ਕਸ਼ਮੀਰ ਵਿੱਚ ਪ੍ਰਸਿੱਧ ਪੱਤਰਕਾਰ ਸੁਜਾਤ ਬੁਖ਼ਾਰੀ ਦਾ ਕਤਲ ,ਚੁਫੇਰਿਉ ਨਿੰਦਿਆ

ਸ੍ਰੀ ਨਗਰ:-ਵੀਰਵਾਰ ਨੂੰ ਸ੍ਰੀ ਨਗਰ ਵਿਚ ਅਣਪਛਾਤੇ ਹਥਿਆਰਬੰਦ ਬੰਦਿਆਂ ਨੇ ਬੁਖ਼ਾਰੀ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕੀਤਾ। ਇਸ ਹਮਲੇ ਵਿਚ ਉਨ੍ਹਾਂ ਦੇ ਇੱਕ ਨਿੱਜੀ ਸਹਾਇਕ ਦੀ ਵੀ ਮੌਤ ਹੋ ਗਈ, ਜਦਕਿ ਦੂਜਾ ਸਹਾਇਕ ਜ਼ਖ਼ਮੀ ਹੋ ਗਿਆ।ਇਸ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ , ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸੁਤਾਜ ਬੁਖਾਰੀ ਭਾਰਤੀ ਸਾਸ਼ਿਤ ਕਸ਼ਮੀਰ ਦੇ ਪ੍ਰਮੁੱਖ ਅਖ਼ਬਾਰ ਰਾਇਜਿੰਗ ਕਸ਼ਮੀਰ ਦੇ ਸੰਪਾਦਕ ਸਨ ਅਤੇ ਉਹ ਸੂਬੇ ਦੇ ਬੈਸਟ ਪੱਤਰਕਾਰਾਂ ਵਿਚੋਂ ਇੱਕ ਗਿਣੇ ਜਾਂਦੇ ਸਨ।ਜਾਨਲੇਵਾ ਹਮਲਾ ਹੋਣ ਤੋਂ ਕੁਝ ਘੰਟੇ ਪਹਿਲਾਂ ਤੱਕ ਸੁਜਾਤ ਬੁਖ਼ਾਰੀ ਉੱਤੇ ਕਸ਼ਮੀਰ ਤੋਂ ਪੱਖਪਾਤੀ ਪੱਤਰਕਾਰਿਤਾ ਕਰਵਾਉਣ ਦੇ ਸੋਸ਼ਲ ਮੀਡੀਆ ਉੱਤੇ ਦੋਸ਼ ਲੱਗ ਰਹੇ ਸਨ। ਉਨ੍ਹਾਂ ਉੱਤੇ ਇਸਲਾਮਿਕ ਸੰਗਠਨਾਂ ਦੇ ਪੱਖ ਵਿਚ ਸਟੈਂਡ ਲੈਣ ਦੇ ਦੋਸ਼ ਲੱਗ ਰਹੇ ਸਨ।
ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਬੁਖ਼ਾਰੀ ਨੇ ਕਿਹਾ ਸੀ, ‘ ਇਹ ਬਹੁਤ ਮੰਦਭਾਗਾ ਹੈ ਕਿ ਔਰਫੋਲਾਇਨ ਵਰਗਾ ਥਿੰਕ ਟੈਂਕ ਕਿਸੇ ਨੂੰ ਉਸ ਬੰਦੇ ਦੀ ਗੈਰਹਾਜ਼ਰੀ ਵਿਚ ਉਸ ਖ਼ਿਲਾਫ਼ ਇਸ ਤਰ੍ਹਾਂ ਦੀ ਬਦ-ਕਲਾਮੀ ਦੀ ਆਗਿਆ ਦਿੰਦਾ ਹੈ। ਉਨ੍ਹਾਂ ਅੱਗੇ ਲਿਖਿਆ ਸੀ ਕਿ ਉਹ ਕਸ਼ਮੀਰ ਵਿਚ ਬੜੇ ਮਾਣ ਨਾਲ ਪੱਤਰਕਾਰੀ ਕਰਦੇ ਹਨ ਅਤੇ ਜ਼ਮੀਨ ਉੱਤੇ ਜੋ ਕੁਝ ਵਾਪਰਦਾ ਹੈ ਉਸ ਨੂੰ ਉਜਾਗਰ ਕਰਦੇ ਹਾਂ’।
