ਇੰਜ ਵੀ ਹੋ ਜਾਂਦੇ ਨੇ ਪੁਲਿਸ ਵਲੋਂ ਪਰਚੇ ਦਰਜ

ਅਖ਼ਬਾਰ ਵਿਚ ਇਕ ਖ਼ਬਰ ਪੜ੍ਹਨ ਨੂੰ ਮਿਲੀ ”ਨਾਈਜੀਰੀਅਨ ਹੈਰੋਇਨ ਸਮੇਤ ਗ੍ਰਿਫ਼ਤਾਰ।’ ਖ਼ਬਰ ਪੜ੍ਹੀ ਤਾਂ ਮੇਰੇ ਜ਼ਿਹਨ ਵਿਚ ਨਵੰਬਰ 1984 ਦੇ ਕਾਲੇ ਦਿਨਾਂ ਵਿਚ ਇਕ ਪੁਲਿਸ ਵਾਲੇ ਦੀ ਦਸੀ ਹੋਈ ਗੱਲ ਘੁੰਮ ਗਈ। ਉਨ੍ਹਾਂ ਦਿਨਾਂ ਵਿਚ ਬੈਂਕਾਂ ਵਿਚ ਡਾਕੇ ਪੈਣੇ ਆਮ ਜਿਹੀ ਗੱਲ ਹੋ ਗਈ ਸੀ। ਡਾਕਿਆਂ ਵਿਚ ਕੌਣ ਲੋਕ ਸ਼ਾਮਲ ਹੁੰਦੇ ਸਨ, ਇਹ ਤਾਂ ਰੱਬ ਹੀ ਜਾਣੇ ਪਰ ਸਾਰੇ ਡਾਕੇ ਖਾੜਕੂਆਂ ਦੇ ਖਾਤੇ ਵਿਚ ਹੀ ਪੈਂਦੇ ਸਨ ਜਾਂ ਪਾ ਦਿਤੇ ਜਾਂਦੇ ਸਨ। ਮੈਂ ਨਵਾਂ ਹੀ ਬੈਂਕ ਵਿਚ ਲਗਿਆ ਸੀ ਅਤੇ ਡਿਊਟੀ ਇਕ ਪਿੰਡ ਦੇ ਬੈਂਕ ਦੀ ਬ੍ਰਾਂਚ ਵਿਚ ਸੀ। ਇਹ ਪਿੰਡ ਮੇਨ ਰੋਡ ਤੋਂ ਪੰਜ ਕੁ ਕਿਲੋਮੀਟਰ ਅੰਦਰ ਪੈਂਦਾ ਸੀ। ਸਰਕਾਰ ਨੇ ਬੈਂਕਾਂ ਦੀ ਸੁਰੱਖਿਆ ਹਿਤ ਨੇੜਲੇ ਥਾਣੇ ਦੇ ਦੋ ਪੁਲਿਸ ਆਰਮਡ ਗਾਰਡ ਅਤੇ ਇਲਾਕੇ ਦੇ ਦੋ ਲਾਇਸੰਸੀ ਅਸਲਾਧਾਰਕਾਂ ਦੀ ਡਿਊਟੀ ਬੈਂਕ ਅਹਾਤੇ ਵਿਚ ਲਗਾਈ ਹੋਈ ਸੀ। ਇਕ ਆਰਮਡ ਗਾਰਡ ਬੈਂਕ ਦਾ ਅਪਣਾ ਹੀ ਸੀ। ਪੁਲਿਸ ਮੁਲਾਜ਼ਮਾਂ ਵਿਚ ਇਕ ਹੌਲਦਾਰ ਅੰਮ੍ਰਿਤਸਰ ਇਲਾਕੇ ਦਾ ਸੀ ਜੋ ਪੰਜ ਚਾਰ ਦਿਨਾਂ ਬਾਅਦ ਰੋਟੇਸ਼ਨ ਵਿਚ ਬੈਂਕ ‘ਚ ਡਿਊਟੀ ਵਾਸਤੇ ਆਉਂਦਾ ਸੀ। ਉਸ ਪਿੰਡ ਦਾ ਇਕ ਪਿਛੜੀ ਜਾਤੀ ਦਾ ਅਰਜਨ ਨਾਮ ਦਾ (ਕਲਪਿਤ ਨਾਮ) ਮਸ਼ਹੂਰ ਨਸ਼ਾ ਵੇਚਣ ਵਾਲਾ ਸੀ। ਉਸ ਦੇ ਕਹਿਣ ਮੁਤਾਬਕ ਉਸ ਉਤੇ ਨਸ਼ਾ ਵੇਚਣ ਵਾਲੇ ‘ਤੇ ਅੱਠ ਦਸ ਕੇਸ ਚਲਦੇ ਸਨ ਪਰ ਉਹ ਜ਼ਮਾਨਤ ‘ਤੇ ਬਾਹਰ ਆ ਕੇ ਧੜੱਲੇ ਨਾਲ ਨਸ਼ੇ ਦਾ ਕਾਰੋਬਾਰ ਕਰਦਾ ਸੀ। ਉਸ ਦੇ ਖਾਤੇ ਵਿਚ ਕਾਫ਼ੀ ਮੋਟੀ ਰਕਮ ਹਰ ਸਮੇਂ ਪਈ ਰਹਿੰਦੀ ਸੀ। ਕਈ ਵਾਰੀ ਉਹ ਪੈਸੇ ਦੇ ਲੈਣ ਦੇਣ ਸਬੰਧੀ ਬੈਂਕ ਆਉਂਦਾ ਤਾਂ ਸਾਡੇ ਨਾਲ ਖੁਲ੍ਹੀਆਂ ਗੱਲਾਂ ਕਰ ਲੈਂਦਾ। ਉਸ ਨੇ ਦਸਿਆ ਕਿ ਉਸ ਨੇ ਨਸ਼ੇ ਦੇ ਕਾਰੋਬਾਰ ਨਾਲ 12-13 ਕਿੱਲੇ ਜ਼ਮੀਨ ਖ਼ਰੀਦੀ ਹੈ। ਮੁਰੱਬੇ ਤੋਂ ਤਿੰਨ ਚਾਰ ਕਿੱਲੇ ਘੱਟ ਹਨ, ਖ਼ਰੀਦ ਕੇ ਮੁਰੱਬਾ ਪੂਰਾ ਕਰਨਾ ਹੈ। ਜਿਸ ਦਿਨ ਮੁਰੱਬਾ ਪੂਰਾ ਹੋ ਗਿਆ ਤਾਂ ਸਾਰੇ ਕੇਸ ਪਵਾ ਕੇ ਜੇਲ ਵਿਚ ਬੈਠ ਜਾਵਾਂਗਾ। ਮੇਰੀ ਤਾਂ ਜ਼ਿੰਦਗੀ ਜਿਵੇਂ ਕਿਵੇਂ ਲੰਘ ਹੀ ਗਈ ਹੈ, ਨਿਆਣੇ ਤਾਂ ਐਸ਼ ਕਰਨਗੇ। ਕਿਸੇ ਨੇ ਉਸ ਨੂੰ ਪੁਛਣਾ ਕਿ ਜਦੋਂ ਪੁਲਿਸ ਕੁਟਦੀ ਹੈ ਤਾਂ ਸੱਟ ਤਾਂ ਲਗਦੀ ਹੋਣੀ ਐ ਤਾਂ ਉਸ ਨੇ ਕਹਿਣਾ, ”ਹੁਣ ਤਾਂ ਪੁਲਿਸ ਕੁੱਟਦੀ ਹੀ ਨਹੀਂ, ਜਾਣ ਪਛਾਣ ਹੀ ਏਨੀ ਵਧ ਗਈ ਹੈ ਪਰ ਜੇ ਕੋਈ ਨਵਾਂ

ਬੰਦਾ ਆ ਜਾਵੇ ਤੇ ਕੁਟਣ ਲੱਗ ਜਾਵੇ ਤਾਂ ਮੈਂ ਉਸ ਨੂੰ ਗਾਲ੍ਹਾਂ ਕੱਢੀ ਜਾਂਦਾ ਹਾਂ। ਪੰਜ ਸੱਤ ਡੰਡੇ ਪੈਣ ਤੋਂ ਬਾਅਦ ਸ੍ਰੀਰ ਸੁੰਨ ਹੋ ਜਾਂਦਾ ਹੈ, ਫਿਰ ਨੀਂ ਪਤਾ ਲਗਦਾ। ਮੇਰੀ ਖ਼ੁਰਾਕ ਵੀ ਵੱਧ ਹੈ। ਜਾਨ ਕਰ ਕੇ ਪੰਜ ਚਾਰ ਦਿਨਾਂ ਵਿਚ ਹੀ ਠੀਕ ਹੋ ਜਾਂਦਾ ਹਾਂ। ਕਦੇ-ਕਦੇ ਜੇ ਜ਼ਰੂਰੀ ਹੋ ਜਾਵੇ ਤਾਂ ਪੁਲਿਸ ਵਾਲੇ ਸਹਿਮਤੀ ਨਾਲ ਛੋਟਾ ਮੋਟਾ ਕੇਸ ਵੀ ਪਾ ਦਿੰਦੇ ਹਨ।” ਅਸੀ ਉਸ ਦੀਆਂ ਗੱਲਾਂ ਸੁਣ ਕੇ ਅਚੰਭੇ ਵਿਚ ਪੈ ਜਾਂਦੇ ਕਿ ਇਹ ਕਿਹੋ ਜਿਹੀ ਜ਼ਿੰਦਗੀ ਹੈ। ਅੰਮ੍ਰਿਤਸਰੀਆ ਹੌਲਦਾਰ ਵੀ ਕਦੇ-ਕਦੇ ਸਾਡੇ ਨਾਲ ਖੁਲ੍ਹ ਕੇ ਗੱਲਾਂ ਕਰ ਲੈਂਦਾ। ਉਹ ਕਹਿੰਦਾ ਕਿ ਵੈਸੇ ਤਾਂ ਅਸੀ ਇਹ ਗੱਲਾਂ ਕਿਸੇ ਨੂੰ ਦਸਦੇ ਨਹੀਂ ਪਰ ਤੁਸੀ ਬੈਂਕਾਂ ਵਾਲੇ ਤਾਂ ਸ਼ਰੀਫ਼ ਹੁੰਦੇ ਹੋ ਇਸ ਲਈ ਦੱਸ ਦਿੰਦਾਂ। ”ਸਾਨੂੰ ਮਹੀਨੇ ਦਾ ਕੋਟਾ ਮਿਲਦਾ ਹੈ ਕਿ ਜੇ ਤਰੱਕੀ ਲੈਣੀ ਹੈ ਤਾਂ ਏਨੇ ਕੇਸ ਮਹੀਨੇ ਦੇ ਕਰਨੇ ਹੀ ਕਰਨੇ ਹਨ। ਕੇਸ ਤਾਂ ਵਾਧੂ ਹੋ ਜਾਣ ਪਰ ਜਦੋਂ ਅਸੀ ਕਿਸੇ ਪਿੰਡ ਵਾਲੇ ਨੂੰ ਫੜ ਲੈਂਦੇ ਹਾਂ ਤੇ ਉਸ ਕੋਲੋਂ ਮਾਲ ਵੀ ਫੜਿਆ ਜਾਂਦਾ ਹੈ। ਉਂਜ ਤਾਂ ਪਿੰਡ ਵਿਚ ਹੀ ਉਸ ਨੂੰ ਛਡਣਾ ਪੈ ਜਾਂਦਾ ਹੈ, ਨਹੀਂ ਤਾਂ ਥਾਣੇ ਪਹੁੰਚਦਿਆਂ-ਪਹੁੰਚਦਿਆਂ ਕਿਸੇ ਨਾ ਕਿਸੇ ਦੀ ਸਿਫ਼ਾਰਸ਼ ‘ਤੇ ਤਾਂ ਛਡਣਾ ਹੀ ਪੈਂਦਾ ਹੈ। ਜੇ ਕੋਈ ਅਫ਼ਸਰ ਅੜਬ ਹੋਵੇ ਤੇ ਛੱਡੇ ਨਾ ਤਾਂ ਕਿਵੇ ਨਾ ਕਿਵੇਂ ਲੋਕਲ ਬੰਦਾ ਅਪਣੀ ਜ਼ਮਾਨਤ ਕਰਵਾ ਹੀ ਲੈਂਦਾ ਹੈ। ਇਸ ਤਰ੍ਹਾਂ ਘੜੰਮ ਚੌਧਰੀਆਂ ਦੀ ਨਾਰਾਜ਼ਗੀ ਵਖਰੀ ਤੇ ਮੁਲਾਜ਼ਮ ਨੂੰ ਵਟ ਚੜ੍ਹਦੈ ਕਿ ਸਾਡੇ ਤੋਂ ਬੰਦਾ ਛੁਟ ਕਿਵੇਂ ਗਿਆ? ਸੋ ਅਸੀ ਕੀ ਕਰਦੇ ਹਾਂ, ਤੁਰੇ ਜਾਂਦੇ ਕਿਸੇ ਭਈਏ ਨੂੰ ਫੜ ਲੈਂਦੇ ਹਾਂ ਤੇ ਉਸ ਨੂੰ ਕਹਿੰਦੇ ਕਿ ਤੂੰ ਦੋ ਰੋਟੀਆਂ ਹੀ ਖਾਣੀਆਂ ਹਨ, ਅੰਦਰ ਹੋਈਆਂ ਕਿ ਬਾਹਰ। ਨਾ ਉਸ ਦੀ ਕੋਈ ਸਿਫ਼ਾਰਸ਼ ਆਉਣੀ, ਨਾ ਕਿਸੇ ਨੇ ਜ਼ਮਾਨਤ ਦੇਣੀ ਤੇ ਸਾਰਾ ਕੇਸ ਪੱਕਾ ਜਾਂ ਫਿਰ ਅਸੀ ਆਹ ਅਰਜਨ (ਨਸ਼ੇ ਵੇਚਣ ਵਾਲਾ) ਵਰਗਿਆਂ ‘ਤੇ ਕੇਸ ਪਾ ਕੇ ਕੋਟਾ ਪੂਰਾ ਕਰਦੇ ਹਾਂ।” ਸੱਚ ਝੂਠ ਤਾਂ ਰੱਬ ਜਾਣੇ ਜਾਂ ਉਹ ਹੌਲਦਾਰ ਪਰ ਅਸੀ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੁੰਦੇ ਕਿ ਇਹ ਵੀ ਨੌਕਰੀ ਹੈ। ਨਾਈਜੀਰੀਅਨ ਵਾਲੀ ਖ਼ਬਰ ਪੜ੍ਹ ਕੇ ਮੇਰੇ ਸਾਹਮਣੇ ਉਸ ਹੌਲਦਾਰ ਦੀਆਂ ਤਿੰਨ ਦਹਾਕੇ ਤੋਂ ਵੀ ਪੁਰਾਣੀਆਂ ਗੱਲਾਂ ਮਨ ਵਿਚ ਆ ਗਈਆਂ।

ਉਸ ਸਮੇਂ ਤਾਂ ਦੂਜਾ ਪਿੰਡ ਹੀ ਦੂਜੀ ਸਟੇਟ ਵਾਂਗ ਹੁੰਦਾ ਸੀ। ਸੰਚਾਰ ਸਾਧਨ ਬਹੁਤ ਸੀਮਤ ਸਨ। ਅਜਕਲ ਤਾਂ ਦੁਨੀਆਂ ਵਿਚ ਸੰਚਾਰ ਸਾਧਨਾਂ ਦੀ ਬਹੁਤਾਤ ਹੋਣ ਕਰ ਕੇ ਇਕ ਪਿੰਡ ਜਾਂ ਸ਼ਹਿਰ ਵਾਂਗ ਹੋ ਗਈ ਹੈ। ਅਜ ਤਾਂ ਸ਼ਾਇਦ ਇਹ ਗੱਲਾਂ ਕਿਸੇ ਨੂੰ ਓਪਰੀਆਂ ਵੀ ਲਗਦੀਆਂ ਹੋਣ ਪਰ ਸਮੇਂ ਦਾ ਪਹੀਆ ਤਾਂ ਨਿਰੰਤਰ ਚਲਦਾ ਹੈ ਅਤੇ ਤਬਦੀਲੀ ਲਗਾਤਾਰ ਹੋ ਰਹੀ ਹੈ।-ਸਪੋਕਸਮੈਨ

Be the first to comment

Leave a Reply