ਕੈਨੇਡੀਅਨ ਫੌਜੀਆਂ ਲਈ ਆਪਣੀ ਜਾਨ ਦਾਅ ‘ਤੇ ਲਾਉਣ ਵਾਲੀ ਨਰਸ ਦਾ ਹੋਇਆ ਦਿਹਾਂਤ

ਓਟਾਵਾ— ਫਰਾਂਸ ‘ਚ ਪੈਦਾ ਹੋਈ ਸਿਸਟਰ ਏਜੇਨਸ ਮੈਰੀ ਵੇਲੋਇਸ ਨਾਂ ਦੀ ਨਰਸ ਦਾ ਵੀਰਵਾਰ ਨੂੰ 103 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ‘ਏਜੰਲ ਆਫ ਡਾਇਪੇ’ ਵੀ ਕਿਹਾ ਜਾਂਦਾ ਹੈ। ਕੈਨੇਡੀਅਨ ਫੌਜੀਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਦੱਸਿਆ ਕਿ ਉਹ ਕਦੇ ਵੀ ਮੈਰੀ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕੈਨੇਡਾ ਦੇ ਲੋਕਾਂ ਲਈ ਬਹੁਤ ਖਾਸ ਰਹੇਗੀ। ਤੁਹਨੂੰ ਦੱਸ ਦਈਏ ਕਿ ਫਰਾਂਸ ‘ਚ ਡਾਇਪੇ ਦੀ ਬੀਚ ਨੇੜੇ ਦੂਜੇ ਵਿਸ਼ਵ ਯੁੱਧ ਦੌਰਾਨ ਮੈਰੀ ਨੇ ਜ਼ਖਮੀ ਕੈਨੇਡੀਅਨ ਫੌਜੀਆਂ ਦੀ ਮਦਦ ਕੀਤੀ ਸੀ। ਉਸ ਯੁੱਧ ‘ਚ ਬਚੇ ਫੌਜੀਆਂ ਨੇ ਦੱਸਿਆ ਕਿ ਜਰਮਨੀ ਫੌਜੀਆਂ ਨੇ ਮੈਰੀ ਦੇ ਸਿਰ ‘ਤੇ ਬੰਦੂਕ ਰੱਖ ਕੇ ਧਮਕੀ ਦਿੱਤੀ ਸੀ ਕਿ ਉਹ ਕੈਨੇਡੀਅਨ ਫੌਜੀਆਂ ਤੋਂ ਪਹਿਲਾਂ ਜਰਮਨੀ ਦੇ ਫੌਜੀਆਂ ਦਾ ਇਲਾਜ ਕਰੇ ਨਹੀਂ ਤਾਂ ਉਹ ਉਸ ਨੂੰ ਮਾਰ ਦੇਣਗੇ।

ਆਪਣੇ ਫਰਜ਼ ਪ੍ਰਤੀ ਵਫਾਦਾਰ ਮੈਰੀ ਨੇ ਉਨ੍ਹਾਂ ਤੋਂ ਡਰੇ ਬਿਨਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਕਦੇ ਵੀ ਕਿਸੇ ਨਾਲ ਪੱਖਪਾਤ ਨਹੀਂ ਕਰੇਗੀ ਅਤੇ ਹਮੇਸ਼ਾ ਉਸ ਫੌਜੀ ਦੀ ਮਦਦ ਪਹਿਲਾਂ ਕਰੇਗੀ, ਜਿਸ ਨੂੰ ਇਲਾਜ ਦੀ ਵਧੇਰੇ ਜ਼ਰੂਰਤ ਹੈ, ਫਿਰ ਭਾਵੇਂ ਉਹ ਜਿਹੜੇ ਮਰਜ਼ੀ ਦੇਸ਼ ਦਾ ਨਾਗਰਿਕ ਹੋਵੇ। ਉਸ ਨੇ ਜਾਨ ਦਾਅ ‘ਤੇ ਲਗਾ ਕੇ ਜ਼ਖਮੀ ਕੈਨੇਡੀਅਨ ਫੌਜੀਆਂ ਦਾ ਇਲਾਜ ਕੀਤਾ ਸੀ। ਜਦ ਜਰਮਨੀ ਫੌਜੀ ਨੇ ਇਕ ਜ਼ਖਮੀ ਕੈਨੇਡੀਅਨ ਫੌਜੀ ‘ਤੇ ਬੰਦੂਕ ਤਾਣੀ ਤਾਂ ਮੈਰੀ ਨੇ ਅੱਗੇ ਖੜ੍ਹੇ ਹੁੰਦਿਆਂ ਕਿਹਾ ਸੀ ਕਿ ਉਹ ਉਸ ਨੂੰ ਗੋਲੀ ਮਾਰ ਕੇ ਹੀ ਉਸ ਨੂੰ ਇਲਾਜ ਕਰਨ ਤੋਂ ਰੋਕ ਸਕਦਾ ਹੈ। ਮੈਰੀ ਦੇ ਜਜ਼ਬੇ ਨੂੰ ਦੇਖ ਕੇ ਜਰਮਨੀ ਦੀ ਫੌਜੀ ਨੂੰ ਪਿੱਛੇ ਹਟਣਾ ਪਿਆ ਸੀ।
ਕੈਨੇਡੀਅਨ ਫੌਜੀਆਂ ਨੇ ਕਿਹਾ ਕਿ ਸੈਂਕੜੇ ਕੈਨੇਡੀਅਨ ਫੌਜੀਆਂ ਦਾ ਇਲਾਜ ਮੈਰੀ ਨੇ ਕੀਤਾ ਸੀ। ਉਹ ਹਮੇਸ਼ਾ ਉਨ੍ਹਾਂ ਨੂੰ ‘ਮੇਰੇ ਕੈਨੇਡੀਅਨਜ਼’ ਕਹਿ ਕੇ ਸੰਬੋਧਤ ਕਰਦੀ ਸੀ। 19 ਅਗਸਤ, 1942 ਨੂੰ ਹੋਏ ਯੁੱਧ ‘ਚ ਲਗਭਗ 1000 ਕੈਨੇਡੀਅਨ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ। ਫੌਜੀਆਂ ਨੇ ਕਿਹਾ ਕਿ ਫੌਜੀ ਕਦੇ ਵੀ ਮੈਰੀ ਨੂੰ ਭੁੱਲ ਨਹੀਂ ਸਕਦੇ, ਉਹ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦੇ ਰਹਿਣਗੇ। ਮੈਰੀ ਨੂੰ 1998 ‘ਚ ਕੈਨੇਡਾ ਮੈਰੀਟੋਰੀਅਜ਼ ਸਰਵਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ।

Be the first to comment

Leave a Reply