ਸ਼ੁਜਾਤ ਬੁਖਾਰੀ ਰਾਇਜ਼ਿੰਗ ਕਸ਼ਮੀਰ ਅਖ਼ਬਾਰ ਦੇ ਪੱਤਰਕਾਰ ਬਣਨ ਤੋਂ ਪਹਿਲਾਂ 1997 ਤੋਂ 2012 ਤਕ ਕਸ਼ਮੀਰ ਵਿਚ ‘ਦਿ ਹਿੰਦੂ’ ਅਖ਼ਬਾਰ ਦੇ ਪੱਤਰਕਾਰ ਸਨ।ਇਕ ਪੱਤਰਕਾਰ ਹੋਣ ਦੇ ਨਾਲ, ਉਹ ਕਸ਼ਮੀਰ ਵਿਚ ਵੀ ਸਥਾਨਕ ਭਾਸ਼ਾਵਾਂ ਨੂੰ ਜ਼ਿੰਦਾ ਰੱਖਣ ਲਈ ਪ੍ਰਚਾਰ ਕਰ ਰਹੇ ਸਨ।ਸਾਲ 2000 ਵਿਚ ਵੀ ਸੁਜਾਤ ਬੁਖਾਰੀ ‘ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਸੀ। ਕਸ਼ਮੀਰ ਵਿੱਚ ਸ਼ਾਂਤੀ ਬਹਾਲ ਕਰਨ ਬੁਖਾਰੀ ਲੰਮੇ ਸਮੇਂ ਤੋਂ ਸਰਗਰਮ ਰਹੇ ਸਨ।
ਸੁਜਾਤ ਬੁਖ਼ਾਰੀ ਸ਼ਾਂਤੀ ਅਤੇ ਸੁਰੱਖਿਆ ਵਰਗੇ ਮੁੱਦਿਆਂ ‘ਤੇ ਆਯੋਜਿਤ ਕਾਨਫ਼ਰੰਸਾਂ ਵਿਚ ਹਿੱਸਾ ਲੈਣ ਲਈ ਅਕਸਰ ਵਿਸ਼ਵ ਭਰ ਵਿਚ ਜਾਂਦੇ ਹੁੰਦੇ ਸਨ। 14 ਜੂਨ ਨੂੰ ਆਪਣੇ ਆਖ਼ਰੀ ਟਵੀਟ ਵਿੱਚ, ਬੁਖਾਰੀ ਨੇ ਲਿਖਿਆ, *ਕਸ਼ਮੀਰ ਵਿੱਚ ਅਸੀਂ ਮਾਣ ਨਾਲ ਪੱਤਰਕਾਰੀ ਕੀਤੀ ਹੈ ਅਤੇ ਇੱਥੇ ਜ਼ਮੀਨ ਉੱਤੇ ਜੋ ਵੀ ਹੋ ਰਿਹਾ ਹੈ , ਉਸ ਨੂੰ ਲੋਕਾਂ ਸਾਹਮਣੇ ਲਿਆਉਣਾ ਜਾਰੀ ਰੱਖਾਂਗੇ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੁਜਾਤ ਬੁਖ਼ਾਰੀ ਦੇ ਕਤਲ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੰਦੀਆਂ ਇਸ ਸੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਰਾਜ ਨਾਥ ਸਿੰਘ ਨੇ ਕਿਹਾ ਕਿ ਇਹ ਕਸ਼ਮੀਰੀਆਂ ਦੀ ਆਵਾਜ਼ ਬੰਦ ਕਰਨ ਦੀ ਸਾਜ਼ਿਸ਼ ਹੈ।
ਸੁਜਾਤ ਬੁਖ਼ਾਰੀ ਦੇ ਕਤਲ ਦੀ ਚੁਫ਼ੇਰਿਓ ਨਿੰਦਾ ਹੋ ਰਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਟਵੀਟ ਰਾਹੀ ਬੁਖ਼ਾਰੀ ਦੇ ਕਤਲ ਉੱਤੇ ਰੋਹ ਜ਼ਾਹਰ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਬੁਖ਼ਾਰੀ ਨੂੰ ਜੰਮੂ ਅਤੇ ਕਸ਼ਮੀਰ ਵਿਚ ਇਨਸਾਫ਼ ਤੇ ਅਮਨ ਸ਼ਾਂਤੀ ਦੀ ਲੜਾਈ ਲੜਨ ਵਾਲਾ ਅਣਥੱਕ ਯੋਧਾ ਕਿਹਾ ਹੈ।
