ਕੈਨੇਡਾ ਭੇਜਣ ਦੇ ਨਾਂਅ ਹੇਠ ਕਤਲ ਕੀਤੇ ਨੌਜਵਾਨ ਦੇ ਮਾਮਲੇ ‘ਚ ਏਜੰਟ ਵੱਲੋਂ ਆਤਮ ਸਮਰਪਣ

ਟਾਂਡਾ ਉੜਮੁੜ/ਦਸੂਹਾ (ਦੀਪਕ ਬਹਿਲ/ਭੁੱਲਰ)-ਕੈਨੇਡਾ ਭੇਜਣ ਦੀ ਆੜ ਹੇਠ ਟਾਂਡਾ ਦੇ ਪਿੰਡ ਕਲਿਆਣਪੁਰ ਦੇ ਨੌਜਵਾਨ ਸੁਰਿੰਦਰਪਾਲ ਸਿੰਘ ਦਾ ਬੰਗਲੌਰ ‘ਚ ਕਤਲ ਕਰਨ ਵਾਲੇ ਵੱਡੇ ਗਰੋਹ ਦੇ ਇਕ ਦੋਸ਼ੀ ਹਰਮਿੰਦਰ ਸਿੰਘ ਸ਼ੈਲੀ ਨੇ ਅੱਜ ਬੇਹੱਦ ਗੁਪ-ਚੁੱਪ ਢੰਗ ਨਾਲ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਜਿਸ ਦੇ ਚਲਦੇ ਅਦਾਲਤ ਨੇ ਦੋਸ਼ੀ ਨੂੰ ਸਥਾਨਕ ਪੁਲਿਸ ਕੋਲ 3 ਦਿਨ ਦੇ ਰਿਮਾਂਡ ਵਿਚ ਭੇਜ ਦਿੱਤਾ ਹੈ। ਆਤਮ ਸਮਰਪਣ ਕਰਨ ਵਾਲੇ ਹਰਮਿੰਦਰ ਸਿੰਘ ਸ਼ੈਲੀ ਵਾਸੀ ਚੱਕ ਸ਼ਰੀਫ਼ ਜ਼ਿਲ੍ਹਾ ਗੁਰਦਾਸਪੁਰ ‘ਤੇ ਪੀੜਤ ਪਰਿਵਾਰ ਵਲੋਂ ਸੰਗੀਨ ਇਲਜ਼ਾਮ ਸਨ ਕਿ ਇਹੀ ਟਰੈਵਲ ਏਜੰਟ ਸਾਡੇ ਲੜਕੇ ਨੂੰ ਕੈਨੇਡਾ ਭੇਜਣ ਲਈ ਲੈ ਕੇ ਗਿਆ ਸੀ, ਜਿਸ ਮਗਰੋਂ ਉਸ ਦਾ ਕਤਲ ਕੀਤਾ ਗਿਆ। ਫਿਰੌਤੀ ਮੰਗਣ, ਬੰਦੀ ਬਣਾ ਕੇ ਰੱਖਣ ਤੇ ਕਤਲ ਕਰਨ ਦੇ ਦੋਸ਼ ‘ਚ ਮੀਡੀਆ ਤੇ ਪੁਲਿਸ ਦਾ ਦਬਾਅ ਵਧਦਾ ਦੇਖ ਕੇ ਮੁਲਜ਼ਮ ਸ਼ੈਲੀ ਨੇ ਪਹਿਲਾਂ ਬੀਤੇ ਦਿਨ ਦਸੂਹਾ ਅਦਾਲਤ ‘ਚ ਦੇਰ ਸ਼ਾਮ ਪੇਸ਼ ਹੋਣਾ ਚਾਹਿਆ ਪਰ ਟਾਂਡਾ ਪੁਲਿਸ ਦੇ ਨਾ ਪੁੱਜਣ ਕਾਰਨ ਇਹ ਕੱਲ੍ਹ ਪੇਸ਼ ਨਾ ਹੋ ਸਕਿਆ। ਜਿਸ ਮਗਰੋਂ ਅੱਜ ਸਵੇਰੇ ਦਸੂਹਾ ਦੇ ਜੱਜ ਮਹਿਕ ਸਭਰਵਾਲ ਦੀ ਅਦਾਲਤ ‘ਚ ਭਾਵੇਂ ਮੁਲਜ਼ਮ ਦੇ ਵਕੀਲ ਨੇ ਆਤਮ ਸਮਰਪਣ ਦੀ ਅਰਜ਼ੀ ਲਗਾਈ ਪਰ ਟਾਂਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਗ਼ੈਰਮੌਜੂਦਗੀ ਕਾਰਨ ਜੱਜ ਸਾਹਿਬ ਨੇ ਜਦੋਂ ਫਟਕਾਰ ਲਗਾਈ ਤਾਂ ਆਨਨ-ਫਾਨਨ ‘ਚ ਐਸ.ਐਚ.ਓ. ਟਾਂਡਾ ਖ਼ੁਦ ਅਦਾਲਤ ‘ਚ ਪੇਸ਼ ਹੋਏ ਤੇ ਸਰਕਾਰੀ ਵਕੀਲ ਦੇ ਮਾਰਫ਼ਤ 5 ਦਿਨ ਲਈ ਉਸ ਦਾ ਰਿਮਾਂਡ ਮੰਗਿਆ।
