ਕੈਨੇਡਾ ਦੇ ਸੂਬੇ ਅਲਬਰਟਾ ‘ਚ ਇਨ੍ਹਾਂ ਨੂੰ ਮਿਲੇਗੀ ਪੀ. ਆਰ., ਜਾਣੋ ਨਵੇਂ ਨਿਯਮ

ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ ਨੇ 14 ਜੂਨ ਤੋਂ ਪੀ. ਆਰ ਦੇਣ ਦੇ ਨਿਯਮਾਂ ‘ਚ ਵੱਡੇ ਬਦਲਾਅ ਕੀਤੇ ਹਨ।ਹੁਣ ਅਲਬਰਟਾ ਦੇ ਸਖਤ ਕਾਨੂੰਨਾਂ ਕਾਰਨ ਇੱਥੇ ਪੱਕੇ ਹੋਣਾ ਔਖਾ ਹੋ ਜਾਵੇਗਾ।ਇਨ੍ਹਾਂ ਕਾਨੂੰਨਾਂ ਦਾ ਸਭ ਤੋਂ ਵੱਡਾ ਅਸਰ ਇੱਥੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ‘ਤੇ ਪਵੇਗਾ, ਕਿਉਂਕਿ ਇੱਥੇ ਦੀ ਨਾਗਰਿਕਤਾ ਲੈਣ ਵਾਲਿਆਂ ‘ਚ ਵੱਡੀ ਗਿਣਤੀ ਵਿਦਿਆਰਥੀ ਵਰਗ ਦੀ ਹੀ ਸੀ। ਇਮੀਗ੍ਰੇਸ਼ਨ ਵਕੀਲਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਨਵੀਂ ‘ਅਲਬਰਟਾ ਆਪਰਚਿਊਨਟੀ ਸਟ੍ਰੀਮ’ ਜਾਂ ਏ. ਓ. ਐੱਸ. ਸ਼੍ਰੇਣੀ ਬਣਾ ਦਿੱਤੀ ਗਈ ਹੈ। ਮੂਲ ਰੂਪ ਵਿੱਚ ਅਲਬਰਟਾ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਨੂੰ ਅਮਰੀਕਾ ਦੀ ਤਰਜ਼ ਉੱਪਰ “ਅਲਬਰਟਾ ਫ਼ਸਟ” ਵਾਲਾ ਬਣਾ ਦਿੱਤਾ ਗਿਆ ਹੈ। ਇਸ ਤੋਂ ਭਾਵ ਹੈ ਕਿ ਜੇਕਰ ਤੁਸੀਂ ਨਵੇਂ ਢਾਂਚੇ ਵਿੱਚ ਸੈੱਟ ਹੁੰਦੇ ਹੋ ਤਾਂ ਠੀਕ, ਜੇਕਰ ਨਹੀਂ ਤਾਂ ਕੋਈ ਹੋਰ ਸੂਬਾ ਦੇਖੋ। ਇਸ ਤਹਿਤ ਇਕ ਪ੍ਰੋਫਾਇਲ ਅਜਿਹਾ ਹੈ ਜਿਸ ਵਿੱਚ ਅਲਬਰਟਾ ਦੇ ਮਾਨਤਾ ਪ੍ਰਾਪਤ ਵਿੱਦਿਅਕ ਅਦਾਰੇ ਤੋਂ ਸਿੱਖਿਅਤ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਵੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਸੰਸਥਾਵਾਂ ਦੇ ਸਾਰੇ ਪ੍ਰੋਗਰਾਮ ਹੀ ਇਸ ਵਿੱਚ ਸ਼ਾਮਲ ਨਹੀਂ ਹਨ, ਯਾਨੀ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਕੋਰਸ ਮਾਨਤਾ ਪ੍ਰਾਪਤ ਹੈ।ਖਾਸ ਗੱਲ ਇਹ ਹੈ ਕਿ ਅਲਬਰਟਾ ਸਰਕਾਰ ਕਿਸੇ ਵੀ ਸਮੇਂ ਇਨ੍ਹਾਂ ਪ੍ਰੋਗਰਾਮਾਂ ਦੀ ਸੂਚੀ ਵਿੱਚ ਫੇਰਬਦਲ ਕਰ ਸਕਦੀ ਹੈ; ਭਾਵ ਕਿ ਜੇਕਰ ਕਿਸੇ ਵਿਦਿਆਰਥੀ ਨੇ ਇਕ ਪ੍ਰੋਗਰਾਮ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ ਅਲਬਰਟਾ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਵਿੱਚ ਜਾਣ ਲਈ ਯੋਗਤਾ ਬਣਾ ਲਈ ਪਰ ਜੇਕਰ ਉਸ ਵਿੱਚ ਤਬਦੀਲੀ ਹੋ ਗਈ ਤਾਂ ਉਸ ਦੀ ਯੋਗਤਾ ਖ਼ਤਮ ਵੀ ਹੋ ਸਕਦੀ ਹੈ। ਜਿਹੜੇ ਵਿਦਿਆਰਥੀ ਦੂਜੇ ਸੂਬਿਆਂ ਤੋਂ ਪੜ੍ਹਾਈ ਪੂਰੀ ਕਰਕੇ ਆਏ ਹੋਣਗੇ, ਉਨ੍ਹਾਂ ਦੀ ਅਲਬਰਟਾ ਵਿੱਚ ਵਸਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ।

