ਔਰਗਨ ਦੀ ਗਵਰਨਰ ਨੇ ਅਪ੍ਰੈਲ ਨੂੰ ਸਿੱਖ ਜਾਗ੍ਰਿਤੀ ਮਹੀਨਾ ਐਲਾਨਿਆ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)- ਅਮਰੀਕੀ ਸੂਬੇ ਔਰਗਨ ਨੇ ਅਪ੍ਰੈਲ ਨੂੰ ‘ਸਿੱਖ ਜਾਗ੍ਰਤੀ ਮਹੀਨਾ’ ਐਲਾਨਿਆ ਹੈ। ਇਹ ਕਦਮ ਸੂਬੇ ਤੇ ਦੇਸ਼ ਦੇ ਵਿਕਾਸ ਵਿਚ ਭਾਈਚਾਰੇ ਦੇ ਯੋਗਦਾਨ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਔਰਗਨ ਦੀ ਗਵਰਨਰ ਕੇਟ ਬ੍ਰਾਊਨ ਨੇ ਸੋਮਵਾਰ ਨੂੰ ਆਪਣੇ ਐਲਾਨ ਨਾਲ ਸਬੰਧਿਤ ਇਕ ਪੱਤਰ ‘ਤੇ ਦਸਤਖ਼ਤ ਵੀ ਕੀਤੇ। ਐਲਾਨ ‘ਚ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਅਮਰੀਕਾ ਦੇ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਇਕ ਕਿਸਾਨ, ਡਾਕਟਰ, ਇੰਜੀਨੀਅਰ, ਵਿਗਿਆਨੀ, ਅਧਿਆਪਕ ਅਤੇ ਕਾਰੋਬਾਰੀ ਵਜੋਂ ਉਨ੍ਹਾਂ ਦੀ ਅਮਰੀਕਾ ਦੇ ਵਿੱਤੀ ਤੇ ਹੋਰਨਾਂ ਪੱਖਾਂ ‘ਚ ਦੇਣ ਵੱਡਮੁੱਲੀ ਹੈ। ਇਹ ਘੋਸ਼ਣਾ ਪੱਤਰ ਔਰਗਨ ਦੀ ਰਾਜਧਾਨੀ ਸੈਲਮ ਵਿਚ ਉਨ੍ਹਾਂ ਦੇ ਦਫ਼ਤਰ ਵਿਚ ਸਿੱਖਾਂ ਦੇ ਪ੍ਰਤੀਨਿਧ ਬਹਾਦਰ ਸਿੰਘ ਨੂੰ ਸੌਂਪਿਆ ਗਿਆ। ਉਨ੍ਹਾਂ ਸਿੱਖ ਧਰਮ ਵਿਚ ਸਰਬਤ ਦੇ ਭਲੇ ਦੇ ਸਿਧਾਂਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਕ ਪ੍ਰਮਾਤਮਾ ਵਿਚ ਯਕੀਨ ਰੱਖਦੇ ਇਹ ਲੋਕ ਅਮਰੀਕਾ ਦੀ ਅਤੇ ਅਮਰੀਕਾ ਦੇ ਲੋਕਾਂ ਦੀ ਸੁਰੱਖਿਆ ਲਈ ਵੀ ਇੱਥੋਂ ਦੀਆਂ ਆਰਮਡ ਫੌਰਸਜ਼ ਵਿਚ ਸਲਾਹੁਣਯੋਗ ਭੂਮਿਕਾ ਨਿਭਾ ਰਹੇ ਹਨ।

Be the first to comment

Leave a Reply