ਜੰਮੂ ਕਸ਼ਮੀਰ ਦੀ ਮੁੱਖ ਮੰਤਦੀ ਮਹਿਬੂਬਾ ਮੁਫ਼ਤੀ ਨੇ ਵੀ ਸੁਜਾਤ ਬੁਖ਼ਾਰੀ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਈਦ ਦੇ ਮੁਬਾਰਕ ਮੌਕੇ ਉੱਤੇ ਦਹਿਸ਼ਤਵਾਦ ਨੇ ਆਪਣਾ ਘਿਨਾਉਣਾ ਚਿਹਰਾ ਦਿਖਾਇਆ ਹੈ।
‘ਗਿਲਡ’ ਦੇ ਸੰਪਾਦਕਾਂ ਨੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੇ ਕਤਲ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੁਖਾਰੀ ਇੱਕ ਉਦਾਰਵਾਦੀ, ਹਿੰਮਤੀ ਅਤੇ ਬੇਬਾਕ ਪੱਤਰਕਾਰ ਸਨ।
ਇਸ ਦੌਰਾਨ ਗਿਲਡ ਨੇ ਜੰਮੂ-ਕਸ਼ਮੀਰ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪੱਤਰਕਾਰ ‘ਤੇ ਹਮਲਾ ਪ੍ਰੈੱਸ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਨੀਂਹ ਨੂੰ ਚੁਣੌਤੀ ਹੈ। ਉਸ ਦੌਰਾਨ ਉਨ੍ਹਾਂ ਕੇਂਦਰ ਕੋਲੋਂ ਵੀ ਮੰਗ ਕੀਤੀ ਜੰਮੂ-ਕਸ਼ਮੀਰ ਵਿੱਚ ਪੱਤਰਕਾਰਾਂ ਦੀ ਸੁਰੱਖਿਆ ‘ਚ ਵਾਧਾ ਕੀਤਾ ਜਾਵੇ।ਚੇਤੇ ਰਹੇ ਭਾਰ ਤਵਿੱਚ ਪਿਛਲੇ ਸਾਲ 7 ਪੱਤਰਕਾਰਾਂ ਦਾ ਕਤਲ ਹੋਇਆ ਅਤੇ ਹੁਣ ਤੱਕ ਇਸ ਸਾਲ ਚਾਰ ਪੱਤਰਕਾਰ ਕਤਲ ਕੀਤੇ ਜਾ ਚੁੱਕੇ ਹਨ। ਦੁਨੀਆਂ ਵਿੱਚ ਸਾਲ 1997 ਤੋਂ ਹੁਣ ਤੱਕ ‘ਡੇਥ ਵੌਚ’ ਮੁਤਾਬਕ 1801 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। ਸਭ ਤੋਂ ਵਧ ਖ਼ੂਨੀ ਸਾਲ 2012 ਰਿਹਾ, ਜਦੋਂ 133 ਪੱਤਰਕਾਰਾਂ ਦੇ ਕਤਲ ਹੋਏ ਸਨ।

Be the first to comment

Leave a Reply