ਪੜ੍ਹਾਈ ਨਾਲ ਸੰਬੰਧਤ ਕਰਨਾ ਹੋਵੇਗਾ ਕੰਮ :
PunjabKesari
ਉੱਥੇ ਹੀ ਜਿਨ੍ਹਾਂ ਵਿਦਿਆਰਥੀਆਂ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਵੇਗਾ, ਉਨ੍ਹਾਂ ਨੂੰ ਘੱਟੋ ਘੱਟ 6 ਮਹੀਨੇ ਤੱਕ ਅਲਬਰਟਾ ਦੇ ਕਿਸੇ ਨੌਕਰੀਦਾਤਾ ਕੋਲ ਕੰਮ ਕਰਨ ਦਾ ਤਜਰਬਾ ਪ੍ਰਾਪਤ ਕਰਨਾ ਪਵੇਗਾ। ਇਹ ਕੰਮ ਵੀ ਉਸ ਦੀ ਪੜ੍ਹਾਈ ਨਾਲ ਸੰਬੰਧਤ ਹੋਣਾ ਚਾਹੀਦਾ ਹੈ। ਇਸ ਨੂੰ ਸੌਖੇ ਤਰੀਕੇ ਨਾਲ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਹੜੇ ਵਿਦਿਆਰਥੀਆਂ ਕੋਲ ਬਿਜ਼ਨਿਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਹੈ ਪਰ ਕੰਮ ਉਨ੍ਹਾਂ ਨੇ ਰੀਟੇਲ ਸਟੋਰਾਂ ਜਾਂ ਰੈਸਟੋਰੈਂਟਾਂ ਵਿੱਚ ਸੁਪਰਵਾਈਜ਼ਰ ਦੇ ਤੌਰ ‘ਤੇ ਕੀਤਾ ਹੈ, ਉਹ ਵੀ ਪੀ. ਆਰ. ਵਾਸਤੇ ਯੋਗ ਨਹੀਂ ਮੰਨੇ ਜਾਣਗੇ ਕਿਉਂਕਿ ਕੰਮ ਉਨ੍ਹਾਂ ਨੇ ਪੜ੍ਹਾਈ ਨਾਲ ਸੰਬੰਧਤ ਨਹੀਂ ਕੀਤਾ ਹੋਵੇਗਾ। ਛੇ ਮਹੀਨਿਆਂ ਦੇ ਤਜ਼ਰਬੇ ਦੇ ਬਾਅਦ ਵਿਦਿਆਰਥੀਆਂ ਨੂੰ ਫਾਈਲ ਲਗਾਉਣ ਸਮੇਂ ਅੰਗਰੇਜ਼ੀ ਦਾ ਟੈੱਸਟ ਵੀ ਦੇਣਾ ਪਵੇਗਾ।
ਇਸ ਤੋਂ ਪਹਿਲਾਂ ਅਲਬਰਟਾ ‘ਚ ਪੱਕੀ ਨਾਗਰਿਕਤਾ ਲੈਣੀ ਬਾਕੀ ਸੂਬਿਆਂ ਨਾਲੋਂ ਸੌਖੀ ਮੰਨੀ ਜਾਂਦੀ ਸੀ ਅਤੇ ਵਿਦਿਆਰਥੀ ਪੜ੍ਹਾਈ ਪੂਰੀ ਕਰ ਕੇ ਕਿਸੇ ਵੀ ਖਿੱਤੇ ‘ਚ ਕੰਮ ਕਰਕੇ ਦੋ ਤਨਖਾਹਾਂ ਦੇ ਚੈੱਕ ਲਗਾ ਕੇ ਫਾਇਲ ਕਰਦੇ ਸਨ। ਹੁਣ ਅਜਿਹਾ ਨਹੀਂ ਹੋਵੇਗਾ। ਹਜ਼ਾਰਾਂ ਡਾਲਰਾਂ ਦਾ ਖ਼ਰਚਾ ਕਰਕੇ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅਲਬਰਟਾ ਵਿੱਚ ਕੰਮ ਕਰਨ ਦਾ ਤਜਰਬਾ ਹਾਸਲ ਹੋਣ ਦੇ ਬਾਵਜੂਦ ਉਹ ਇੱਥੇ ਪੀ.ਆਰ. ਲਈ ਯੋਗ ਨਹੀਂ ਹੋਣਗੇ।

