ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਅਪਣਾਇਆ ਤਾਨਾਸ਼ਾਹੀ ਰੁਖ

-ਆਪਣੇ ਹੀ 7 ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ‘ਚ ਆਉਣ ਦੀ ਮਨਾਹੀ ਦਾ ਕੀਤਾ ਫ਼ੁਰਮਾਨ ਜਾਰੀ
-5 ਨਵੇਂ ਮੈਂਬਰਾਂ ਨੂੰ ਵੀ ਪੇਸ਼ ਹੋਣ ਲਈ ਭੇਜੇ ਪੱਤਰ
-ਮੀਟਿੰਗ ‘ਚ ਲਿਆਂਦੇ ਗਏ ਕਬੱਡੀ ਖਿਡਾਰੀਆਂ ਅਤੇ ਯਾਤਰੀ ਵੀਜ਼ਾ ਧਾਰਕਾਂ ‘ਤੇ ਵੀ ਉੱਠੇ ਸਵਾਲ
-ਤੇ ਹੁਣ ਮੀਟਿੰਗਾਂ ‘ਚ ਫਰਜ਼ੀ ਯਾਤਰੀ ਮੈਂਬਰਾਂ ਦੀ ਪਵੇਗੀ ਨਵੀਂ ਰੀਤ
ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਏਥੋਂ ਦੇ ਸ਼ਹਿਰ ਵਿਖੇ ਸਥਿੱਤ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਦੀਆਂ ਚੋਣਾਂ ਨੂੰ ਲੈ ਕੇ ਦੋ ਧਿਰਾਂ ‘ਚ ਪੈਦਾ ਹੋਏ ਵਿਵਾਦ ਕਾਰਨ ਚਰਚਾ ‘ਚ ਆਏ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਦੀ ਤਾਰੀਖ ਮਿਥੇ ਜਾਣ ਪਿੱਛੋਂ ਚੋਣਾਂ ਸੰਬੰਧੀ ਕੀਤੀ ਜਨਰਲ ਮੀਟਿੰਗ ‘ਚ ਆਪਸੀ ਕਸਮਕਸ ਨੂੰ ਦੇਖਦੇ ਹੋਏ ਪ੍ਰਬੰਧਕ ਕਮੇਟੀ ਨੇ ਚੋਣਾਂ ਰੱਦ ਕਰਕੇ ਵਿਰੋਧੀ ਧਿਰ ਦੇ 13 ਮੈਂਬਰਾਨ ‘ਤੇ ਮੀਟਿੰਗ ‘ਚ ਹੁੱਲ੍ਹੜਬਾਜੀ ਤੇ ਕਾਰਵਾਈ ‘ਚ ਬਿਘਣ ਪਾਉਣ ਦੇ ਦੋਸ਼ ਲਾ ਕੇ ਉਨ੍ਹਾਂ ਮੈਂਬਰਸ਼ਿਪ ਰੱਦ ਕਰ ਦਿੱਤੀ। ਕੁਝ ਦਿਨ ਪਹਿਲਾਂ ਫੇਰ ਤੋਂ ਰੱਖੀ ਗਈ ਮੀਟਿੰਗ ਪਿੱਛੋਂ ਪ੍ਰਬੰਧਕ ਕਮੇਟੀ ਵੱਲੋਂ ਤਾਨਾਸ਼ਾਹੀ ਰੁਖ ਅਪਣਾਉਂਦਿਆਂ ਮੀਟਿੰਗ ਦੀ ਕਾਰਵਾਈ ‘ਚ ਹੁੱਲੜਬਾਜੀ ਅਤੇ ਕਮੇਟੀ ਦੀ ਗੱਲ ਨਾ ਸੁਣਨ ਦਾ ਦੋਸ਼ ਲਾ ਕੇ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਗੀਰ ਸਮਝ ਕੇ ਤਾਨਾਸ਼ਾਹੀ ਫ਼ੁਰਮਾਨ ਜਾਰੀ ਕਰਦਿਆਂ 7 ਮੈਂਬਰਾਂ ਉੱਪਰ ਗੁਰਦੁਆਰਾ ਸਾਹਿਬ ‘ਚ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਗਈ ਹੈ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ਼ਬਦਾਂ ਤੇ ਵਿਚਾਰਾਂ ਦੀ ਲੜਾਈ ਲੜਣ ਵਾਲਾ ਮੈਂਬਰ ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਆ ਹੀ ਨਹੀਂ ਸਕਦਾ।
