ਼ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਹਨਾਂ ਵਿੱਚੋਂ ਕੋਈ ਵੀ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਕੇ ਪ੍ਰਭੂ ਨਾਲ਼ ਮਿਲਾਪ ਹਾਸਲ ਕਰ ਸਕਦਾ ਹੈ।। ਸੋ ਕੁਲ, ਕੁਟੰਬ, ਜਾਂ ਪਰਿਵਾਰ ਦਾ ਭਾਵ ਕਿਸੇ ਵੀ ਤਰ੍ਹਾਂ ਲਹੂ ਦੇ ਰਿਸ਼ਤੇ ਨਹੀਂ ਹੋ ਸਕਦਾ।। ਉਂਜ ਵੀ ਕੁਲਾਂ ਬਾਰੇ ਤਾਂ ਇਹ ਵੀ ਨਹੀਂ ਪਤਾ ਕਿ ਰਿਸ਼ਤੇ ਕਿਸ ਕਿਸ ਨਾਲ਼ ਅਤੇ ਕਿਹੜੀਆਂ ਜੂਨਾਂ ਵਿੱਚ ਬਣਦੇ ਹਨ।। ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਸ਼ਬਦ ਸੁਣੋ।।
 ਗਉੜੀ ਚੇਤੀ ਮਹਲਾ 1 (156)।। ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ।। ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮ ਉਪਾਏ।। 1।। —- ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ।। ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ।। –
ਸੋ ਕਿਸੇ ਧਾਰਮਿਕ ਪੁਰਖ ਦੀਆਂ ਇਹ ਸਾਰੀਆਂ ਕੁਲਾਂ ਦਾ ਕਿਵੇਂ ਪਾਰਉਤਾਰਾ ਹੋ ਸਕਦਾ ਹੈ ਜਦ ਕਿ ਗੁਰੂ ਗਰੰਥ ਸਾਹਿਬ ਵਿੱਚ ਇਹ ਸਪੱਸ਼ਟ ਲਿਖਿਆ ਹੈ ਕਿ ਵਾਹਿਗੁਰੂ ਨਾਲ਼ ਮਿਲਾਪ ਕੇਵਲ ਮਨੁੁੱਖਾ ਜਨਮ ਵਿੱਚ ਹੀ ਹੋ ਸਕਦਾ ਹੈ।।
ਜਿਵੇਂ ਕਿ ਅ੍ਨਗੇ ਦਿੱਤੇ ਪਾਵਨ ਸ਼ਬਦਾਂ ਤੋਂ ਸਪੱਸ਼ਟ ਹੋ ਜਾਵੇਗਾ ਗੁਰੂ ਵਾਹਿਗੁਰੂ ਦਾ ਆਪਣਾ ਸਰੂਪ ਹੈ ਜੋ ਵਾਹਿਗੁਰੂ ਦਾ ਗਿਆਨ ਦੇਣ ਲਈ ਇਸ ਦੁਨੀਆਂ ਵਿੱਚ ਆਉਂਦਾ ਹੈ।। ਗੁਰੂ, ਜਾਂ ਹੋਰ ਮਹਾਂਪੁਰਖ, ਵਾਹਿਗੁਰੂ ਦੇ ਸੁਨੇਹੇ ਦਾ ਢੰਡੋਰਾ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਜਗਤ ਨੂੰ ਦਿੰਦੇ ਹਨ।। ਕੁਝ ਖ਼ੁਸ਼ਕਿਸਮਤ ਲੋਕ ਉਹਨਾਂ ਦੇ ਸੁਨੇਹੇ ਤੇ ਅਮਲ ਕਰਕੇ ਆਪਣਾ ਜੀਵਨ ਸਫ਼ਲ ਕਰ ਲੈਂਦੇ ਹਨ ਜਦ ਕਿ ਕੁਝ ਬਦਕਿਸਮਤ ਲੋਕ ਸਤਿਗੁਰੂ ਦੇ ਇਸ ਉਪਕਾਰ ਤੋਂ ਵਾਂਞੇ ਰਹਿ ਜਾਂਦੇ ਹਨ, ਅਤੇ ਮਾਇਕ ਪਦਾਰਥਾਂ ਦੇ ਭੋਗਾਂ ਵਿੱਚ ਹੀ ਆਪਣਾ ਅਣਮੁੱਲਾ ਜਨਮ ਗੁਆ ਲੈਂਦੇ ਹਨ।। ਅੱਗੇ ਦਿੱਤੇ ਸ਼ਬਦਾਂ ਨੂੰ ਧਿਆਨ-ਗੋਚਰ ਕਰੋ।।