PunjabKesari

ਇਨ੍ਹਾਂ ਨੂੰ ਮਿਲ ਸਕਦੀ ਹੈ ਅਲਬਰਟਾ ਦੀ ਪੀ. ਆਰ.

– ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵਿਅਕਤੀ ਕਿਸੇ ਹੋਰ ਸੂਬੇ ਵਿੱਚੋਂ ਪੜ੍ਹ ਕੇ ਆਏ ਅਤੇ ਐਲਬਰਟਾ ਵਿੱਚ ਕੰਮ ਕਰ ਰਹੇ ਹਨ।
– ਜਿਨ੍ਹਾਂ ਨੇ ਅਲਬਰਟਾ ਦੇ ਕਿਸੇ ਡੀ. ਐਲ. ਆਈ. (ਮਾਨਤਾ ਪ੍ਰਾਪਤ ਵਿਦਿਅਕ ਅਦਾਰੇ) ਤੋਂ ਪੜ੍ਹਾਈ ਕੀਤੀ ਪਰ ਉਨ੍ਹਾਂ ਕੋਲ ਮਾਨਤਾ ਪ੍ਰਾਪਤ ਕੋਰਸ ਨਹੀਂ ਹੈ।
– ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਜਿਹੜੇ ਐਲਬਰਟਾ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਅਲਬਰਟਾ ਵਿੱਚ ਰਹਿਣ ਦੇ ਠੋਸ ਕਾਰਨ ਹਨ, ਉਨ੍ਹਾਂ ਨੂੰ ਅਲਬਰਟਾ ਐਕਸਪ੍ਰੈਸ ਐਂਟਰੀ ਰਾਹੀਂ ਚੁਣਿਆ ਜਾ ਸਕੇਗਾ। ਅਲਬਰਟਾ ਉਨ੍ਹਾਂ ਨੂੰ ਆਪਣੇ ‘ਪੂਲ’ ਵਿਚੋਂ ਚੁਣੇਗਾ, ਇਸ ਲਈ ਇਸ ਗੱਲ ਨੂੰ ਯਕੀਨੀ ਬਣਾਉ ਕਿ ਫਾਰਮ ਭਰਨ ਵੇਲੇ ਅਲਬਰਟਾ ਵਿਚ ਰਹਿਣ ਦਾ ਇਰਾਦਾ ਜ਼ਾਹਿਰ ਕੀਤਾ ਗਿਆ ਹੋਵੇ। ਅਲਬਰਟਾ ਕੋਲ ਆਪਣੇ ਹਿੱਸੇ ਦੀਆਂ ਸੀਟਾਂ 5500 ਤੋਂ ਥੋੜ੍ਹੀਆਂ ਹੀ ਵੱਧ ਹਨ ਪਰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਐਕਸਪ੍ਰੈਸ ਐਂਟਰੀ ਵਾਲੇ ‘ਪੂਲ’ ਵਿੱਚੋਂ ਕਿੰਨੇ ਕੁ ਵਿਅਕਤੀ ਸਿੱਧਿਆਂ ਹੀ ਲਏ ਜਾ ਸਕਣਗੇ।

Be the first to comment

Leave a Reply