ਤਾਨਾਸ਼ਾਹੀ ਫੁਰਮਾਨ :-
ਇਸ ਤਾਨਾਸ਼ਾਹੀ ਫ਼ੁਰਮਾਨ ‘ਚ ਇਸ ਦਾ ਪਹਿਲਾ ਕਾਰਨ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਅਤੇ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਉਕਤ ਲਿਖਤ ਮੈਂਬਰਾਂ ਉੱਪਰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਹੈ।
ਤਾਨਾਸ਼ਾਹੀ ਫ਼ੁਰਮਾਨ ਦੇ ਦੂਜੇ ਹੁਕਮ ਦੁਆਰਾ ਲੋਕਾਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਕਿ ਜੇ ਕਰ ਕੋਈ ਵੀ ਆਮ ਵਿਆਕਤੀ ਰੋਕ ਲਾਏ ਇਨ੍ਹਾਂ ਵਿਅਕਤੀਆਂ ਵਿੱਚੋਂ ਕਿਸੇ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਵੇਖਦਾ ਹੈ ਤਾਂ ਇਸ ਬਾਰੇ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਇਸ ਦੀ ਸੂਚਨਾ ਦੇਵੇ।
ਅਗਲੇ ਫ਼ੁਰਮਾਨ ‘ਚ ਕਿਹਾ ਗਿਆ ਕਿ ਜੇ ਕਰ ਬੈਨ ਕੀਤੇ ਵਿਆਕਤੀਆਂ ਵਿੱਚੋਂ ਕੋਈ ਵਿਆਕਤੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵੇਖਿਆ ਗਿਆ ਤਾਂ ਕਮੇਟੀ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚੋਂ ਬਾਹਰ ਕੱਢ ਦੇਣ ਲਈ ਕਾਨੂੰਨ ਦੀ ਮੱਦਦ ਲਵੇਗੀ।
ਇਨ੍ਹਾਂ ਫ਼ੁਰਮਾਨਾਂ ਬਾਰੇ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਭਜਨ ਤੂਰ (ਜਿਸ ਦੇ ਹਸਤਾਖਰਾਂ ਹੇਠ ਇਹ ਫ਼ੁਰਮਾਨ ਜਾਰੀ ਹੋਇਆ) ਨਾਲ ਗੱਲਬਾਤ ਕਰਕੇ ਪੁੱਛਿਆ ਗਿਆ ਕਿ ਕੀ ਬੈਨ ਕੀਤੇ ਮੈਂਬਰ ਗੁਰਦੁਆਰਾ ਸਾਹਿਬ ‘ਚ ਆ ਕੇ ਮੱਥਾ ਵੀ ਨਹੀਂ ਟੇਕ ਸਕਦੇ ਜਾਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਪ੍ਰੋਗਰਾਮ ‘ਚ ਵੀ ਨਹੀਂ ਆ ਸਕਦੇ ਤਾਂ ਉਪ ਪ੍ਰਧਾਨ ਨੇ ਕਿਹਾ ਕਿ ਅਸੀਂ ਤਾਂ ਕਮੇਟੀ ਦੇ ਬਣੇ ਵਿਧਾਨ ਮੁਤਾਬਿਕ ਗੱਲ ਕਰਨੀ ਹੈ ਅਤੇ ਬੈਨ ਤਾਂ ਬੈਨ ਹੀ ਹੈ। ਜੇ ਸਾਨੂੰ ਬੈਨ ਕੀਤਾ ਕੋਈ ਵਿਆਕਤੀ ਕਿਸੇ ਪ੍ਰੋਗਰਾਮ ਸਮੇਂ ਮਿਲ ਜਾਂਦਾ ਹੈ ਤਾਂ ਸਾਨੂੰ ਕਾਨੂੰਨ ਮੁਤਾਬਿਕ ਕਹਿਣਾ ਹੀ ਪਵੇਗਾ ਤੂੰ ਏਥੇ ਨਹੀਂ ਆ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਸਤਨਾਮ ਗਿੱਲ ਦੇ ਭਰਾ ਵੱਲੋਂ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੱਲਾਂ ਵੀ ਕੱਢੀਆਂ ਗਈਆਂ ਅਤੇ ਮੰਦੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਜਦੋਂ ਸਤਨਾਮ ਗਿੱਲ ਉਨ੍ਹਾਂ ਦੀ ਪਤਨੀ ਤੇ ਭੈਣ ਨੂੰ ਇਸ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ ਪ੍ਰਤੀ ਕੋਈ ਗੱਲ ਕਹਿਣ ਤੋਂ ਚੁੱਪ ਵੱਟ ਲਈ ਸਗੋਂ ਸਤਨਾਮ ਗਿੱਲ ਨੇ ਨੋਟਿਸ ਬੋਰਡ ਵੱਲ ਹੱਥ ਕਰਕੇ ਕਿਹਾ ਕਿ ਕੀ ਆਹ ਗਾਲਾਂ ਤੋਂ ਘੱਟ ਹੈ ਜਿਹੜੇ 7 ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ‘ਚ ਆਉਣ ਦੀ ਮਨਾਹੀ ਦਾ ਨੋਟਿਸ ਲਾਇਆ ਹੈ?
ਇਸ ਬਾਰੇ ਜਦੋਂ ਵਿਰੋਧੀ ਧਿਰ ਦੇ ਸਤਨਾਮ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਖ ਦੱਸਦਿਆਂ ਕਿਹਾ ਕਿ ਸਤਾਧਾਰੀ ਕਮੇਟੀ ਹਰ ਉਸ ਮੈਂਬਰ ‘ਤੇ ਗੁਰਦੁਆਰਾ ਸਾਹਿਬ ‘ਚ ਆਉਣ ‘ਤੇ ਰੋਕ ਲਾ ਰਹੀ ਹੈ ਜਿਹੜਾ ਕਮੇਟੀ ਤੋਂ ਹਿਸਾਬ ਬਾਰੇ ਸਵਾਲ ਪੁੱਛ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕਾਬਜ ਕਮੇਟੀ ਕਬਜਾ ਛੱਡਣਾ ਨਹੀਂ ਚਾਹੁੰਦੀ ਅਤੇ ਜਿਹੜੇ ਮੈਂਬਰਾਂ ਨੇ ਚੋਣਾਂ ਕਰਵਾਉਣ ਅਤੇ ਹਿਸਾਬ ਲੈਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ‘ਤੇ ਇਸ ਤਰਾਂ ਰੋਕ ਲਾ ਦਿੱਤੀ ਜਿਵੇਂ ਗੁਰਦੁਆਰਾ ਉਨ੍ਹਾਂ ਦੀ ਨਿਜੀ ਜਗੀਰ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ‘ਚ ਇਹ ਕਿਤੇ ਵੀ ਨਹੀਂ ਮਿਲ ਰਿਹਾ ਕਿ ਕਿਸੇ ਵਿਅਕਤੀ ਨੂੰ ਗੁਰੂ ਘਰ ਆਉਣ ਤੋਂ ਰੋਕਿਆ ਜਾਵੇ ਭਾਵੇਂ ਉਹ ਕਿਸੇ ਵੀ ਮਜਬ ਦਾ ਕਿਉਂ ਨਾ ਹੋਵੇ। ਹਾਂ! ਕਿਸੇ ਗਲਤ ਅਨਸਰ ‘ਤੇ ਨਿਗਰਾਨੀ ਤਾਂ ਰੱਖੀ ਜਾ ਸਕਦੀ ਹੈ ਕਿ ਕੋਈ ਸ਼ਰਾਰਤ ਨਾ ਕਰ ਦੇਵੇ ਪਰ ਕਿਸੇ ਨੂੰ ਗੁਰੂ ਘਰ ਆਉਣ ਤੋਂ ਰੋਕਿਆ ਜਾਣਾ ਕਿੱਥੋਂ ਤੱਕ ਠੀਕ ਹੈ, ਉਹ ਵੀ ਸਿੱਖ ਭਾਈਚਾਰੇ ਨੂੰ। ਕਮੇਟੀ ਨੇ ਨਾ ਤਾਂ ਸਿੱਖ ਕੌਮ ਦੀ ਪ੍ਰਵਾਹ ਕੀਤੀ ਤੇ ਨਾ ਹੀ ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦਾ ਪਾਲਣ ਕੀਤਾ।
ਪਿਛਲੇ ਦਿਨੀਂ ਸੱਦੀ ਗਈ ਮੀਟਿੰਗ ਬਾਰੇ ਗੱਲ ਕਰਦਿਆਂ ਸਤਨਾਮ ਗਿੱਲ ਨੇ ਦੱਸਿਆ ਕਿ ਕਾਬਜ਼ ਕਮੇਟੀ ਨੇ ਯਾਤਰੀ ਵੀਜ਼ੇ ‘ਤੇ ਆਏ ਲੋਕਾਂ ਅਤੇ ਕਬੱਡੀ ਖੇਡਣ ਆਏ ਖਿਡਾਰੀਆਂ ਨੂੰ ਇਸ ਮੀਟਿੰਗ ਵਿੱਚ ਲਿਆ ਕੇ ਆਪਣਾ ਬਹੁਮੱਤ ਦਿਖਾ ਕੇ ਮੀਟਿੰਗ ਦੇ ਅਜੰਡੇ ਆਪਣੇ ਹੱਕ ਵਿੱਚ ਦਰਸਾਏ ਗਏ। ਕੀ ਅਜਿਹੇ ਲੋਕਾਂ ਦਾ ਮੀਟਿੰਗ ‘ਚ ਆਉਣਾ ਇਹ ਸਮਝਿਆ ਜਾਵੇ ਕਿ ਇਨ੍ਹਾਂ ਲੋਕਾਂ ਕੋਲ ਗੁਰਦੁਆਰਾ ਸਾਹਿਬ ਦੀ ਯਾਤਰੀ ਮੈਂਬਰਸ਼ਿਪ ਹੈ ਜਾਂ ਇਹ ਲੋਕ ਗੁਰਦੁਆਰਾ ਸਾਹਿਬ ਦੇ ਯਾਤਰੀ ਖਿਡਾਰੀ ਮੈਂਬਰਸ਼ਿਪ ਹਾਸਲ ਕਰਕੇ ਮੀਟਿੰਗ ‘ਚ ਆਏ ਹਨ। ਸਵਾਲ ਖੜ੍ਹੇ ਹਨ ਕਿ ਹੁਣ ਸਾਰੀਆਂ ਸੰਸਥਾਵਾਂ ‘ਚ ਹੀ ਫਰਜ਼ੀ ਯਾਤਰੀ ਕਮੇਟੀ ਮੈਂਬਰ ਆਉਣ ਦੀ ਰੀਤ ਪੈ ਜਾਵੇਗੀ।
ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ 13 ਮੈਂਬਰਾਂ ਦੀ ਮੈਂਬਰਸ਼ਿਪ ਰੱਦ ਪਿੱਛੋਂ ਅਤੇ ਇੰਨ੍ਹਾਂ ਵਿੱਚੋਂ ਹੀ ਦੋ ਸਾਬਕਾ ਪ੍ਰਧਾਨਾਂ ਸਮੇਤ 7 ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ‘ਚ ਆਉਣ ਦੀ ਪੱਕੀ ਮਨਾਹੀ ਤੋਂ ਇਲਾਵਾ 5 ਨਵੇਂ ਮੈਂਬਰਾਂ ਨੂੰ ਵੀ ਕਾਰਨ ਦੱਸੋ ਪੱਤਰ ਭੇਜੇ ਗਏ ਹਨ ਜਿੰਨਾਂ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ ਸ਼ਾਮਲ ਹਨ ਜਿਨ੍ਹਾਂ ਪ੍ਰਤੀ ਇਹ ਸਮਝਿਆ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਪੰਜਾਂ ਮੈਂਬਰਾਂ ‘ਤੇ ਇੰਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਕੁਹਾੜੀ ਚੱਲਣ ‘ਚ ਸਮਾਂ ਦੂਰ ਨਹੀਂ।

Be the first to comment

Leave a Reply