 ਆਸਾ ਦੀ ਵਾਰ ਮਹਲਾ 1, ਪਉੜੀ (6)।। ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ।। ਸਤਿਗੁਰ ਵਿਚਿ ਆਪੁ (ਵਾਹਿਗੁਰੂ ਨੇ ਆਪਣਾ ਆਪ) ਰਖਿਅਨੁ ਕਰਿ ਪਰਗਟੁ ਆਖਿ ਸੁਣਾਇਆ।। ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ।। —–
 ਸਲੋਕ ਮਹਲਾ 4, ਗਉੜੀ ਕੀ ਵਾਰ (310)।। ਸਾ ਧਰਤਿ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ।। ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ।।—— ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ।। ਹਰਿ ਸਤਿਗੁਰ ਮੇਲਹੁ ਦਇਆ ਕਰਿ ਜਨੁ ਨਾਨਕ ਧੋਵੈ ਪਾਇ।।2।।
 ਸਿਰੀ ਰਾਗੁ ਮਹਲਾ 5 (52)।। ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ।। ਸਤਿਗੁਰ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ।। —– ਗੁਰੁ ਤੀਰਥ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ।। ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ (ਉਸਦੇ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ) ਸਭੁ ਸੰਸਾਰ।। —-
 ਸੂਹੀ ਮਹਲਾ 5 (748)।। ਭਾਗਠੜੇ ਹਰਿ ਸੰਤ ਤੁਮ੍ਹਾਰੇ ਜਿਨ੍ਹ ਘਰਿ ਧਨ ਹਰਿ ਨਾਮਾ।। ਪਰਵਾਣ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ।। 1।। ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ।। ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ।। ਜਨਮ ਮਰਣ ਦੁਹਹੁ ਮਹਿ ਨਾਹੀ ਜਨ ਪਰਉਪਕਾਰੀ ਆਏ।। ਜੀਅ ਦਾਨ (ਆਤਮਿਕ ਦਾਨ) ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਇ।। —-
 ਸਵਈਏ ਸ੍ਰੀ ਮੁਖਬਾਕ੍ਹ ਮਹਲਾ 5 (1386)।। ਕਵਨੁ ਜੋਗੁ ਕਉਨ ਗ੍ਹਾਨੁ ਧ੍ਹਾਨ ਕਵਨ ਬਿਧਿ ਉਸਤਤਿ ਕਰੀਐ।। —– ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ।। ਹਰਿ ਗੁਰੁ ਨਾਨਕੁ (ਹਰੀ ਦਾ ਰੂਪ ਸਤਿਗੁਰ ਨਾਨਕ) ਜਿਨ੍ਹ ਪਰਸਿਓ (ਆਤਮਿਕ ਅੱਖਾਂ ਨਾਲ ਦਰਸ਼ਨ ਕੀਤੇ) ਤੇ ਇਤ ਉਤ ਸਦਾ ਮੁਕਤੇ।।
