ਕੈਲਗਰੀ ‘ਚ ਰੱਬ ਬਣ ਕੇ ਆਏ ਬੱਸ ਡਰਾਈਵਰ ਨੇ ਬਚਾਇਆ ਪੂਰਾ ਪਰਿਵਾਰ

ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਮੰਗਲਵਾਰ ਤੜਕਸਾਰ ਇਕ ਘਰ ਨੂੰ ਅੱਗ ਲੱਗ ਗਈ। ਇਹ ਘਟਨਾ 1.00 ਵਜੇ ਦੀ ਹੈ, ਉਸ ਸਮੇਂ ਘਰ ‘ਚ ਰਹਿੰਦੇ ਲੋਕ ਸੁੱਤੇ ਹੋਏ ਸਨ। ਘਰ ‘ਚ ਰਹਿੰਦੇ 6 ਪਰਿਵਾਰਕ ਮੈਂਬਰ ਇਸ ਗੱਲ ਤੋਂ ਅਣਜਾਣ ਸਨ ਕਿ ਘਰ ਨੂੰ ਅੱਗ ਲੱਗ ਗਈ ਪਰ ਉਨ੍ਹਾਂ ਦੀ ਜਾਨ ਬਚਾਉਣ ਲਈ ਇਕ ਬੱਸ ਡਰਾਈਵਰ ਰੱਬ ਬਣ ਕੇ ਆਇਆ। ਇਸ ਬੱਸ ਡਰਾਈਵਰ ਦਾ ਨਾਂ ਹੈ ਵਿਨਸੈਂਟ ਫਲੇਕ। 20 ਸਾਲਾ ਫਲੇਕ ਕੈਲਗਰੀ ‘ਚ ਟਰਾਂਜਿਟ ਬੱਸ ਡਰਾਈਵਰ ਹੈ। ਕੈਲਗਰੀ ਦੇ ਗੁਆਂਢੀ ਇਲਾਕੇ ਰੈੱਡਸਟੋਰ ਸਥਿਤ ਇਕ ਘਰ ‘ਚ ਅੱਗ ਲੱਗ ਗਈ, ਇਸ ਵਿਚ ਘਰ ਦਾ ਮਾਲਕ ਆਗਾਤਾ ਬਸਤਰਾਚੇ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ।

PunjabKesari
ਬੱਸ ਡਰਾਈਵਰ ਵਿਨਸੈਂਟ ਦਾ ਆਖਰੀ ਰੂਟ ਸੀ, ਜਦੋਂ ਉਸ ਨੇ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਹੈ ਤਾਂ ਉਹ ਪਰਿਵਾਰ ਦੀ ਮਦਦ ਲਈ ਗਿਆ। ਉਸ ਨੇ ਬਿਨਾਂ ਦੇਰ ਕੀਤੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਉੱਚੀ ਆਵਾਜ਼ ‘ਚ ਬੋਲਿਆ ਜਾਗੋ ਘਰ ਨੂੰ ਅੱਗ ਲੱਗ ਗਈ ਹੈ। ਆਗਾਤਾ ਨੇ ਕਿਹਾ ਕਿ ਮੈਂ ਇਕ ਦਮ ਜਾਗਿਆ ਤਾਂ ਦੇਖਿਆ ਕਿ ਘਰ ਅੱਗ ਨਾਲ ਘਿਰਿਆ ਹੋਇਆ ਸੀ। ਬੱਸ ਡਰਾਈਵਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ। ਉਸ ਨੇ ਤੁਰੰਤ 911 ‘ਤੇ ਫੋਨ ਕੀਤਾ। ਕੁਝ ਹੀ ਸਮੇਂ ਬਾਅਦ ਫਾਇਰ ਫਾਈਟਰਜ਼ ਅਧਿਕਾਰੀ ਪਹੁੰਚ ਗਏ ਪਰ ਅੱਗ ਕਾਰਨ ਪੂਰਾ ਘਰ ਨੁਕਸਾਨਿਆ ਗਿਆ। ਅਧਿਕਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਆਗਾਤਾ ਨੇ ਕਿਹਾ ਕਿ ਇਹ ਬਹੁਤ ਡਰਾਵਨਾ ਪਲ ਸੀ। ਉਨ੍ਹਾਂ ਕਿਹਾ ਕਿ ਤੁਸੀਂ ਅਜਿਹੀਆਂ ਘਟਨਾਵਾਂ ਬਾਰੇ ਸੋਚ ਵੀ ਨਹੀਂ ਸਕਦੇ। ਮੈਂ ਅਜਿਹਾ ਹੁੰਦਾ ਸਿਰਫ ਨਿਊਜ਼ ਚੈਨਲਾਂ ‘ਤੇ ਦੇਖਿਆ ਸੀ। ਘਰ ਦੇ ਮਾਲਕ ਆਗਾਤਾ ਨੇ ਬੱਸ ਡਰਾਈਵਰ ਦਾ ਧੰਨਵਾਦ ਕੀਤਾ, ਜਿਸ ਨੇ ਉਨ੍ਹਾਂ ਨੂੰ ਬਚਾਉਣ ‘ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸੋਚਦਾ ਹਾਂ ਕਿ ਬੱਸ ਡਰਾਈਵਰ ਵਿਨਸੈਂਟ ਕਿਸੇ ਦੇਵਤਾ ਵਾਂਗ ਸੀ, ਜੋ ਮੁਸੀਬਤ ਸਮੇਂ ਸਾਡੀ ਮਦਦ ਲਈ ਆਇਆ। ਓਧਰ ਫਾਇਰ ਫਾਈਟਰ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

Be the first to comment

Leave a Reply