ਐੱਨ.ਆਰ.ਆਈਜ਼ ਕਰ ਰਹੇ ਹਨ ਭਾਰਤੀ ਕੁੜੀਆਂ ਨਾਲ ਧੋਖਾ

ਨਵੀਂ ਦਿੱਲੀ— ਭਾਰਤ ਦੇ ਕਈ ਸੂਬਿਆਂ ਵਿਚ ਜਿਥੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਬਹੁਤ ਕ੍ਰੇਜ਼ ਹੈ, ਉਥੇ ਕੁੜੀਆਂ ਵੀ ਆਪਣੇ ਚੰਗੇ ਭਵਿੱਖ ਲਈ ਐੱਨ.ਆਰ.ਆਈਜ਼ ਨੌਜਵਾਨਾਂ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹਨ ਪਰ ਇਨ੍ਹਾਂ ਐੱਨ.ਆਰ.ਆਈਜ਼ ਨੌਜਵਾਨਾਂ ਨਾਲ ਵਿਆਹ ਕਰਕੇ ਕਈ ਕੁੜੀਆਂ ਆਪਣਾ ਸਭ ਕੁਝ ਗੁਆ ਚੁੱਕੀਆਂ ਹਨ।

ਕਾਰਗਰ ਕਾਨੂੰਨ ਬਣਾਉਣ ਦੀ ਮੰਗ
ਕੁੜੀਆਂ ਐੱਨ. ਆਰ. ਆਈ. ਨੌਜਵਾਨਾਂ ਵਲੋਂ ਵਿਆਹ ਦੇ ਨਾਂ ‘ਤੇ ਧੋਖਾਦੇਹੀ ਅਤੇ ਤਲਾਕ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਪੀੜਤ ਕੁੜੀਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਨਾਲ ਇਸ ਸਬੰਧ ਵਿਚ ਕਾਰਗਰ ਕਾਨੂੰਨ ਬਣਾਉਣ ਸਬੰਧੀ ਜਵਾਬ ਮੰਗਿਆ ਹੈ। ਕਈ ਮਾਮਲਿਆਂ ਵਿਚ ਐੱਨ. ਆਰ. ਆਈ ਪਤੀ ਵਿਆਹ ਦੇ ਕੁਝ ਦਿਨਾਂ ਬਾਅਦ ਵਿਦੇਸ਼ ਫਰਾਰ ਹੋ ਗਏ ਅਤੇ ਪਤਨੀਆਂ ਨੂੰ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਸਹੁਰਿਆਂ ਨੇ ਘਰੋਂ ਬਾਹਰ ਕੱਢ ਦਿੱਤਾ।

ਭਾਰਤ ‘ਚ ਐੱਨ. ਆਰ. ਆਈ. ਮਰਦਾਂ ਨੂੰ 48 ਘੰਟੇ ਦੇ ਅੰਦਰ ਕਰਵਾਉਣੀ ਹੋਵੇਗੀ ਮੈਰਿਜ ਰਜਿਸਟ੍ਰੇਸ਼ਨ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਭਾਰਤ ਵਿਚ ਕੁੜੀਆਂ ਦੀ ਐੱਨ.ਆਰ.ਆਈ. ਮਰਦਾਂ ਨਾਲ ਵਿਆਹ ਦੀ 48 ਘੰਟੇ ਵਿਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਅਜਿਹਾ ਨਾ ਕਰਨ ‘ਤੇ ਪਾਸਪੋਰਟ ਅਤੇ ਵੀਜ਼ਾ ਜਾਰੀ ਨਹੀਂ ਕੀਤੇ ਜਾਣਗੇ। ਵੈਸੇ ਭਾਰਤ ਵਿਚ ਵਿਆਹ ਦੇ ਰਜਿਸਟ੍ਰੇਸ਼ਨ ਲਈ ਕੋਈ ਸਮਾਂ ਹੱਦ ਤੈਅ ਨਹੀਂ ਹੈ, ਹਾਲਾਂਕਿ ਕਮਿਸ਼ਨ ਦੀ ਇਕ ਰਿਪੋਰਟ ਵਿਚ ਸਿਫਾਰਸ਼ ਕੀਤੀ ਗਈ ਹੈ ਕਿ ਵਿਆਹ ਦੇ 30 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਨੂੰ ਜ਼ਰੂਰੀ ਬਣਾਇਆ ਜਾਵੇ ਅਤੇ ਇਸ ਸਮਾਂ ਹੱਦ ਤੋਂ ਬਾਅਦ ਰੋਜ਼ਾਨਾ 5 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਲਾਇਆ ਜਾਵੇਗਾ।

