ਕੈਪਟਨ ਸਾਬ੍ਹ! ਪੰਥ ਨੂੰ ਮੂਰਖ ਨਾ ਬਣਾਓ…

ਸਿਆਸਤਦਾਨ ਲੋਕਾਂ ਨੂੰ ਬੇਵਕੂਫ਼ ਕਿਉਂ ਸਮਝਦੇ ਹਨ? ਉਹ ਇਹ ਅਹਿਸਾਸ ਕਿਉਂ ਪਾਲ ਬੈਠਦੇ ਹਨ ਕਿ ਅਸੀਂ ਜਿਵੇਂ ਚਾਹੀਏ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਾਂ? ਕੈਪਟਨ ਅਮਰਿੰਦਰ ਸਿੰਘ ਇਕ ਪਾਸੇ ਸਿੱਖ ਪੰਥ ਦਾ ਦਿਲ ਜਿੱਤਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਲਾਈ ਹੋਈ ਬਾਦਲਕਿਆਂ ਨਾਲ ਲੁਕਵੀਂ ਯਾਰੀ ਦਾ ਜਾਂ ਦਿੱਲੀ ਤੋਂ ਆਏ ਹੁਕਮਾਂ ਦੀ ਪਾਲਣਾ ਕਰਕੇ ਬਾਦਲਾਂ ਨੂੰ ਬਚਾਉਣਾ ਚਾਹੁੰਦੇ ਹਨ। ਇਕ ਪਾਸੇ ਕੈਪਟਨ ਆਪਣੇ ਮੂੰਹੋ ਮੰਨਦੇ ਹਨ ਕਿ ਬਹਿਬਲ ਕਲਾਂ ਕਾਂਡ ਤੇ ਕੋਟਕਪੂਰਾ ਕਾਂਡ ‘ਚ ਉਸ ਸਮੇਂ ਦੇ ਡੀ ਜੀ ਪੀ ਸੁਮੇਧ ਸੈਣੀ, ਵਰਤਮਾਨ ਡੀ ਜੀ ਪੀ ਸੁਰੇਸ਼ ਅਰੋੜਾ, ਆਈ ਜੀ ਪਰਮਰਾਜ ਉਮਰਾਨੰਗਲ, ਦੋ ਡੀ. ਆਈ ਜੀ ਤੇ ਚਾਰ ਐਸ ਐਸ ਪੀਜ਼ ਦੋਸ਼ੀ ਹਨ। ਜੇ ਪੰਜਾਬ ਪੁਲਿਸ ਦੇ ਇਹ ਸਾਰੇ ਵੱਡੇ ਅਫ਼ਸਰ ਦੋਸ਼ੀ ਹਨ ਤਾਂ ਇਨ੍ਹਾਂ ਨੂੰ ਹੁਕਮ ਦੇਣ ਵਾਲਾ ਵੀ ਸੂਬੇ ਦਾ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਹੀ ਹੋ ਸਕਦਾ ਹੈ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਦੋਸ਼ੀਆਂ ਨੂੰ ਨੰਗੇ ਚਿੱਟੇ ਕਰਦੀ ਹੈ ਤਾਂ ਫ਼ਿਰ ਇਸ ਕਾਂਡ ਦੀ ਜਾਂਚ ਸੀ ਬੀ ਆਈ ਨੂੰ ਕਿਉਂ ਦਿੱਤੀ ਜਾ ਰਹੀ ਹੈ? ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣ ਲਈ, ਬਰਗਾੜੀ ਮੋਰਚੇ ਨੂੰ ਭਰੋਸੇ ‘ਚ ਲੈ ਕੇ ਖ਼ਤਮ ਕਰਵਾਉਣ ਤੇ ਮੋਰਚੇ ਦੇ ਪ੍ਰਬੰਧਕਾਂ ਦਾ ਸਿੱਖ ਪੰਥ ‘ਚੋਂ ਭੋਗ ਪਵਾਉਣ ਲਈ? ਜੇ ਸੀ. ਬੀ. ਆਈ ਨੇ ਪਿਛਲੇ ਦੋ ਸਾਲਾਂ ‘ਚ ਜਿਹੜੀ ਜਾਂਚ ਉਸਨੂੰ ਸੌਂਪੀ ਗਈ ਸੀ ਉਸਦਾ ਕੁੱਝ ਨਹੀਂ ਕੀਤਾ ਤੇ ਫ਼ਿਰ ਜਿਹੜੀ ਜਾਂਚ ਉਸਨੂੰ ਅੱਜ ਸੌਂਪੀ ਜਾ ਰਹੀ ਹੈ ਉਸਦਾ ਨਤੀਜਾ ਕਿੰਨੇ ਸਾਲ ਬਾਅਦ ਆਵੇਗਾ? ਕੀ ਸਿੱਖ ਕੌਮ ਊਠ ਦੇ ਇਸ ਲਟਕਦੇ ਬੁੱਲ੍ਹ ਵੱਲ ਬੈਠੀ ਦੇਖਦੀ ਰਹੂ?
