ਖੇਡ ਰਹੇ ਬੱਚਿਆਂ ‘ਤੇ ਚੱਲੀਆਂ ਗੋਲੀਆਂ, ਦੋ ਬੱਚੀਆਂ ਦੀ ਹਾਲਤ ਗੰਭੀਰ

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਗਰਾਊਂਡ ‘ਚ ਖੇਡ ਰਹੇ ਛੋਟੇ-ਛੋਟੇ ਬੱਚਿਆਂ ‘ਤੇ ਇਕ ਅਣਪਛਾਤੇ ਵਿਅਕਤੀ ਨੇ ਗੋਲੀਬਾਰੀ ਕੀਤੀ ਅਤੇ ਇਸ ਕਾਰਨ ਦੋ ਬੱਚੀਆਂ ਜ਼ਖਮੀ ਹੋ ਗਈਆਂ। ਬੱਚੀਆਂ ਦੀ ਉਮਰ 5 ਅਤੇ 9 ਸਾਲ ਦੱਸੀ ਜਾ ਰਹੀ ਹੈ। ਇਹ ਦੋਵੇਂ ਬੱਚੀਆਂ ਭੈਣਾਂ ਸਨ। ਪੁਲਸ ਨੇ ਦੱਸਿਆ ਕਿ ਉਹ ਦੋ ਸ਼ੱਕੀ ਵਿਅਕਤੀਆਂ ਨੂੰ ਲੱਭ ਰਹੀ ਹੈ। ਇਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ ਅਤੇ ਦੂਜਾ ਵਿਅਕਤੀ ਗੱਡੀ ‘ਚ ਇਸ ਹਮਲਾਵਰ ਨੂੰ ਲੈ ਕੇ ਆਇਆ ਸੀ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਵੀਰਵਾਰ ਸ਼ਾਮ 5 ਵਜੇ 10 ਆਲਟਨ ਟਾਵਰਜ਼ ਸਰਕਲ ਨੇੜੇ ਵਾਪਰੀ।
ਟੋਰਾਂਟੋ ਪੁਲਸ ਨੇ ਦੱਸਿਆ ਕਿ ਇੱਥੇ 11 ਬੱਚੇ ਗਰਾਊਂਡ ‘ਚ ਖੇਡ ਰਹੇ ਸਨ। ਉਸ ਸਮੇਂ ਇਕ ਵੱਡਾ ਵਿਅਕਤੀ ਇੱਥੇ ਮੌਜੂਦ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਹਥਿਆਰਬੰਦ ਵਿਅਕਤੀ ਇਸ ਵਿਅਕਤੀ ਨੂੰ ਮਾਰਨ ਲਈ ਆਇਆ ਹੋਵੇਗਾ ਪਰ ਬੱਚੀਆਂ ਜ਼ਖਮੀ ਹੋ ਗਈਆਂ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 7 ਵਾਰ ਫਾਇਰਿੰਗ ਦੀ ਆਵਾਜ਼ ਸੁਣੀ। ਜਾਣਕਾਰੀ ਮੁਤਾਬਕ ਇਕ ਬੱਚੀ ਦੇ ਪੇਟ ਦੇ ਹੇਠਲੇ ਹਿੱਸੇ ‘ਚ ਗੋਲੀ ਵੱਜੀ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੀ ਬੱਚੀ ਦੇ ਗਿੱਟੇ ‘ਤੇ ਗੋਲੀ ਵੱਜੀ ਹੈ ਅਤੇ ਦੋਹਾਂ ਬੱਚੀਆਂ ਦਾ ਆਪ੍ਰੇਸ਼ਨ ਹੋਣਾ ਹੈ। ਟੋਰਾਂਟੋ ਪੁਲਸ ਦੇ ਮੁਖੀ ਮਾਰਕ ਸੈਂਡਰਸ ਨੇ ਮੌਕੇ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਡਰਪੋਕ ਇਸ ਇਲਾਕੇ ‘ਚ ਆਏ ਅਤੇ ਉਨ੍ਹਾਂ ਨੇ ਖੇਡ ਦੇ ਮੈਦਾਨ ‘ਚ ਗੋਲੀਬਾਰੀ ਕੀਤੀ। ਪੁਲਸ ਨੇ ਅਜੇ ਤਕ ਸ਼ੱਕੀਆਂ ਅਤੇ ਉਨ੍ਹਾਂ ਦੀ ਗੱਡੀ ਦੀ ਪਛਾਣ ਜਨਤਕ ਨਹੀਂ ਕੀਤੀ ਪਰ ਉਹ ਦੋਸ਼ੀਆਂ ਦੀ ਭਾਲ ਕਰ ਰਹੇ ਹਨ।
ਇਸ ਇਲਾਕੇ ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਗੋਲੀਬਾਰੀ ਹੋਈ ਹੈ। ਇੱਥੇ ਰਹਿਣ ਵਾਲੀ ਇਕ ਨਰਸ ਨੇ ਦੱਸਿਆ ਕਿ ਉਸ ਨੂੰ ਲੱਗਾ ਕਿ ਕੋਈ ਪਟਾਕੇ ਚਲਾ ਰਿਹਾ ਹੈ ਪਰ ਫਿਰ ਉਸ ਨੂੰ ਬੱਚਿਆਂ ਦੇ ਚੀਕਾਂ ਮਾਰਨ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਜ਼ਖਮੀ ਬੱਚੀਆਂ ਨੂੰ ਸੰਭਾਲਿਆ। ਟੋਰਾਂਟੋ ਦੇ ਮੇਅਰ ਜੋਹਨ ਟੋਰੀ ਅਤੇ ਓਂਟਾਰੀਓ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਡੱਗ ਫੋਰਡ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

Be the first to comment

Leave a Reply