ਇਸ ਮਗਰੋਂ ਜੱਜ ਨੇ ਪੁਲਿਸ ਨੂੰ 3 ਦਿਨ ਦਾ ਰਿਮਾਂਡ ਅਗਲੇਰੀ ਪੁੱਛਗਿੱਛ ਲਈ ਦਿੱਤਾ। ਦੂਜੇ ਪਾਸੇ ਇਸ ਗਰੋਹ ਦੇ ਸ਼ਿਕਾਰ ਨੌਜਵਾਨਾਂ ਦਾ ਮੀਡੀਆ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ, ਜਿਸ ਵਿਚ ਅੱਜ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਜਗਮੀਤ ਸਿੰਘ ਪੁੱਤਰ ਬਲਵੰਤ ਸਿੰਘ ਪਿੰਡ ਛੋਟਾਘਰ, ਇਕਬਾਲਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਜੂਝਾਰ ਨਗਰ ਤੇ ਹਰਪ੍ਰੀਤ ਸਿੰਘ ਮਾਛੀਵਾੜਾ ਆਦਿ ਸ਼ਾਮਿਲ ਹਨ । ਜਿਨ੍ਹਾਂ ਨੂੰ ਵੀ ਇਸ ਗਰੋਹ ਨੇ ਕੁਝ ਸਮਾਂ ਪਹਿਲਾਂ ਨਿਪਾਲ ਵਿਚ ਬੰਦੀ ਬਣਾ ਕੇ ਫਿਰੌਤੀ ਦੇ ਰੂਪ ਵਿਚ ਤਸੀਹੇ ਦੇਣ ਮਗਰੋਂ 16-16 ਲੱਖ ਰੁਪਏ ਹਾਸਲ ਕੀਤੇ ਸਨ।
ਟਰੈਵਲ ਏਜੰਟ ਤੋਂ ਗਰੋਹ ਬਾਰੇ ਹੋਣਗੇ ਅਹਿਮ ਖ਼ੁਲਾਸੇ -ਡੀ.ਐਸ.ਪੀ. ਸ਼ਰਮਾ
ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੂੰ ਅੱਜ ਪੁਲਿਸ ਸਟੇਸ਼ਨ ਟਾਂਡਾ ਵਿਚ ਲਿਆਂਦਾ ਗਿਆ। ਇਸ ਮੌਕੇ ਸੱਦੀ ਗਈ ਪੈੱ੍ਰਸ ਕਾਨਫ਼ਰੰਸ ਦੌਰਾਨ ਜਿੱਥੇ ਡੀ.ਐਸ.ਪੀ. ਰਜਿੰਦਰ ਸ਼ਰਮਾ ਤੇ ਐਸ.ਐਚ.ਓ. ਪ੍ਰਦੀਪ ਸਿੰਘ ਨੇ ਦੋਸ਼ੀ ਸ਼ੈਲੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਪੁਲਿਸ ਅਨੁਸਾਰ ਇਹ ਮਨੁੱਖੀ ਤਸਕਰੀ ਨਾਲ ਜੁੜਿਆ ਇਕ ਵੱਡਾ ਨੈਕਲਸ ਹੈ, ਜੋ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੈ। ਇਸ ਮੌਕੇ ਅੱਜ ਇਸ ਠੱਗ ਟਰੈਵਲ ਏਜੰਟ ਨੂੰ ਹਾਈ ਸਕਿਉਰਿਟੀ ਵਿਚ ਪੁਲਿਸ ਸਟੇਸ਼ਨ ਟਾਂਡਾ ਲਿਆਂਦਾ ਗਿਆ, ਜਿਸ ਪਾਸੋਂ ਆਉਣ ਵਾਲੇ ਦਿਨਾਂ ਵਿਚ ਕਈ ਅਹਿਮ ਇੰਕਸ਼ਾਫ਼ ਹੋਣ ਦੀ ਉਮੀਦ ਹੈ ਕਿ ਆਖ਼ਰ ਇਸ ਮਕੜ ਜਾਲ ਵਿਚ ਕਿੰਨੇ ਹੋਰ ਏਜੰਟ ਹਨ ਜੋ ਨੌਜਵਾਨਾਂ ਦਾ ਸ਼ੋਸ਼ਣ ਕਰਦੇ ਹਾਂ।

Be the first to comment

Leave a Reply