ਐਨਡੀਪੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਿਆ ਜਾ ਸਕਦਾ ਹੈ : ਜਗਮੀਤ ਸਿੰਘ

ਓਟਵਾ : ਇੱਕ ਸਾਲ ਪਹਿਲਾਂ ਐਨਡੀਪੀ ਦੀ ਲੀਡਰਸ਼ਿਪ ਦੇ ਨਤੀਜੇ ਐਲਾਨੇ ਜਾਣ ਸਮੇਂ ਜਗਮੀਤ ਸਿੰਘ ਨੂੰ ਟੋਰਾਂਟੋ ਦੇ ਇੱਕ ਹੋਟਲ ਵਿੱਚ ਖੁਸ਼ੀ ਵਿੱਚ ਖੀਵੇ ਸਮਰਥਕਾਂ ਵੱਲੋਂ ਚੁੱਕ ਕੇ ਹਵਾ ਵਿੱਚ ਉਛਾਲਿਆ ਗਿਆ ਸੀ।
ਕੁਈਨਜ਼ ਪਾਰਕ ਦੇ ਸਿਆਸਤਦਾਨ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ, ਊਰਜਾ ਨਾਲ ਭਰਪੂਰ ਹਸਤੀ ਦੱਸਿਆ ਗਿਆ ਸੀ ਤੇ ਹੋਰ ਬਹੁਤ ਸਾਰੇ ਵਿਸ਼ੇਸ਼ਣਾ ਨਾਲ ਨਿਵਾਜਿਆ ਗਿਆ ਸੀ। ਇਹ ਵੀ ਆਖਿਆ ਗਿਆ ਸੀ ਕਿ ਇਸ ਤਰ੍ਹਾਂ ਦੀ ਊਰਜਾ ਦੀ ਪਾਰਟੀ ਦੇ ਫੈਡਰਲ ਵਿੰਗ ਨੂੰ ਕਾਫੀ ਲੋੜ ਸੀ। ਉਸ ਤੋਂ ਪਹਿਲਾਂ ਪਾਰਟੀ ਨੂੰ ਫੈਡਰਲ ਪੱਧਰ ਉੱਤੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਪਿਛਲੇ 365 ਦਿਨਾਂ ਵਿੱਚ ਕਾਫੀ ਕੁੱਝ ਬਦਲ ਗਿਆ ਹੈ।
ਭਾਵੇਂ ਜਗਮੀਤ ਸਿੰਘ ਐਨਡੀਪੀ ਆਗੂ ਤਾਂ ਬਣ ਚੁੱਕੇ ਹਨ ਪਰ ਉਨ੍ਹਾਂ ਕੋਲ ਪਾਰਲੀਆਮੈਂਟ ਹਿੱਲ ਉੱਤੇ ਆਪਣਾ ਆਫਿਸ ਤੱਕ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਹਾਊਸ ਆਫ ਕਾਮਨਜ਼ ਵਿੱਚ ਉਨ੍ਹਾਂ ਕੋਲ ਕੋਈ ਸੀਟ ਨਹੀਂ ਹੈ। ਫਿਰ ਵੀ 39 ਸਾਲਾ ਇਹ ਸਿਆਸਤਦਾਨ ਬਾਹਰੋਂ ਪਹਿਲਾਂ ਵਾਂਗ ਹੀ ਮਜ਼ਬੂਤ ਲੱਗਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਨਿਊ ਡੈਮੋਕ੍ਰੈਟਸ ਨੂੰ ਉਸ ਦੀ ਲੀਡਰਸ਼ਿਪ ਨੂੰ ਲੈ ਕੇ ਕਾਫੀ ਚਿੰਤਾ ਹੈ, ਇਸ ਦੇ ਨਾਲ ਹੀ ਪਾਰਟੀ ਦੇ ਭਵਿੱਖ, ਨਿਰਾਸ਼ ਹੋ ਚੁੱਕੇ ਵਰਕਰਾਂ ਤੇ ਫੰਡਰੇਜ਼ਿੰਗ ਵਿੱਚ ਸੁਧਾਰ ਨਾ ਹੋਣ ਕਾਰਨ ਵੀ ਚਿੰਤਾ ਬਣੀ ਹੋਈ ਹੈ। ਪਰ ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਕਦੇ ਵੀ ਆਸਾਨ ਰਸਤਾ ਨਹੀਂ ਚੁਣਿਆ। ਉਨ੍ਹਾਂ ਆਖਿਆ ਕਿ ਹਕੀਕਤ ਇਹ ਹੈ ਕਿ ਉਨ੍ਹਾਂ ਕੋਲ ਕੋਈ ਹੋਰ ਰਾਹੀ ਹੀ ਨਹੀਂ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਪਾਰ ਪਾਉਣ ਦਾ ਰਾਹ ਲੱਭ ਰਹੇ ਹਨ। ਪਾਰਟੀ ਦੀ ਫੰਡਰੇਜਿੰ਼ਗ ਵਿੱਚ ਆਈ ਗਿਰਾਵਟ ਬਾਰੇ ਉਨ੍ਹਾਂ ਆਖਿਆ ਕਿ ਉਹ ਇਸ ਰਾਰੇ ਚਿੰਤਤ ਨਹੀਂ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੀਆਂ ਹਨ।

Be the first to comment

Leave a Reply