ਇਕੱਲੇ ਪੰਜਾਬ ‘ਚ ਦਰਜ ਹਨ 27000 ਸ਼ਿਕਾਇਤਾਂ
ਪੰਜਾਬ ਦੀ ਸੋਸ਼ਲ ਐਕਟੀਵਿਸਟ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਕੱਲੇ ਪੰਜਾਬ ਵਿਚ ਐੱਨ. ਆਰ. ਆਈ. ਔਰਤਾਂ ਨਾਲ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੂੰ ਧੋਖੇ ਨਾਲ ਛੱਡ ਕੇ ਫਰਾਰ ਹੋਣ ਅਤੇ ਧੋਖੇ ਨਾਲ ਵਿਦੇਸ਼ਾਂ ਦੀਆਂ ਅਦਾਲਤਾਂ ਤੋਂ ਇਕ ਪੱਖੀ ਤਲਾਕ ਲੈਣ ਨਾਲ ਜੁੜੀਆਂ 27000 ਸ਼ਿਕਾਇਤਾਂ ਦਰਜ ਹੋਈਆਂ ਹਨ ਪਰ ਇਨ੍ਹਾਂ ਸ਼ਿਕਾਇਤਾਂ ‘ਤੇ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ, ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂਂ ਹੈ। ਉਥੇ ਐੱਨ. ਆਰ. ਆਈ. ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਤੰਗ ਕੀਤੀਆਂ ਔਰਤਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ।

ਦੇਸ਼ ਦੇ ਹੋਰ ਸੂਬਿਆਂ ‘ਚ ਵੀ ਮੁਟਿਆਰਾਂ ਧੋਖੇ ਦਾ ਸ਼ਿਕਾਰ
ਲਖਨਊ ਦੀ ਜੁਬੀ ਜੈਦੀ ਨੇ ਦੱਸਿਆ ਕਿ ਐੱਨ. ਆਰ. ਆਈ. ਨੌਜਵਾਨਾਂ ਵਲੋਂ ਤਲਾਕ ਅਤੇ ਧੋਖਾ ਦੇਣ ਦੇ ਮਾਮਲੇ ਵਿਚ ਵਿਦੇਸ਼ ਮੰਤਰਾਲਾ ਦੀ ਦਖਲ-ਅੰਦਾਜ਼ੀ ਨਾਲ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਸਬੰਧੀ 3238 ਸ਼ਿਕਾਇਤਾਂ ਦਰਜ ਹੋਈਆਂ ਹਨ। ਦਿੱਲੀ ਨਿਵਾਸੀ ਸ਼ਿਵਾਲੀ ਨੇ ਦੱਸਿਆ ਕਿ 27 ਫਰਵਰੀ 2017 ਨੂੰ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ 40 ਦਿਨ ਬਾਅਦ ਉਸ ਦਾ ਪਤੀ ਕੈਨੇਡਾ ਚਲਾ ਗਿਆ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਕੇ 6 ਮਾਰਚ 2018 ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਹੁਣ ਘਰ ਵੜਨ ਨਹੀਂ ਦਿੰਦੇ। ਦਿੱਲੀ ਦੀ ਪੂਨਮ ਨਾਲ ਵੀ ਅਜਿਹਾ ਹੀ ਵਾਪਰਿਆ। ਉਸ ਦਾ ਵਿਆਹ ਨੋਇਡਾ ਨਿਵਾਸੀ ਨੌਜਵਾਨ ਨਾਲ ਹੋਇਆ ਸੀ। ਵਿਆਹ ਸਮੇਂ ਉਨ੍ਹਾਂ 6 ਲੱਖ ਰੁਪਏ ਮੰਗੇ ਤੇ ਵਿਆਹ ਤੋਂ 40 ਦਿਨਾਂ ਬਾਅਦ ਕੈਨੇਡਾ ਚਲਾ ਗਿਆ। ਬਾਅਦ ਵਿਚ ਸਹੁਰੇ ਪਰਿਵਾਰ ਨੇ ਹੋਰ ਪੈਸਿਆਂ ਦੀ ਮੰਗ ਕੀਤੀ। ਨਾ ਦੇਣ ‘ਤੇ ਉਸ ਨੂੰ ਘਰੋਂ ਕੱਢ ਦਿੱਤਾ।

