ਕੈਲਗਰੀ ਦੇ ਬੱਚਿਆਂ ਨੇ ਭੰਗੜਾ ਪਾ ਕੇ ਪੰਜਾਹ ਹਜ਼ਾਰ ਡਾਲਰ ਇਕੱਤਰ ਕੀਤੇ ਰਾਸ਼ੀ ਮਹਿਕ ਮਿਨਹਾਸ ਦੇ ਇਲਾਜ ਲਈ ਖਰਚੀ ਜਾਵੇਗੀ

ਕੈਲਗਰੀ(ਸੁਖਵੀਰ ਗਰੇਵਾਲ):ਭੰਗੜਾ ਪਾਉਣ ਦੇ ਸ਼ੌਕੀਨਾਂ ਨੂੰ ਆਮ ਤੌਰ ਦੇ ਸਟੇਜਾਂ ਤੱਕ ਹੀ ਸੀਮਿਤ ਸਮਝਿਆ ਜਾਂਦਾ ਹੈ ਪਰ ਕੈਲਗਰੀ ਦੇ ਬੱਚਿਆਂ ਨੇ ਕੁਝ ਵੱਖਰਾ ਕਰ ਦਿਖਾਇਆ ਹੈ।ਯੰਗ ਭੰਗੜਾ ਕਲੱਬ ਦੇ ਬੱਚਿਆਂ ਨੇ ਦਸ ਸਾਲਾ ਬੱਚੀ ਮਹਿਕ ਮਿਨਹਾਸ ਦੇ ਇਲਾਜ ਲਈ ਪੰਜਾਹ ਹਜ਼ਾਰ ਦੇ ਕਰੀਬ ਰਾਸ਼ੀ ਇੱਕਤਰ ਕਰ ਲਈ ਹੈ।ਇੱਥੋਂ ਦੇ ਰੋਟਰੀ ਚੈਲੇਂਜਰ ਪਾਰਕ ਵਿੱਚ ਹੋਏ ਇਸ ਸਮਾਗਮ ਦੌਰਾਨ ਬੱਚਿਆਂ ਨੇ ਰਾਸ਼ੀ ਇਕੱਤਰ ਕਰਨ ਲਈ (ਫੰਡ ਰੇਜ਼ਿੰਗ)ਭੰਗੜਾ ਪਾਇਆ ਤੇ ਪੰਜਾਬੀ ਭਾਈਚਾਰੇ ਵਲੋਂ ਇਸ ਨੂੰ ਵੱਡਾ ਹੁੰਗਾਰਾ ਮਿਲਿਆ।
ਦੱਸਣਯੋਗ ਹੈ ਕਿ 14 ਜੁਲਾਈ ਨੂੰ ਮਹਿਕ ਆਪਣੇ ਪਰਿਵਾਰ ਨਾਲ਼ ਕੈਲਗਰੀ ਤੋਂ ਟੈਕਸਸ(ਅਮਰੀਕਾ) ਸਫਰ ਕਰ ਰਹੀ ਸੀ ਤਾਂ ਉਹਨਾਂ ਦੀ ਕਾਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ।ਇਸ ਦੁਰਘਟਨਾ ਵਿੱਚ ਮਹਿਕ ਦੇ ਪਿਤਾ,ਭਰਾ ਅਤੇ ਦਾਦੀ ਦੀ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਅਤੇ ਭੈਣ ਨੂੰ ਸੱਟਾਂ ਲੱਗੀਆਂ ਸਨ।ਇਸ ਦੁਰਘਟਨਾ ਵਿੱਚ ਮਹਿਕ ਦੀ ਰੀੜ ਦੀ ਹੱਡੀ ਤੇ ਸੱਟ ਕਾਰਨ ਉਸ ਦੇ ਸਰੀਰ ਦਾ ਹੇਠਲਾ ਹਿੱਸਾ ਅਪੰਗ ਹੋ ਗਿਆ ਸੀ।ਪਿਛਲੇ ਮਹੀਨਿਆਂ ਦੌਰਾਨ ਮਹਿਕ ਦਾ ਕੈਲਗਰੀ ਚਿਲਡਰਨ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਹੁਣ ਉਸ ਦਾ ਇਲਾਜ ਸੈਕਰਾਮੈਂਟੋ(ਅਮਰੀਕਾ) ਵਿੱਚ ਹੋਵੇਗਾ।
ਭੰਗੜੇ ਦੇ ਸ਼ੌਕੀਨ ਇਸ ਪਰਿਵਾਰ ਤਿੰਨੋਂ ਬੱਚੇ ਕਈ ਸਾਲਾਂ ਤੋਂ ਯੰਗ ਭੰਗੜਾ ਕਲੱਬ ਨਾਲ਼ ਜੁੜੇ ਹੋਏ ਸਨ। ਪਰਿਵਾਰਿਕ ਸੂਤਰਾਂ ਮੁਤਾਬਿਕ ਮਹਿਕ ਹੁਣ ਵੀ ਜਦੋਂ ਸੰਗੀਤ ਸੁਣਦੀ ਹੈ ਤਾਂ ਵੀਲ੍ਹ ਚੇਅਰ ਤੇ ਬੈਠੀ ਭੰਗੜਾ ਪਾਉਣ ਦੀ ਕੋਸ਼ਿਸ਼ ਕਰਦੀ ਹੈ।ਯੰਗ ਭੰਗੜਾ ਕਲੱਬ ਦੇ 650 ਦੇ ਕਰੀਬ ਬੱਚਿਆਂ ਨੇ ਕੜਾਕੇ ਦੀ ਠੰਢ ਵਿੱਚ ਭੰਗੜਾ ਪਾਇਆ ਤੇ ਮਹਿਕ ਵੀ ਵੀਲ੍ਹ ਚੇਅਰ ਤੇ ਬੈਠ ਕੇ ਇਹਨਾਂ ਬੱਚਿਆਂ ਵਿੱਚ ਸ਼ਾਮਿਲ ਹੋਈ।ਇਸ ਮੌਕੇ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ।ਭੰਗੜਾ ਕੋਚ ਅਮਨਦੀਪ ਸਿੱਧੂ ਨੇ ਧੰਨਵਾਦੀ ਸੁਨੇਹੇ ਰਾਹੀਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਮਹਿਕ ਪੂਰੀ ਤਰਾਂ ਤੰਦਰੁਸਤ ਹੋ ਕੇ ਇੱਕ ਵਾਰ ਫਿਰ ਉਸੇ ਤਰਾਂ ਭੰਗੜਾ ਪਾਵੇ।ਮਹਿਕ ਦੀ ਮਾਤਾ ਜਸਲੀਨ ਨੇ ਕਿਹਾ ਕਿ ਪਰਿਵਾਰ ਦੇ ਤਿੰਨ ਜੀਆਂ ਦੇ ਵਿਛੋੜੇ ਅਤੇ ਮਹਿਕ ਦੀ ਸਰੀਰਿਕ ਹਾਲਤ ਕਾਰਨ ਪਰਿਵਾਰ ਇਸ ਸਮੇਂ ਮਾਨਸਿਕ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ ਪਰ ਅੱਜ ਜਿਸ ਤਰਾਂ ਪੰਜਾਬੀ ਭਾਈਚਾਰੇ ਨੇ ਮਹਿਕ ਦੇ ਇਲਾਜ ਲਈ ਹੰਭਲ਼ਾ ਮਾਰਿਆ ਹੈ ਉਸ ਲਈ ਉਹਨਾਂ ਕੋਲ਼ ਸ਼ਬਦ ਨਹੀਂ ਹਨ।

Be the first to comment

Leave a Reply