ਕੈਪਟਨ ਦੀ ਕਰਜ਼ ਮੁਆਫ਼ੀ ਦਾ ਰਿਪੋਰਟ ਕਾਰਡ: 24 ਘੰਟਿਆਂ ‘ਚ ਛੇ ਕਿਸਾਨਾਂ ਵੱਲੋਂ ਖ਼ੁਦਕੁਸ਼ੀ

ਸੱਜੇ ਤੋਂ ਖੱਬੇ- ਰਾਮਫਲ ਸਿੰਘ, ਬੁੱਧ ਸਿੰਘ, ਪਰਮਜੀਤ ਸਿੰਘ, ਜਗਰਾਜ ਸਿੰਘ ਤੇ ਗੁਰਦੇਵ ਸਿੰਘ ਦੀ ਪੁਰਾਣੀਆਂ ਤਸਵੀਰਾਂ।

ਚੰਡੀਗੜ੍ਹ: ਇੱਕ ਪਾਸੇ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵੱਡੇ-ਵੱਡੇ ਸਮਾਗਮਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਸਮਾਗਮਾਂ ਤਕ ਪਹੁੰਚ ਗਈ ਹੈ ਤੇ ਦੂਜੇ ਪਾਸੇ ਕਰਜ਼ੇ ਦਾ ਸੰਤਾਪ ਹੰਢਾ ਰਿਹਾ ਕਿਸਾਨ ਹਰ ਦਿਨ ਮੌਤ ਨੂੰ ਗਲ਼ ਲਾ ਰਿਹਾ ਹੈ। ਕੈਪਟਨ ਦੀ ਕਰਜ਼ ਮੁਆਫ਼ੀ ਸਕੀਮ ਦੀ ਕਾਰਜਕੁਸ਼ਲਤਾ ਦਾ ਪਤਾ ਇੱਥੋਂ ਹੀ ਲੱਗ ਜਾਵੇਗਾ ਕਿ ਬੀਤੇ 25 ਘੰਟਿਆਂ ਵਿੱਚ ਛੇ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ।

ਲੰਘੇ ਪੂਰੇ ਦਿਨ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਇੱਕ ਤੇ ਬਠਿੰਡਾ ਜ਼ਿਲ੍ਹੇ ਦੇ ਪੰਜ ਕਿਸਾਨਾਂ ਨੇ ਮੌਤ ਨੂੰ ਗਲ਼ ਲਾ ਲਿਆ। ਸੰਗਰੂਰ ਦੇ ਲਹਿਰਾਗਾਗਾ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਗੁਰਨੇ ਕਲਾਂ ਦੇ ਕਿਸਾਨ ਰਾਮਫ਼ਲ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਜ਼ਿਲ੍ਹ ਬਠਿੰਡਾ ਵਿੱਚ ਕਿਸਾਨਾਂ ਲਈ ਕਾਫੀ ਤੱਤੀਆਂ ਹਵਾਵਾਂ ਵਗ ਰਹੀਆਂ ਹਨ। ਪਿਛਲੇ ਚੌਵੀ ਘੰਟਿਆਂ ਦੇ ਦੌਰਾਨ ਬਠਿੰਡਾ ਦੇ ਪੰਜ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਜਗਰਾਜ ਸਿੰਘ ਵਾਸੀ ਧਿੰਗੜ ਪਿੰਡ ਦੇ ਸਿਰ ‘ਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਸੀ। ਉਨ੍ਹਾਂ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।

ਬੁੱਧ ਸਿੰਘ ਵਾਸੀ ਮਾਈਸਰਖਾਨਾ ਦੇ ਸਿਰ ਦੋ ਲੱਖ ਰੁਪਏ ਕਰਜ਼ਾ ਸੀ ਤੇ ਉਨ੍ਹਾਂ ਕੀਟਨਾਸ਼ਕ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬੁੱਧ ਸਿੰਘ ‘ਤੇ ਸਵਾ ਕੁ ਦੋ ਲੱਖ ਰੁਪਏ ਦਾ ਕਰਜ਼ ਸੀ। ਉਸ ਨੇ ਆਪਣੇ ਤਿੰਨ ਕਿੱਲੇ ਜ਼ਮੀਨ ਵੀ ਵੇਚ ਦਿੱਤੀ ਸੀ ਤੇ ਹੁਣ ਦੋ ਏਕੜ ਜ਼ਮੀਨ ਹੀ ਰਹਿ ਗਈ ਸੀ ਤੇ ਕਰਜ਼ ਵੀ ਨਹੀਂ ਉਤਰਿਆ।

ਪਰਮਜੀਤ ਸਿੰਘ ਵਾਸੀ ਪਿੰਡ ਸਧਾਣਾ ਤਹਿਸੀਲ ਰਾਮਪੁਰਾ ਫੂਲ ਨੇ ਆਪਣੇ ਘਰ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਮਜੀਤ ਉਪਰ ਚਾਰ ਲੱਖ ਰੁਪਏ ਦਾ ਕਰਜ਼ ਸੀ ਤੇ ਉਹ ਸਿਰਫ ਇੱਕ ਕਨਾਲ ਜ਼ਮੀਨ ਦਾ ਮਾਲਕ ਹੀ ਸੀ। ਪਿੰਡ ਦਿਆਲਪੁਰਾ ਮਿਰਜ਼ਾ ਦੇ ਅੰਮ੍ਰਿਤਪਾਲ ਸਿੰਘ ਨੇ ਆਪਣੇ ਘਰ ਕਰਜ਼ੇ ਕਰ ਕੇ ਜੀਵਨ ਲੀਲ੍ਹਾ ਸਮਾਪਤ ਕੀਤੀ। ਮ੍ਰਿਤਕ ਦੀ ਪਤਨੀ ਹਰਬੰਸ ਕੌਰ ਨੂੰ ਆਪਣੇ ਪਤੀ ਉਤੇ ਕਰਜ਼ ਬਾਰੇ ਸਹੀ ਜਾਣਕਾਰੀ ਨਹੀਂ। ਉਸ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਤਿੰਨ ਲੱਖ ਬੈਂਕ ਦੇ ਕਰਜ਼ ਸਮੇਤ ਕੁੱਲ 6-7 ਲੱਖ ਰੁਪਏ ਦਾ ਕਰਜ਼ਈ ਸੀ।

ਗੁਰਦੇਵ ਸਿੰਘ ਵਾਸੀ ਮੌੜ ਚੜ੍ਹਤ ਸਿੰਘ ਵਾਲਾ ਪਿੰਡ ਨੇ ਅੱਜ ਸਵੇਰੇ ਬਠਿੰਡਾ ਜਾਖਲ ਰੇਲਵੇ ਟ੍ਰੈਕ ‘ਤੇ ਰੇਲ ਗੱਡੀ ਅੱਗੇ ਕੁੱਦ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਦੇ ਸਿਰ ‘ਤੇ ਪੰਜ ਲੱਖ ਰੁਪਏ ਦਾ ਕਰਜ਼ ਸੀ ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਉਂਝ ਕੈਪਟਨ ਅਮਰਿੰਦਰ ਸਿੰਘ ਨੇ ਢਾਈ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ ਮੁਆਫ਼ ਕਰਨ ਦੀ ਮੁਹਿੰਮ ਚਲਾਈ ਹੋਈ ਹੈ, ਪਰ ਉਹ ਇਨ੍ਹਾਂ ਕਿਸਾਨਾਂ ‘ਤੇ ਫਿੱਟ ਨਹੀਂ ਬੈਠੀ ਜਾਪਦੀ।

Be the first to comment

Leave a Reply