ਫਿਜੀ ਦੀ ਔਰਤ ਨਾਲ ਭਾਰਤੀ ਨੇ ਕੀਤਾ ਧੋਖਾ
ਫਿਜੀ ਨਿਵਾਸੀ ਨਤਾਸ਼ਾ ਨੇ ਦੱਸਿਆ ਕਿ 7 ਸਾਲ ਪਹਿਲਾਂ ਉਹ ਬਿਜ਼ਨੈੱਸ ਦੇ ਸਿਲਸਿਲੇ ਵਿਚ ਫਿਜੀ ਤੋਂ ਚਾਂਦਨੀ ਚੌਕ ਦਿੱਲੀ ਆਈ ਸੀ ਅਤੇ ਉਸੇ ਦੌਰਾਨ ਉਸ ਦੀ ਮੁਲਾਕਾਤ ਪ੍ਰਤਾਪ ਸਿੰਘ ਨਾਲ ਹੋਈ। ਉਸ ਦੇ ਬਾਅਦ ਪ੍ਰਤਾਪ ਸਿੰਘ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ 5 ਸਾਲਾਂ ‘ਚ 47 ਲੱਖ ਰੁਪਏ ਲੈ ਲਏ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਪ੍ਰਤਾਪ ਹੋਰਨਾਂ ਕਈ ਕੁੜੀਆਂ ਨਾਲ ਵਿਆਹ ਦੇ ਲਾਰੇ ਲਾ ਚੁੱਕਾ ਹੈ।

ਇਕਮੁੱਠ ਹੋ ਰਹੀਆਂ ਹਨ ਔਰਤਾਂ
ਧੋਖਾਦੇਹੀ ਵਰਗੇ ਇਨ੍ਹਾਂ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ ਔਰਤਾਂ ਇਕਮੁੱਠ ਹੋ ਰਹੀਆਂ ਹਨ। ਐੱਨ. ਆਰ. ਆਈ. ਨੌਜਵਾਨਾਂ ਨਾਲ ਵਿਆਹ ਕਰਨ ਤੋਂ ਬਾਅਦ ਧੋਖੇ ਦਾ ਸ਼ਿਕਾਰ ਹੋਈਆਂ 200 ਤੋਂ ਜ਼ਿਆਦਾ ਔਰਤਾਂ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਮੌਕੇ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਬਰੇਲੀ, ਲਖਨਊ ਸਮੇਤ ਹੋਰ ਥਾਵਾਂ ਤੋਂ ਆਈਆਂ ਕਈ ਔਰਤਾਂ ਨੇ ਆਪਣੀ ਆਪਬੀਤੀ ਬਿਆਨ ਕੀਤੀ

Be the first to comment

Leave a Reply