ਅਸੀਂ ਇਸ ਤੋਂ ਪਹਿਲਾ ਵਾਰ ਵਾਰ ਹੋਕਾ ਦਿੱਤਾ ਹੈ ਤੇ ਸਪੱਸ਼ਟ ਵੀ ਕੀਤਾ ਹੈ ਕਿ ਬਰਗਾੜੀ ਕਾਂਡ ਦੇ ਦੋਸ਼ੀ ਸੌਦਾ ਸਾਧ, ਬਾਦਲਕੇ ਅਤੇ ਨਾਗਪੁਰ ਵਾਲੇ ਹਨ। ਬਾਦਲਾਂ ਤੇ ਨਾਗਪੁਰ ਵਾਲਿਆਂ ਨੂੰ ਬਚਾਉਣ ਲਈ ਖੁਫ਼ੀਆਂ ਏਜੰਸੀਆਂ ਪਹਿਲਾਂ ਹੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਦੇ ਦਬਾਅ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਨੰਗੇ ਕਰਨ ‘ਚ ਟਾਲ ਮਟੋਲ ਕਰਦਿਆਂ ਆ ਰਿਹਾ ਹੈ। ਅੱਜ ਤੱਕ ਸਾਰੇ ਕਹਿੰਦੇ ਆਏ ਹਨ ਕਿ ਸੀ ਬੀ ਆਈ ਦਿੱਲੀ ਦੀ ਕੇਂਦਰੀ ਸਰਕਾਰ ਦਾ ”ਤੋਤਾ ਹੈ” । ਉਹ ਉਹੋ ਕੁੱਝ ਬੋਲਦੀ ਹੈ ਜੋ ਕੁੱਝ ਉਸ ਤੋਂ ਦਿੱਲੀ ਸਰਕਾਰ ਬੁਲਵਾਉਂਦੀ ਹੈ। ਫ਼ਿਰ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਸੀ ਬੀ ਆਈ ਤੇ ਇੰਨ੍ਹਾਂ ਭਰੋਸਾ ਕਿਵੇਂ ਹੋ ਗਿਆ ਕਿ ਉਹ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਤੋਂ ਬਾਦਲਕਿਆਂ ਨੂੰ ‘ਟੰਗਣ’ ਤੇ ਭਰੋਸਾ ਕਰ ਰਿਹਾ ਹੈ। ਆਖ਼ਰ ਦਾਲ ‘ਚ ਕੁੱਝ ਕਾਲਾ ਹੈ। ਬਰਗਾੜੀ ਮੋਰਚਾ ਸਿੱਖ ਪੰਥ ਦੀਆਂ ਤਿੰਨ ਮੰਗਾਂ ਨੂੰ ਲੈਕੇ ਚੱਲ ਰਿਹਾ ਹੈ। ਇਹ ਠੀਕ ਹੈ ਕਿ ਆਪਸੀ ਈਰਖਾ ਕਾਰਣ ਸਾਰਾ ਪੰਥ ਇਸ ਮੋਰਚੇ ‘ਚ ਹਾਲੇ ਸ਼ਾਮਲ ਨਹੀਂ ਹੋਇਆ, ਪ੍ਰੰਤੂ ਹਰ ਸੱਚੇ ਸਿੱਖ ਦੀ ਹਮਦਰਦੀ ਬਰਗਾੜੀ ਮੋਰਚੇ ਨਾਲ ਅੰਦਰਲੇ ਮਨੋ ਜੁੜੀ ਹੋਈ ਹੈ। ਇਹ ਵੀ ਸੱਚ ਹੈ। ਇਸ ਲਈ ਜੇ ਕੈਪਟਨ ਅਮਰਿੰਦਰ ਸਿੰਘ ਚੀਚੀ ਨੂੰ ਖੂਨ ਲਾਕੇ ਸ਼ਹੀਦ ਬਣਨ ਦੀ ਸੋਚ ਰੱਖਦਾ ਹੈ ਤਾਂ ਉਸਦਾ ਸੁਫ਼ਨਾ ਕਦੇ ਪੂਰਾ ਨਹੀਂ ਹੋਵੇਗਾ। ਕੌਮ ਦੀ ਹਮਦਰਦੀ ਜਿੱਤਣ ਲਈ ਸੱਚ ਦਾ ਨਿਤਾਰਾ ਕਰਨਾ ਪਵੇਗਾ। ਕਦੇ ਸਿੱਟ, ਕਦੇ ਜਾਂਚ ਕਮਿਸ਼ਨ ਤੇ ਕਦੇ ਸੀ.ਬੀ.ਆਈ ਦੀ ਆੜ ‘ਚ ਹੁਣ ਸਮਾਂ ਲੰਘਾਉਣਾ ਔਖਾ ਹੈ। ਪੰਜਾਬ ਦੀ ਸਿਆਸਤ ਇੱਕ ਚੌਰਾਹੇ ‘ਤੇ ਖੜੀ ਹੈ। ਲੋਕ ਸੱਚੇ ਆਗੂਆਂ ਦੀ ਭਾਲ ‘ਚ ਹਨ। ਇਸ ਲਈ ਜੇ ਕੈਪਟਨ ਨੇ ਸੱਚ ਦਾ ਸਾਥ ਨਾ ਦਿੱਤਾ, ਸੱਚ ਨੂੰ ਆਪਣੇ ਸੁਆਰਥ ਲਈ ਦਫ਼ਨਾਉਣ ਦਾ ਯਤਨ ਕੀਤਾ ਤਾਂ ਪੰਜਾਬ ਦੇ ਲੋਕ, ਉਸਦਾ ਸਿਆਸੀ ਜੀਵਨ ਵੀ ਭੁਲੀਆ-ਵਿਸਰੀਆਂ ਯਾਦਾਂ ਵਾਗੂੰ ਦਫ਼ਨਾ ਦੇਣਗੇ। ਇਹ ਪੱਕਾ ਹੈ। ਕੋਈ ਸੱਚਾ ਆਗੂ, ਜਿਹੜਾ ਕੌਮ ਦੀ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਲੜਾਈ ਲਈ ਕੁਰਬਾਨੀ ਕਰ ਜਾਵੇਗਾ, ਉਹ ਕੌਮ ਦਾ ਹੀਰੋ ਹੋਵੇਗਾ। ਇਹ ਵੀ ਸੱਚ ਹੈ।

-ਜਸਪਾਲ ਸਿੰਘ ਹੇਰਾਂ

Be the first to comment

Leave a Reply