 ਸਵਈਏ ਮਹਲੇ ਪੰਜਵੇ ਕੇ (1408-9)।। ਜਬ ਲਉ ਨਹੀ ਭਾਗ ਲਲਾਰ ਉਦੈ (ਮੱਥੇ ਤੇ ਉੱਘੜਿਆ ਨਹੀਂ) ਤਬ ਲਉ ਭ੍ਰਮਤੇ ਬਹੁ ਧਾਯਉ।। ਕਲਿ ਘੋਰ ਸਮੁਦ੍ਰ ਮੈ ਬੂਢਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ।। ਤਤੁ ਬੀਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਯਉ।। ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ।।
ਇਹਨਾਂ ਸ਼ਬਦਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਸਾਰੀ ਦੁਨੀਆਂ ਨੂੰ ਸਾਂਝਾ ਉਪਦੇਸ਼ ਦੇਣ ਅਤੇ ਵਾਹਿਗੁਰੂ ਦਾ ਨਾਮ ਜਪਵਾਉਣ ਲਈ ਇਸ ਸੰਸਾਰ ਵਿੱਚ ਆਉਂਦੇ ਹਨ।। ਪਰ ਨਾਲ਼ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸੰਸਾਰ-ਸਾਗਰ ਤੋਂ ਪਾਰ ਉਹੀ ਲੰਘਦੇ ਹਨ ਜਿਹੜੇ ਉਹਨਾਂ ਦਾ ਉਪਦੇਸ਼ ਸੁਣ ਕੇ ਵਾਹਿਗੁਰੂ ਦਾ ਪਵਿੱਤਰ ਨਾਮ ਆਪਣੇ ਹਿਰਦਿਆਂ ਵਿੱਚ ਵਸਾਉਂਦੇ ਹਨ ਭਾਵੇਂ ਉਹ ਗੁਰੂ ਸਾਹਿਬ ਦੇ ਲਹੂ ਦੇ ਰਿਸ਼ਤੇਦਾਰ ਹੋਣ ਭਾਵੇਂ ਨਾਂ।। ਉਹਨਾਂ ਦੇ ਸਿੱਖ ਹੀ ਉਹਨਾਂ ਦਾ ਪਰਿਵਾਰ ਹਨ।। ਹੇਠਾਂ ਦਿੱਤੇ ਸ਼ਬਦਾਂ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ।।
 ਗਉੜੀ ਗੁਆਰੇਰੀ ਮਹਲਾ 4 (165)।। —— ਗੁਰਸਿਖ ਹਰਿ ਬੋਲਹੁ ਮੇਰੇ ਭਾਈ।। ਹਰਿ ਬੋਲਤ ਸਭ ਪਾਪ ਲਹਿ ਜਾਈ।। ਜਬ ਗੁਰੁ ਮਿਲਿਆ ਤਬ ਮਨ ਵਸਿ ਆਇਆ।। ਧਾਵਤ ਪੰਚ ਰਹੇ ਹਰਿ ਧਿਆਇਆ।। ਅਨਦਿਨੁ ਨਗਰੀ (ਗੁਰੂ ਦੀ ਨਗਰੀ, ਉਸਦੀ ਸੰਗਤ ਵਿੱਚ) ਹਰਿ ਗੁਣ ਗਾਇਆ।।
 ਗਉੜੀ ਕਬੀਰ ਜੀ (328)।। ਜੋ ਜਨ ਲੇਹਿ ਖਸਮ ਕਾ ਨਾਉ।। ਤਿਨ ਕੈ ਸਦ ਬਲਿਹਾਰੈ ਜਾਉ।।1।। ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ।। ਸੋ ਭਾਈ ਮੇਰੈ ਮਨਿ ਭਾਵੈ।। 1।।

ਸੋ ਗੁਰੂ ਦੇ ਸਿੱਖ ਹੀ ਆਪਸ ਵਿੱਚ ਭਰਾ ਹਨ ਅਤੇ ਗੁਰੂ ਦੇ ਸਿੱਖ ਹੀ ਗੁਰੂ ਦਾ ਪਰਿਵਾਰ, ਕੁਟੰਬ ਜਾਂ ਕੁਲ ਹਨ।। ਇਸ ਪ੍ਰੀਭਾਸ਼ਾ ਅਨੁਸਾਰ ਕੇਵਲ ਲਹੂ ਦੇ ਰਿਸ਼ਤੇਦਾਰ ਹੋਣਾ ਗੁਰੂ ਸਾਹਿਬ ਦਾ ਪਰਿਵਾਰ ਨਹੀਂ।।
88

Be the first to comment

Leave a Reply